ਮੁਗੁਰੂਜਾ ਨੇ ਸੱਟ ਦੇ ਬਾਵਜੂਦ ਕਾਰਨੇਟ ਨੂੰ ਹਰਾਇਆ
ਸਪੇਨ ਦੀ ਗਰਬਾਈਨ ਮੁਗੁਰੂਜਾ ਨੇ ਨਵੇਂ ਸੈਸ਼ਨ 'ਚ ਸਿੰਗਲ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ......
ਪਰਥ : ਸਪੇਨ ਦੀ ਗਰਬਾਈਨ ਮੁਗੁਰੂਜਾ ਨੇ ਨਵੇਂ ਸੈਸ਼ਨ 'ਚ ਸਿੰਗਲ 'ਚ ਆਪਣੀ ਪਹਿਲੀ ਜਿੱਤ ਦਰਜ ਕੀਤੀ ਪਰ ਹੋਪਮੈਨ ਕੱਪ ਟੈਨਿਸ ਟੂਰਨਾਮੈਂਟ ਦੇ ਇਸ ਮੈਚ ਦੇ ਦੌਰਾਨ ਉਹ ਸੱਟ ਦਾ ਸ਼ਿਕਾਰ ਵੀ ਹੋ ਗਈ ਸੀ। 2 ਵਾਰ ਦੀ ਗ੍ਰੈਂਡਸਲੈਮ ਚੈਂਪੀਅਨ ਅਤੇ ਵਿਸ਼ਵ 'ਚ 18ਵੇਂ ਨੰਬਰ ਦੀ ਇਹ ਖਿਡਾਰਨ ਇਸ ਤੋਂ ਪਹਿਲਾਂ ਦੋਵੇਂ ਸਿੰਗਲ ਮੈਚ ਐਂਜਲਿਕ ਕਰਬਰ ਅਤੇ ਐਸ਼ਲੀਗ ਬਾਰਟੀ ਤੋਂ ਹਾਰ ਗਈ ਸੀ। ਉਨ੍ਹਾਂ ਨੇ ਹਾਲਾਂਕਿ ਪੱਟ 'ਚ ਸੱਟ ਦੇ ਬਾਵਜੂਦ ਫਰਾਂਸ ਦੀ ਐਲਾਈਜ਼ ਕਾਰਨੇਟ ਨੂੰ 6-1, 6-3 ਨਾਲ ਹਰਾਇਆ।
ਸਪੇਨ ਦੀ ਇਸ ਖਿਡਾਰਨ ਨੇ ਆਪਣਾ ਅੰਤਿਮ ਮੁਕਾਬਲਾ 2-1 ਨਾਲ ਜਿੱਤਿਆ। ਮੁਗੁਰੂਜਾ ਅਤੇ ਡੇਵਿਡ ਫੇਰਰ ਦੀ ਉਸ ਦੀ ਟੀਮ ਫਾਈਨਲ ਦੀ ਦੌੜ 'ਚੋਂ ਪਹਿਲਾਂ ਹੀ ਬਾਹਰ ਹੋ ਗਈ ਹੈ। ਫੇਰਰ ਨੇ ਪੁਰਸ਼ ਸਿੰਗਲ 'ਚ ਲੁਕਾਸ ਪੋਉਲੀ ਨੂੰ 6-4, 6-7 (5/7), 7-6 (7/2) ਨਾਲ ਹਰਾ ਕੇ ਟੀਮ ਨੂੰ ਸ਼ੁਰੂਆਤੀ ਬੜ੍ਹਤ ਦਿਵਾਈ ਸੀ। ਮੁਗੂਰੂਜਾ ਸੱਟ ਦਾ ਸ਼ਿਕਾਰ ਹੋਣ ਕਾਰਨ ਮਿਕਸਡ ਡਬਲਜ਼ 'ਚ ਖੇਡਣ ਲਈ ਉਪਲਬਧ ਨਹੀਂ ਸੀ ਅਤੇ ਇਸ ਲਈ ਸਪੇਨ ਦੀ ਜਿੱਤ ਦਾ ਫਰਕ 2-1 ਹੋ ਗਿਆ।