ਜਿਸਮਾਨੀ ਸ਼ੋਸ਼ਣ ਮਾਮਲਾ: ਕਰਮਜੀਤ ਬੈਂਸ ਨੂੰ ਮੁੜ ਦੋ ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜਿਆ
ਅੱਜ ਰਿਮਾਂਡ ਖ਼ਤਮ ਹੋਣ 'ਤੇ ਕੀਤਾ ਗਿਆ ਸੀ ਅਦਾਲਤ ਵਿਚ ਪੇਸ਼
ਪੁਲਿਸ ਕਰ ਰਹੀ ਹੈ ਡੂੰਘਾਈ ਨਾਲ ਮਾਮਲੇ 'ਚ ਪੁੱਛਗਿੱਛ
ਲੁਧਿਆਣਾ : ਜਿਸਮਾਨੀ ਸ਼ੋਸ਼ਣ ਮਾਮਲੇ ਦੇ ਵਿੱਚ ਸਿਮਰਜੀਤ ਸਿੰਘ ਬੈਂਸ ਦੇ ਭਰਾ ਕਰਮਜੀਤ ਬੈਂਸ ਨੂੰ ਅੱਜ ਅਦਾਲਤ ਵਿੱਚ ਮੁੜ ਪੇਸ਼ ਕਰ ਕੇ ਪੁਲਿਸ ਵੱਲੋਂ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ ਅਜੇ ਤੱਕ ਉਨ੍ਹਾਂ ਦੀ ਤਫਤੀਸ਼ ਪੂਰੀ ਨਹੀਂ ਹੋਈ ਅਤੇ ਨਾਲ ਹੀ ਜੋ ਮੋਬਾਈਲ ਉਨ੍ਹਾਂ ਰਿਕਵਰ ਕਰਨਾ ਹੈ ਉਸ ਸਬੰਧੀ ਵੀ ਅਜੇ ਤੱਕ ਮੁਲਜ਼ਮ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਜਿਸ ਕਰਕੇ ਸਮਾਂ ਲੱਗ ਰਿਹਾ ਹੈ। ਬਚਾਅ ਪੱਖ ਦੇ ਵਕੀਲ ਨੇ ਕਿਹਾ ਕਰਮਜੀਤ ਬੈਂਸ ਨੇ ਜੋ ਪਹਿਲਾਂ ਰਿਮਾਂਡ ਤੇ ਕਿਹਾ ਸੀ ਉਹੀ ਵਾਰ-ਵਾਰ ਜੱਜ ਸਾਹਿਬ ਨੂੰ ਦੁਬਾਰਾ ਦੱਸਿਆ ਹੈ। ਉਨ੍ਹਾਂ ਕਿਹਾ ਕਿ ਸਿਰਫ ਉਨ੍ਹਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਪੀੜਤ ਪੱਖ ਦੇ ਵਕੀਲ ਕਿਹਾ ਕਿ ਅੱਜ ਕਰਮਜੀਤ ਬੈਂਸ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕਰਕੇ ਦੋ ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਅਜੇ ਪੁਲਿਸ ਦੀ ਤਫਤੀਸ਼ ਪੂਰੀ ਨਹੀਂ ਹੋਈ ਅਤੇ ਅਹਿਮ ਸੁਰਾਗ ਜੋ ਮੁਲਜ਼ਮ ਤੋਂ ਬਰਾਮਦ ਹੋਣੇ ਨੇ ਉਸ ਤੋਂ ਬਾਅਦ ਹੀ ਜੇਕਰ ਦੁਬਾਰਾ ਲੋੜ ਪਈ ਤਾਂ ਮੁੜ ਤੋਂ ਰਿਮਾਂਡ ਮੰਗਿਆ ਜਾਵੇਗਾ। ਉਨ੍ਹਾਂ ਕਿਹਾ ਜਦੋਂ ਤੱਕ ਪੁਲਸ ਦੀ ਤਫਤੀਸ਼ ਪੂਰੀ ਨਹੀਂ ਹੁੰਦੀ ਉਦੋਂ ਤੱਕ ਜੁਡੀਸ਼ੀਅਲ ਰਿਮਾਂਡ ਤੇ ਨਹੀਂ ਭੇਜਿਆ ਜਾ ਰਿਹਾ।
ਇਸ ਤੋਂ ਇਲਾਵਾ ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਲੋੜ ਪਾਈ ਤਾਂ ਉਹ ਮੁੜ ਤੋਂ ਰਿਮਾਂਡ ਦੀ ਮੰਗ ਕਰਨਗੇ। ਉਨ੍ਹਾਂ ਕਿਹਾ ਕਿ ਜੋ ਪਿਛਲੀ ਤਰੀਕ ਦੌਰਾਨ ਦਲੀਲਾਂ ਹੋਈਆਂ ਸਨ ਉਹੀ ਇਸ ਵਾਰ ਵੀ ਹੋਈਆਂ ਹਨ। ਮੁਲਜ਼ਮ ਤੋਂ ਮੋਬਾਇਲ ਦੀ ਰਿਕਵਰੀ, ਉਸ ਦੇ ਸੰਪਰਕਾਂ ਸਬੰਧੀ ਅਤੇ ਬਾਕੀ ਕੇਸਾਂ ਵਿੱਚ ਲੋੜੀਂਦੇ ਮੁਲਜ਼ਮਾਂ ਸਬੰਧੀ ਪੁੱਛ ਪੜਤਾਲ ਕੀਤੀ ਜਾਣੀ ਹੈ।
ਦੂਜੇ ਪਾਸੇ ਬਚਾਅ ਪੱਖ ਦੇ ਵਕੀਲ ਨੇ ਕਿਹਾ ਕਿ ਸਿਰਫ ਕਰਮਜੀਤ ਬੈਂਸ ਨੂੰ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਉਹ ਜੋ ਵੀ ਸੱਚਾਈ ਹੈ ਪਹਿਲਾਂ ਹੀ ਦੱਸ ਚੁੱਕੇ ਹਨ। ਕਰਮਜੀਤ ਬੈਂਸ ਤੇ ਸਿਰਫ਼ 506 ਐਕਟ ਦੇ ਅਧੀਨ ਮਾਮਲਾ ਬਣਦਾ ਹੈ ਜੋ ਉਨ੍ਹਾਂ 'ਤੇ ਡਰਾਉਣ ਧਮਕਾਉਣ ਦੇ ਇਲਜ਼ਾਮ ਲੱਗੇ ਹਨ। ਉਹਨਾਂ ਕਿਹਾ ਪਰ ਮਾਮਲਾ ਹਾਈ ਪ੍ਰੋਫਾਈਲ ਹੋਣ ਕਰਕੇ ਇਸ ਵਿਚ ਜੋ ਅਸਲ ਗੱਲ ਸਾਹਮਣੇ ਆਉਣੀ ਚਾਹੀਦੀ ਹੈ ਉਹ ਨਹੀਂ ਆ ਪਾ ਰਹੀ।