ਭਾਰਤੀ ਮਹਿਲਾ ਟੀਮ ਨੇ ਰਚਿਆ ਇਤਿਹਾਸ! ਵਿਸ਼ਵ ਚੈਂਪੀਅਨਸ਼ਿਪ ਦੇ 92 ਸਾਲਾਂ ਦੇ ਇਤਿਹਾਸ ਵਿਚ ਪਹਿਲੀ ਵਾਰ ਜਿੱਤਿਆ ਗੋਲਡ

ਏਜੰਸੀ

ਖ਼ਬਰਾਂ, ਖੇਡਾਂ

ਮਹਿਲਾ ਕੰਪਾਊਂਡ ਟੀਮ ਗਰੁੱਪ ਫਾਈਨਲ ਵਿਚ ਮੈਕਸੀਕੋ ਨੂੰ 235-229 ਨਾਲ ਹਰਾਇਆ

photo

 

ਨਵੀਂ ਦਿੱਲੀ : ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ: ਜੋਤੀ ਸੁਰੇਖਾ ਵੇਨਮ, ਅਦਿਤੀ ਸਵਾਮੀ ਅਤੇ ਪ੍ਰਨੀਤ ਕੌਰ ਨੇ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਲਈ ਪਹਿਲਾ ਸੋਨ ਤਮਗਾ ਜਿੱਤਿਆ। ਉਨ੍ਹਾਂ ਨੇ ਮਹਿਲਾ ਕੰਪਾਊਂਡ ਟੀਮ ਗਰੁੱਪ ਫਾਈਨਲ ਵਿਚ ਮੈਕਸੀਕੋ ਨੂੰ 235-229 ਨਾਲ ਹਰਾਇਆ। ਇਸ ਤੋਂ ਪਹਿਲਾਂ ਭਾਰਤ ਨੇ ਇਸ ਟੂਰਨਾਮੈਂਟ ਵਿਚ 9 ਚਾਂਦੀ ਅਤੇ 2 ਕਾਂਸੀ ਦੇ ਤਗਮੇ ਜਿੱਤੇ ਸਨ।

ਜਰਮਨੀ ਦੇ ਬਰਲਿਨ 'ਚ ਖੇਡੇ ਜਾ ਰਹੇ ਟੂਰਨਾਮੈਂਟ ਦੇ ਸੈਮੀਫਾਈਨਲ 'ਚ ਭਾਰਤੀ ਮਹਿਲਾ ਟੀਮ ਨੇ ਕੋਲੰਬੀਆ ਨੂੰ 220-216 ਨਾਲ ਹਰਾ ਦਿਤਾ। ਤੀਰਅੰਦਾਜ਼ੀ ਚੈਂਪੀਅਨਸ਼ਿਪ ਚਾਰ ਸਾਲਾਂ ਵਿਚ ਇੱਕ ਵਾਰ ਹੁੰਦੀ ਹੈ। ਓਲੰਪਿਕ ਯੋਗਤਾ ਲਈ ਇੱਕ ਕੋਟਾ ਵੀ ਹੈ।

ਜਯੋਤੀ ਸੁਰੇਖਾ ਵੇਨਮ ਦਾ ਜਨਮ 3 ਜੁਲਾਈ 1996 ਨੂੰ ਦੱਖਣੀ ਭਾਰਤੀ ਸ਼ਹਿਰ ਵਿਜੇਵਾੜਾ ਵਿਚ ਹੋਇਆ ਸੀ। ਉਹ ਬਚਪਨ ਤੋਂ ਹੀ ਐਥਲੀਟ ਬਣਨਾ ਚਾਹੁੰਦੀ ਸੀ। ਉਹ ਵਿਸ਼ਵ ਵਿਚ 12ਵੇਂ ਸਥਾਨ 'ਤੇ ਹੈ ਅਤੇ ਅਰਜੁਨ ਪੁਰਸਕਾਰ ਨਾਲ ਵੀ ਸਨਮਾਨਿਤ ਕੀਤਾ ਗਿਆ ਹੈ। ਉਸ ਦੇ ਪਿਤਾ ਇੱਕ ਸਾਬਕਾ ਕਬੱਡੀ ਖਿਡਾਰੀ ਹਨ ਅਤੇ ਹੁਣ ਵਿਜੇਵਾੜਾ ਵਿਚ ਇੱਕ ਵੈਟਰਨਰੀ ਡਾਕਟਰ ਹਨ ਅਤੇ ਮਾਂ ਇੱਕ ਘਰੇਲੂ ਔਰਤ ਹੈ।

