ਸਿਰਾਜ ਦੀ ਸਵਿੰਗ, ਹਮਲਾਵਰ ਤੇਵਰਾਂ ਨੇ ਰਾਇਲ ਚੈਲੇਂਜਰਜ਼ ਬੈਂਗਲੁਰੂ ਅਤੇ ਭਾਰਤ ਦੀਆਂ ਉਮੀਦਾਂ ਵਧਾਈਆਂ

ਏਜੰਸੀ

ਖ਼ਬਰਾਂ, ਖੇਡਾਂ

ਗੁਜਰਾਤ ਟਾਈਟਨਜ਼ ਵਿਰੁਧ ਮੈਚ ’ਚ ‘ਪਲੇਅਰ ਆਫ਼ ਦ ਮੈਚ’ ਰਹੇ ਸਨ ਸਿਰਾਜ

Mohammad Siraj

ਬੇਂਗਲੁਰੂ: ਮੁਹੰਮਦ ਸਿਰਾਜ ਦੀ ਫਾਰਮ ’ਚ ਵਾਪਸੀ ਨੇ ਵੀ ਇਸ ਆਈ.ਪੀ.ਐਲ. ’ਚ ਰਾਇਲ ਚੈਲੇਂਜਰਜ਼ ਬੈਂਗਲੁਰੂ ਦੀ ਵਾਪਸੀ ’ਚ ਅਹਿਮ ਭੂਮਿਕਾ ਨਿਭਾਈ ਹੈ ਅਤੇ ਇਸ ਤੇਜ਼ ਗੇਂਦਬਾਜ਼ ਦੇ ਚੰਗੇ ਪ੍ਰਦਰਸ਼ਨ ਨੇ ਅਗਲੇ ਮਹੀਨੇ ਹੋਣ ਵਾਲੇ ਟੀ-20 ਵਿਸ਼ਵ ਕੱਪ ਤੋਂ ਪਹਿਲਾਂ ਭਾਰਤੀ ਟੀਮ ਪ੍ਰਬੰਧਨ ਨੂੰ ਰਾਹਤ ਦਿਤੀ ਹੋਵੇਗੀ। ਸਿਰਾਜ ਨੇ ਆਈ.ਪੀ.ਐਲ. ’ਚ ਗੁਜਰਾਤ ਟਾਈਟਨਜ਼ ਵਿਰੁਧ ਪਾਵਰ ਪਲੇਅ ਦੌਰਾਨ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਦੀਆਂ ਵਿਕਟਾਂ ਲਈਆਂ ਸਨ। 

ਉਸ ਨੇ ਅਪਣੇ ਪਹਿਲੇ ਦੋ ਓਵਰਾਂ ’ਚ ਨੌਂ ਦੌੜਾਂ ਦੇ ਕੇ ਦੋ ਵਿਕਟਾਂ ਲਈਆਂ ਜੋ ਨਿਸ਼ਚਤ ਤੌਰ ’ਤੇ ਕੌਮੀ ਟੀਮ ਨੂੰ ਮਜ਼ਬੂਤ ਕਰੇਗੀ ਕਿਉਂਕਿ ਉਸ ਦੇ ਆਈ.ਸੀ.ਸੀ. ਵੱਕਾਰੀ ਟੂਰਨਾਮੈਂਟ ’ਚ ਜਸਪ੍ਰੀਤ ਬੁਮਰਾਹ ਨਾਲ ਨਵੀਂ ਗੇਂਦ ਸਾਂਝੀ ਕਰਨ ਦੀ ਉਮੀਦ ਹੈ। ਆਰ.ਸੀ.ਬੀ. ਦੇ ਸਹਾਇਕ ਕੋਚ ਐਡਮ ਗ੍ਰਿਫਿਥ, ਜੋ ਪਿਛਲੇ ਪੰਜ ਸਾਲਾਂ ਤੋਂ ਸਿਰਾਜ ਨਾਲ ਕੰਮ ਕਰ ਰਹੇ ਹਨ, ਨੇ ਇਸ ਤਬਦੀਲੀ ਦਾ ਕਾਰਨ ‘ਗੇਂਦ ਨੂੰ ਦੁਬਾਰਾ ਸਵਿੰਗ ਕਰਵਾਉਣਾ’ ਦਸਿਆ । 

