World Cup : ਭਾਰਤ ਨੇ ਦਖਣੀ ਅਫ਼ਰੀਕਾ ਨੂੰ ਬੁਰੀ ਤਰ੍ਹਾਂ ਹਰਾਇਆ, 243 ਦੌੜਾਂ ਨਾਲ ਦਿੱਤੀ ਮਾਤ
ਵਿਰਾਟ ਕੋਹਲੀ ਨੇ ਕਰੀਅਰ ਦਾ 49 ਸੈਂਕੜਾ ਜੜ ਕੇ ਕੀਤੀ ਸਚਿਨ ਦੀ ਬਰਾਬਰੀ
Team India World Cup : ਵਿਸ਼ਵ ਕੱਪ 2023 ਦੇ 37ਵੇਂ ਮੈਚ ਵਿਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 243 ਦੌੜਾਂ ਨਾਲ ਹਰਾਇਆ ਹੈ। ਕੋਲਕਾਤਾ ਦੇ ਈਡਨ ਗਾਰਡਨ ’ਚ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਭਾਰਤ ਨੇ ਵਿਰਾਟ ਕੋਹਲੀ (101) ਦੇ ਸੈਂਕੜੇ ਅਤੇ ਸ਼੍ਰੇਅਸ ਅਈਅਰ (77) ਦੇ ਅਰਧ ਸੈਂਕੜੇ ਦੀ ਬਦੌਲਤ 5 ਵਿਕਟਾਂ ’ਤੇ 326 ਦੌੜਾਂ ਬਣਾਈਆਂ ਤੇ ਦਖਣੀ ਅਫ਼ਰੀਕਾ ਨੂੰ 327 ਦੌੜਾਂ ਦਾ ਟੀਚਾ ਦਿਤਾ।
ਇਸ ਤੋਂ ਪਹਿਲਾਂ ਕਪਤਾਨ ਰੋਹਿਤ ਸ਼ਰਮਾ ਨੇ ਤਾਬੜਤੋੜ ਸ਼ੁਰੂਆਤ ਕੀਤੀ ਤੇ 24 ਗੇਂਦਾਂ ’ਚ 40 ਦੌੜਾਂ ਬਣਾਈਆਂ। ਅੰਤ ਵਿਚ ਰਵਿੰਦਰ ਜਡੇਜਾ ਨੇ ਵੀ ਚੰਗੇ ਹੱਥ ਦਿਖਾਏ ਤੇ 15 ਗੇਂਦਾਂ ਵਿਚ 29 ਦੌੜਾਂ ਬਣਾਈਆਂ। ਜਵਾਬ ਵਿਚ ਦਖਣੀ ਅਫ਼ਰੀਕਾ ਦੀ ਟੀਮ ਸਿਰਫ਼ 83 ਦੌੜਾਂ ਹੀ ਬਣਾ ਸਕੀ ਅਤੇ ਭਾਰਤ ਨੇ ਇਸ ਟੂਰਨਾਮੈਂਟ ਵਿਚ ਅਜੇਤੂ ਰਹਿ ਕੇ ਇਕ ਹੋਰ ਆਸਾਨ ਜਿੱਤ ਹਾਸਲ ਕੀਤੀ। ਇਕ ਰੋਜ਼ਾ ਮੈਚਾਂ ’ਚ ਕੋਹਲੀ ਦਾ ਇਹ 49ਵਾਂ ਸੈਂਕੜਾ ਵੀ ਸੀ, ਜਿਸ ਨਾਲ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਦੇ ਇਕ ਰੋਜ਼ਾ ਮੈਚਾਂ ’ਚ ਸੱਭ ਤੋਂ ਜ਼ਿਆਦਾ ਸੈਂਕੜੇ ਲਗਾਉਣ ਦੇ ਰਿਕਾਰਡ ਦੀ ਬਰਾਬਰੀ ਕਰ ਲਈ ਹੈ।