ਚਾਰ ਸਾਲ ਦੀ ਉਮਰ ਵਿਚ, ਜੋਤੀ ਨੇ ਤਿੰਨ ਘੰਟੇ, 20 ਮਿੰਟ ਅਤੇ ਛੇ ਸੈਕਿੰਡ ਵਿਚ 5 ਕਿਲੋਮੀਟਰ ਦੀ ਦੂਰੀ ਤੋਂ ਤਿੰਨ ਵਾਰ ਕ੍ਰਿਸ਼ਨਾ ਨਦੀ ਨੂੰ ਪਾਰ ਕਰਕੇ ਲਿਮਕਾ ਬੁੱਕ ਆਫ਼ ਰਿਕਾਰਡਜ਼ ਵਿਚ ਪ੍ਰਵੇਸ਼ ਕੀਤਾ। ਜੋਤੀ ਨੇ ਨਾਲੰਦਾ ਇੰਸਟੀਚਿਊਟ ਤੋਂ ਸਕੂਲੀ ਅਤੇ ਇੰਟਰਮੀਡੀਏਟ ਦੀ ਪੜ੍ਹਾਈ ਪੂਰੀ ਕੀਤੀ।

16 ਸਾਲਾ ਅਦਿਤੀ ਨੇ ਪਿਛਲੇ ਮਹੀਨੇ ਕੋਲੰਬੀਆ ਵਿਚ ਹੋਏ ਤੀਰਅੰਦਾਜ਼ੀ ਵਿਸ਼ਵ ਕੱਪ ਵਿਚ ਕੰਪਾਊਂਡ ਮਹਿਲਾ ਵਰਗ ਵਿਚ ਅੰਡਰ-18 ਵਿਸ਼ਵ ਰਿਕਾਰਡ ਤੋੜਿਆ ਸੀ। ਉਸ ਨੇ 720 ਵਿਚੋਂ ਕੁੱਲ 711 ਅੰਕ ਪ੍ਰਾਪਤ ਕੀਤੇ ਅਤੇ 705 ਅੰਕਾਂ ਦੇ ਪਿਛਲੇ ਵਿਸ਼ਵ ਰਿਕਾਰਡ ਨੂੰ ਹਰਾਇਆ। ਪਟਿਆਲਾ ਦੀ ਪ੍ਰਨੀਤ ਕੌਰ ਦੇ ਪਿਤਾ ਅਵਤਾਰ ਜੋ ਕਿ ਸਨੂਰ ਵਿਚ ਸਰਕਾਰੀ ਅਧਿਆਪਕ ਹਨ, ਨੇ ਪ੍ਰਨੀਤ ਨੂੰ ਖੇਡਾਂ ਨੂੰ ਸ਼ੌਕ ਵਜੋਂ ਅਪਣਾਉਣ ਲਈ ਪ੍ਰੇਰਿਤ ਕੀਤਾ।

ਪ੍ਰਧਾਨ ਮੰਤਰੀ ਨੇ ਵਿਸ਼ਵ ਤੀਰਅੰਦਾਜ਼ੀ ਚੈਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੀ ਭਾਰਤੀ ਮਹਿਲਾ ਟੀਮ ਦੀ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਸਖਤ ਮਿਹਨਤ ਤੇ ਦ੍ਰਿੜਥਾ ਨਾਲ ਸਫਲਤਾ ਹਾਸਲ ਕੀਤੀ ਹੈ। 

ਪ੍ਰਧਾਨ ਮੰਤਰੀ ਨੇ ਕਿਹਾ, ਮਾਣ ਵਾਲੇ ਪਲ ਹਨ ਕਿ ਸਾਡੀ ਕੰਪਾਊਂਡ ਮਹਿਲਾ ਟੀਮ ਨੇ ਬਰਲਿਨ ਵਿਚ ਵਿਸ਼ਵ ਤੀਰਅੰਦਾਜ਼ੀ ਚੈਂਪੀਅਨਸ਼ਿਪ ਵਿਚ ਭਾਰਤ ਨੂੰ ਪਹਿਲਾ ਗੋਲਡ ਮੈਡਲ ਜਿਤਾਇਆ ਹੈ। ਸਾਡੇ ਸਾਰੇ ਚੈਪੀਂਅਨਾਂ ਨੂੰ ਵਧਾਈ।