ਰੋਨਾਲਡੋ ਨੇ 'ਬੁਲ ਫ਼ਾਈਟਰ' ਨੂੰ ਬਣਾਇਆ ਅਪਣਾ ਅੰਗ-ਰੱਖਿਅਕ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਆਈ.ਐਸ.ਆਈ.ਐਸ. ਸਮੇਤ ਕਈ ਅਤਿਵਾਦੀ ਸੰਗਠਨਾਂ ਦੀਆਂ ਧਮਕੀਆਂ ਤੋਂਬਾਅਦ ਪੁਰਤਗਾਲ ਦੇ ਸ਼ਾਨਦਾਰ ਫ਼ੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਰੂਸ 'ਚ ...

Ronaldo

ਨਵੀਂ ਦਿੱਲੀ, 4 ਜੂਨ: ਆਈ.ਐਸ.ਆਈ.ਐਸ. ਸਮੇਤ ਕਈ ਅਤਿਵਾਦੀ ਸੰਗਠਨਾਂ ਦੀਆਂ ਧਮਕੀਆਂ ਤੋਂਬਾਅਦ ਪੁਰਤਗਾਲ ਦੇ ਸ਼ਾਨਦਾਰ ਫ਼ੁਟਬਾਲਰ ਕ੍ਰਿਸਟਿਆਨੋ ਰੋਨਾਲਡੋ ਨੇ ਰੂਸ 'ਚ ਹੋਣ ਵਾਲੇ ਫ਼ੀਫ਼ਾ ਵਿਸ਼ਵ ਕੱਪ ਲਈ ਇਕ ਖ਼ਾਸ ਆਦਮੀ ਨੂੰ ਅਪਣੇ ਅੰਗ-ਰੱਖਿਅਕ ਵਜੋਂ ਚੁਣਿਆ ਹੈ। ਉਹ ਵਿਅਕਤੀ ਨੰਗੇ ਹੱਥੀਂ ਅੱਧਾ ਟਨ ਵਜ਼ਨੀ ਬੁਲ ਨਾਲ ਟੱਕਰ ਲੈਣ 'ਚ ਮਾਹਰ ਹੈ। ਇਸ ਬੁਲ ਫ਼ਾਈਟਰ ਦਾ ਨਾਮ ਨੁਨੋ ਮਾਰੇਕੋਸ ਹੈ। ਬੁਲ ਫ਼ਾਈਟਿੰਗ ਦੇ ਨਾਲ-ਨਾਲ ਉਹ ਮਿਕਸਡ ਮਾਰਸ਼ਲ ਆਰਟਜ਼ (ਐਮ.ਐਮ.ਏ.) ਫ਼ਾਈਟਰ ਵੀ ਹੈ।

ਮਾਰੇਕੋਸ ਹਾਲ ਹੀ 'ਚ ਕੀਵ 'ਚ ਖੇਡੀ ਗਈ ਚੈਂਪੀਅਨ ਲੀਗ ਫ਼ਾਈਨਲ ਦੌਰਾਨ ਵੀ ਰੋਨਾਲਡੋ ਦੇ ਅੰਗ ਰੱਖਿਅਕ ਦੇ ਤੌਰ 'ਤੇ ਉਥੇ ਮੌਜੂਦ ਸੀ। ਰੋਨਾਲਡੋ ਦੇ ਇਕ ਕਰੀਬੀ ਨੇ ਦਸਿਆ ਕਿ ਰੋਨਾਲਡੋ ਨੂੰ ਬੁਲਫ਼ਾਈਟ ਦੇਖਣਾ ਪਸੰਦ ਹੈ ਅਤੇ ਮਾਰੇਕੋਸ ਦਾ ਸਾਹਸ ਅਤੇ ਤਾਕਤ ਦੇਖਣ ਤੋਂ ਬਾਅਦ ਉਸ ਨੂੰ ਅੰਕ ਰੱਖਿਅਕ ਦੇ ਤੌਰ 'ਤੇ ਚੁਣਿਆ ਗਿਆ ਹੈ।

ਖ਼ਬਰਾਂ ਮੁਤਾਬਕ ਪਹਾੜ ਵਰਗੇ ਸਰੀਰ ਵਾਲੇ ਨੁਨੋ 6 ਫੁਟ 2 ਇੰਚ ਦੇ ਕੱਦ ਦਾ ਮਾਲਕ ਹੈ। ਬੁਲ ਫ਼ਾਈਟ ਦੌਰਾਨ ਅਪਣੇ 8 ਮੈਂਬਰਾਂ ਦੇ ਗਰੁਪ 'ਚ ਉਹ ਸੱਭ ਤੋਂ ਅੱਗੇ ਰਹਿੰਦਾ ਹੈ। ਉਸ ਦਾ ਕੰਮ ਬੁਲ ਨੂੰ ਭੜਕਾ ਕੇ ਅਪਣੇ ਵੱਲ ਆਕਰਸ਼ਤ ਕਰਨਾ ਹੁੰਦਾ ਹੈ, ਜਿਸ ਤੋਂ ਬਾਅਦ ਉਹ ਅਪਣੇ ਸਾਥੀਆਂ ਨਾਲ ਮਿਲ ਕੇ ਊਸ 'ਤੇ ਕਾਬੂ ਪਾ ਲੈਂਦਾ ਹੈ। ਹਾਲ ਹੀ 'ਚ ਕਈ ਵਾਰ ਨੁਨੋ ਨੂੰ ਰੋਨਾਲਡੋ ਨਾਲ ਦੇਖਿਆ ਗਿਆ ਹੈ।   (ਏਜੰਸੀ)