ਚੈਂਪੀਅਨਜ਼ ਟਰਾਫ਼ੀ : ਦਖਣੀ ਅਫ਼ਰੀਕਾ ਨੂੰ ਹਰਾ ਕੇ ਫ਼ਾਈਨਲ ’ਚ ਪਹੁੰਚਿਆ ਨਿਊਜ਼ੀਲੈਂਡ

ਏਜੰਸੀ

ਖ਼ਬਰਾਂ, ਖੇਡਾਂ

9 ਮਾਰਚ ਨੂੰ ਫ਼ਾਈਨਲ ’ਚ ਭਾਰਤ ਨਾਲ ਭਿੜੇਗਾ

Kane Williamson

ਲਾਹੌਰ : ਚੈਂਪੀਅਨਜ਼ ਟਰਾਫ਼ੀ ਦਾ ਸੈਮੀਫ਼ਾਈਨਲ 2 ਅੱਜ ਦਖਣੀ ਅਫ਼ਰੀਕਾ ਤੇ ਨਿਊਜ਼ੀਲੈਂਡ ਦਰਮਿਆਨ ਲਾਹੌਰ ਦੇ ਗੱਦਾਫ਼ੀ ਸਟੇਡੀਅਮ ’ਚ ਖੇਡਿਆ ਗਿਆ। ਨਿਊਜ਼ੀਲੈਂਡ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਰਚਿਨ ਰਵਿੰਦਰਾ ਤੇ ਕੇਨ ਵਿਲੀਅਮਸਨ ਦੇ ਸੈਂਕੜਿਆਂ ਦੀ ਬਦੌਲਤ ਨਿਊਜ਼ੀਲੈਂਡ ਨੇ 50 ਓਵਰਾਂ ’ਚ 6 ਵਿਕਟਾਂ ਗੁਆ ਕੇ 362 ਦੌੜਾਂ ਬਣਾਈਆਂ ਤੇ ਦਖਣੀ ਅਫ਼ਰੀਕਾ ਨੂੰ ਜਿੱਤ ਲਈ 363 ਦੌੜਾਂ ਦਾ ਟੀਚਾ ਦਿਤਾ। ਰਚਿਨ ਰਵਿੰਦਰਾ ਨੇ 108 ਦੌੜਾਂ, ਕੇਨ ਵਿਲੀਅਮਸਨ ਨੇ 102 ਦੌੜਾਂ, ਡੇਰਿਲ ਮਿਸ਼ੇਲ ਨੇ 49 ਦੌੜਾਂ  ਤੇ ਗਲੇਨ ਫਿਲਿਪਸ ਨੇ 49 ਦੌੜਾਂ ਬਣਾਈਆਂ। ਦੱਖਣੀ ਅਫਰੀਕਾ ਲਈ ਲੁੰਗੀ ਐਨਗਿਡੀ ਨੇ 3, ਕਗਿਸੋ ਰਬਾਡਾ ਨੇ 2 ਤੇ ਵਿਆਨ ਮੁਡਲਰ ਨੇ 1 ਵਿਕਟਾਂ ਲਈਆਂ। 

ਇਸ ਤੋਂ ਬਾਅਦ ਬੱਲੇਬਾਜ਼ੀ ਕਰਨ ਉਤਰੀ ਦਖਣੀ ਅਫ਼ਰੀਕਾ ਦੀ ਟੀਮ ਪਹਾੜ ਜਿੱਡੇ ਸਕੋਰ ਦਾ ਦਬਾਅ ਨਾਲ ਝੱਲ ਸਕੀ। ਉਸ ਦਾ ਸਲਾਮੀ ਬੱਲੇਬਾਜ਼ 20 ਦੇ ਸਕੋਰ ’ਤੇ ਹੀ ਆਊਟ ਹੋ ਗਿਆ। ਇਸ ਤੋਂ ਬਾਅਦ ਕਪਤਾਨ ਬਵੂਮਾ ਨੇ ਭਾਵੇਂ ਟੀਮ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ ਪਰ ਰਨ ਗਤੀ ਹੌਲੀ ਹੋਣ ਲੱਗੀ ਤੇ ਦਬਾਅ ਦਖਣੀ ਅਫ਼ਰੀਕੀ ਟੀਮ ’ਤੇ ਆ ਗਿਆ। ਅੰਤ ਟੀਮ ਨਿਊਜ਼ੀਲੈਂਡ ਅੱਗੇ ਗੋਡੇ ਟੇਕ ਗਈ। 363 ਦੌੜਾਂ ਦੇ ਟੀਚੇ ਦਾ ਪਿੱਛਾ ਕਰਦਿਆਂ ਟੀਮ 312 ਦੌੜਾਂ ਹੀ ਬਣਾ ਸਕੀ। ਦਖਣੀ ਅਫ਼ਰੀਕਾ ਲਈ ਤੇਂਬਾ ਬਾਵੂਮਾ ਨੇ 56, ਰੇਸੀ ਡੁਸਾਨ ਨੇ 69 ਅਤੇ ਡੇਵਿਡ ਮਿੱਲਰ ਨੇ ਸਭ ਤੋਂ ਜ਼ਿਆਦਾ 100 ਦੌੜਾਂ ਬਣਾਈਆਂ। 

ਹੁਣ ਨਿਊਜ਼ੀਲੈਂਡ 9 ਮਾਰਚ ਨੂੰ ਭਾਰਤ ਨਾਲ ਭਿੜੇਗਾ।