ਗ੍ਰਿਫਿਥ ਨੇ ਟਾਈਟਨਜ਼ ਵਿਰੁਧ ਆਰ.ਸੀ.ਬੀ. ਦੀਆਂ ਚਾਰ ਵਿਕਟਾਂ ਨਾਲ ਜਿੱਤ ਤੋਂ ਬਾਅਦ ਕਿਹਾ, ‘‘ਉਹ ਸਾਡੀ ਟੀਮ ਦਾ ਲੀਡਰ ਹੈ। ਉਸ ਨੇ ਪਿਛਲੇ ਕੁੱਝ ਸਾਲਾਂ ’ਚ ਭਾਰਤ ਲਈ ਬਹੁਤ ਸਾਰੇ ਮੈਚ ਖੇਡੇ ਹਨ ਅਤੇ ਚੰਗਾ ਪ੍ਰਦਰਸ਼ਨ ਕੀਤਾ ਹੈ। ਇਹ ਸਿਰਫ ਉਸ ਦੀ ਚੰਗੀ ਗੇਂਦਬਾਜ਼ੀ ਨਹੀਂ ਹੈ, ਇਹ ਉਸ ਦੀ ਹਮਲਾਵਰਤਾ, ਉਸ ਦੀ ਸਰੀਰਕ ਭਾਸ਼ਾ, ਵਿਕਟਾਂ ਲੈਣ ਦੀ ਕੋਸ਼ਿਸ਼ ਕਰਨਾ ਹੈ। ਇਹ ਉਸ ਚੀਜ਼ ਦਾ ਇਕ ਮਹੱਤਵਪੂਰਨ ਹਿੱਸਾ ਹੈ ਜੋ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ।’’ ਉਨ੍ਹਾਂ ਕਿਹਾ, ‘‘ਸਾਡੇ ਲਈ ਉਸ ਦਾ ਗੇਂਦ ਨੂੰ ਦੁਬਾਰਾ ਸਵਿੰਗ ਕਰਨਾ, ਚੰਗੀ ਰਫਤਾਰ ਨਾਲ ਗੇਂਦਬਾਜ਼ੀ ਕਰਨਾ ਅਤੇ ਹਮਲਾਵਰ ਹੋਣਾ ਬਹੁਤ ਮਹੱਤਵਪੂਰਨ ਹੈ।’’ 

ਆਤਮਵਿਸ਼ਵਾਸ ਅਤੇ ਕਦੇ ਹਾਰ ਨਾ ਮੰਨਣ ਵਾਲਾ ਰਵੱਈਆ ਸਿਰਾਜ ਦੀ ਅਸਲ ਤਾਕਤ : ਗਾਵਸਕਰ 

ਬੈਂਗਲੁਰੂ: ਰਾਇਲ ਚੈਲੇਂਜਰਜ਼ ਬੈਂਗਲੁਰੂ ਨੇ ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ’ਚ ਗੁਜਰਾਤ ਟਾਈਟੰਸ ਨੂੰ ਚਾਰ ਵਿਕਟਾਂ ਨਾਲ ਹਰਾਉਣ ਤੋਂ ਬਾਅਦ ਮਹਾਨ ਬੱਲੇਬਾਜ਼ ਸੁਨੀਲ ਗਾਵਸਕਰ ਨੇ ਕਿਹਾ ਕਿ ਮੁਹੰਮਦ ਸਿਰਾਜ ਦਾ ਆਤਮਵਿਸ਼ਵਾਸ ਅਤੇ ਕਦੇ ਹਾਰ ਨਾ ਮੰਨਣ ਵਾਲਾ ਰਵੱਈਆ ਉਨ੍ਹਾਂ ਦੀ ਅਸਲ ਤਾਕਤ ਹੈ। ਪਾਵਰਪਲੇਅ ’ਚ ਸਿਰਾਜ ਨੇ ਦੋ ਵਿਕਟਾਂ ਲੈ ਕੇ ਸ਼ੁਭਮਨ ਗਿੱਲ ਅਤੇ ਰਿਧੀਮਾਨ ਸਾਹਾ ਨੂੰ ਪਵੇਲੀਅਨ ਭੇਜਿਆ, ਜਿਸ ਨਾਲ ਟਾਈਟਨਜ਼ ਨੇ ਸਨਿਚਰਵਾਰ ਨੂੰ 19.3 ਓਵਰਾਂ ’ਚ ਸਿਰਫ 147 ਦੌੜਾਂ ਬਣਾਈਆਂ। 