ਟੀਚੇ ਦਾ ਪਿੱਛਾ ਕਰਦੇ ਹੋਏ ਦੱਖਣੀ ਅਫਰੀਕਾ ਨੂੰ ਪਹਿਲਾ ਝਟਕਾ ਕਵਿੰਟਨ ਡੀ ਕਾਕ ਦੇ ਆਊਟ ਹੋਣ ਨਾਲ ਲੱਗਾ। ਕਵਿੰਟਨ 5 ਦੌੜਾਂ ਬਣਾ ਸਿਰਾਜ ਦਾ ਸ਼ਿਕਾਰ ਬਣਿਆ। ਦਖਣੀ ਅਫ਼ਰੀਕਾ ਦੀ ਦੂਜੀ ਵਿਕਟ ਕਪਤਾਨ ਟੇਂਬਾ ਬਾਵੁਮਾ ਦੇ ਤੌਰ ’ਤੇ ਡਿੱਗੀ। ਬਾਵੁਮਾ 11 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਬੋਲਡ ਹੋ ਕੇ ਪੈਵੇਲੀਅਨ ਪਰਤ ਗਿਆ। ਦਖਣੀ ਅਫ਼ਰੀਕਾ ਨੂੰ ਤੀਜਾ ਝਟਕਾ ਏਡਨ ਮਾਰਕਰਮ ਦੇ ਆਊਟ ਹੋਣ ਨਾਲ ਲੱਗਾ।
ਮਾਰਕਰਮ 9 ਦੌੜਾਂ ਬਣਾ ਸ਼ੰਮੀ ਵਲੋਂ ਆਊਟ ਹੋਇਆ। ਇਸ ਤੋਂ ਬਾਅਦ ਦਖਣੀ ਅਫ਼ਰੀਕਾ ਦੀ ਚੌਥੀ ਵਿਕਟ ਹੈਨਰਿਕ ਕਲਾਸੇਨ ਦੇ ਆਊਟ ਹੋਣ ਨਾਲ ਲੱਗਾ। ਹੈਨਰਿਕ 1 ਦੌੜ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ। ਦਖਣੀ ਅਫ਼ਰੀਕਾ ਦੀ ਪੰਜਵੀਂ ਵਿਕਟ ਰਾਸੀ ਵੇਨ ਡੇਰ ਡੁਸੇਨ ਦੇ ਆਊਟ ਹੋਣ ਨਾਲ ਡਿੱਗੀ। ਰਾਸੀ 13 ਦੌੜਾਂ ਬਣਾ ਸ਼ੰਮੀ ਦਾ ਸ਼ਿਕਾਰ ਬਣਿਆ। ਦਖਣੀ ਅਫਰੀਕਾ ਨੂੰ 6ਵਾਂ ਝਟਕਾ ਡੇਵਿਡ ਮਿਲਰ ਦੇ ਆਊਟ ਹੋਣ ਨਾਲ ਲੱਗਾ। ਮਿਲਰ 11 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ।
ਇਸ ਤੋਂ ਬਾਅਦ ਦੱਖਣੀ ਅਫ਼ਰੀਕਾ ਦੀ 7ਵੀਂ ਵਿਕਟ ਕੇਸ਼ਵ ਮਹਾਰਾਜ ਦੇ ਆਊਟ ਹੋਣ ਨਾਲ ਡਿੱਗੀ। ਕੇਸ਼ਵ 7 ਦੌੜਾਂ ਬਣਾ ਰਵਿੰਦਰ ਜਡੇਜਾ ਵਲੋਂ ਆਊਟ ਹੋਇਆ। ਹੈਰਾਨੀ ਦੀ ਗੱਲ ਇਹ ਰਹੀ ਕਿ ਕੋਈ ਵੀ ਅਫ਼ਰੀਕੀ ਖਿਡਾਰੀ 15 ਦੌੜਾਂ ਦਾ ਅੰਕੜਾ ਵੀ ਪਾਰ ਨਾ ਕਰ ਸਕਿਆ ਤੇ ਦੂਜਾ ਉਨ੍ਹਾਂ ਉਪਰ ਜਡੇਜਾ ਅਜਿਹਾ ਹਮਲਾਵਰ ਹੋਇਆ ਕਿ ਉਸ ਨੇ 5 ਸ਼ਿਕਾਰ ਕਰ ਲਏ। ਇਸ ਤਰ੍ਹਾਂ ਇਕ ਤਰਫ਼ਾ ਮੈਚ ’ਚ ਭਾਰਤ ਨੇ 243 ਦੌੜਾਂ ਨਾਲ ਜਿੱਤ ਹਾਸਲ ਕਰ ਲਈ। ਇਸ ਵੇਲੇ ਅੰਕ ਸੂਚੀ ਵਿਚ ਭਾਰਤ 16 ਅੰਕਾਂ ਨਾਲ ਪਹਿਲੇ ਨੰਬਰ ’ਤੇ ਕਾਬਜ਼ ਹੈ।