ਗਾਵਸਕਰ ਨੇ ਸਟਾਰ ਸਪੋਰਟਸ ਕ੍ਰਿਕਟ ਲਾਈਵ ’ਤੇ ਕਿਹਾ, ‘‘ਜਦੋਂ ਵੀ ਤੁਸੀਂ ਮੁਹੰਮਦ ਸਿਰਾਜ ਨੂੰ ਵੇਖਦੇ ਹੋ ਤਾਂ ਤੁਸੀਂ ਜਾਣਦੇ ਹੋ ਕਿ ਉਹ ਅਪਣੀ ਜਾਨ ਲਗਾ ਦੇਵੇਗਾ। ਉਸ ਸਮੇਂ ਨੂੰ ਯਾਦ ਕਰੋ ਜਦੋਂ ਉਸ ਦੇ ਪਿਤਾ ਦੀ ਮੌਤ ਹੋ ਗਈ ਸੀ ਜਦੋਂ ਉਹ ਆਸਟਰੇਲੀਆ ’ਚ ਸੀ। ਉਹ ਖੇਡਦਾ ਰਿਹਾ।’’ 

ਉਨ੍ਹਾਂ ਕਿਹਾ, ‘‘ਬਹੁਤ ਸਾਰੇ ਲੋਕ ਵਾਪਸ ਜਾਣਾ ਚਾਹੁੰਦੇ ਹਨ ਕਿਉਂਕਿ ਤੁਹਾਡੇ ਮਾਪੇ ਤੁਹਾਨੂੰ ਬਹੁਤ ਪਿਆਰੇ ਹਨ। ਪਰ ਮੈਨੂੰ ਲਗਦਾ ਹੈ ਕਿ ਉਸ ਨੂੰ ਅਹਿਸਾਸ ਹੋਇਆ ਕਿ ਭਾਰਤ ਲਈ ਖੇਡਣਾ ਜ਼ਿਆਦਾ ਮਹੱਤਵਪੂਰਨ ਸੀ। ਇਸ ਤੋਂ ਇਲਾਵਾ, ਉਸ ਪੱਧਰ ’ਤੇ ਉਸ ਦੀ ਜਗ੍ਹਾ ਪੱਕੀ ਨਹੀਂ ਸੀ। ਇਕ ਸਥਾਪਤ ਖਿਡਾਰੀ 100 ਫ਼ੀ ਸਦੀ ਚਲਾ ਗਿਆ ਹੁੰਦਾ।’’ 

ਗਾਵਸਕਰ ਨੇ ਕਿਹਾ, ‘‘ਯਾਦ ਰੱਖੋ ਕਿ ਉਸ ਨੇ ਗਾਬਾ ਟੈਸਟ ਮੈਚ ਵਿਚ ਕਿੰਨੀ ਸ਼ਾਨਦਾਰ ਗੇਂਦਬਾਜ਼ੀ ਕੀਤੀ ਸੀ। ਸਟੀਵ ਸਮਿਥ ਵਰਗੇ ਖਿਡਾਰੀ ਨੂੰ ਆਊਟ ਕਰਨਾ ਜਦੋਂ ਉਹ 55 ਦੌੜਾਂ ’ਤੇ ਸੀ। ਇਸ ਲਈ ਮੁਹੰਮਦ ਸਿਰਾਜ ਦੀ ਅਸਲ ਤਾਕਤ ਹੈ ਉਸ ਦਾ ਆਤਮ-ਵਿਸ਼ਵਾਸ ਅਤੇ ਮੈਦਾਨ ’ਤੇ ਕਦੇ ਨਾ ਹਾਰਨ ਵਾਲਾ ਰਵੱਈਆ।’’