ਭਾਰ ਤੋਲਨ ਮੁਕਾਬਲੇ 'ਚ ਭਾਰਤ ਨੂੰ ਚੌਥਾ ਤਮਗ਼ਾ, ਦੀਪਕ ਲਾਠੇਰ ਨੇ ਜਿੱਤਿਆ ਕਾਂਸੀ ਤਮਗ਼ਾ
ਰਾਸ਼ਟਰ ਮੰਡਲ ਖੇਡਾਂ 2018 ਵਿਚ ਭਾਰ ਤੋਲਨ ਵਿਚ ਭਾਰਤੀ ਖਿਡਾਰੀਆਂ ਵਲੋਂ ਤਮਗ਼ੇ ਜਿੱਤਣ ਦਾ ਸਿਲਸਿਲਾ ਜਾਰੀ ਹੈ। ਹੁਣ ਤਕ ਭਾਰਤ ਇਸ ...
ਗੋਲਡ ਕੋਸਟ : ਰਾਸ਼ਟਰ ਮੰਡਲ ਖੇਡਾਂ 2018 ਵਿਚ ਭਾਰ ਤੋਲਨ ਵਿਚ ਭਾਰਤੀ ਖਿਡਾਰੀਆਂ ਵਲੋਂ ਤਮਗ਼ੇ ਜਿੱਤਣ ਦਾ ਸਿਲਸਿਲਾ ਜਾਰੀ ਹੈ। ਹੁਣ ਤਕ ਭਾਰਤ ਇਸ ਮੁਕਾਬਲੇ ਵਿਚ 4 ਤਮਗ਼ੇ ਜਿੱਤ ਚੁੱਕਿਆ ਹੈ। ਹੁਣ ਭਾਰਤ ਲਈ ਦੀਪਕ ਲਾਠੇਰ ਨੇ 69 ਕਿੱਲੋ ਵਰਗ ਵਿਚ ਕਾਂਸੀ ਦਾ ਤਮਗ਼ਾ ਜਿੱਤਿਆ ਹੈ। ਮੁਕਾਬਲੇ ਦਾ ਸੋਨ ਤਮਗ਼ਾ ਵੇਲਸ ਦੇ ਕ੍ਰਿਸ ਇਵਾਂਸ ਨੇ ਜਿੱਤਿਆ ਜਦਕਿ ਸ੍ਰੀਲੰਕਾ ਦੇ ਸੀ ਦਿਸਾਨਾਇਕੇ ਨੇ ਚਾਂਦੀ ਦੇ ਤਮਗ਼ੇ 'ਤੇ ਕਬਜ਼ਾ ਕੀਤਾ।
ਭਾਰਤ ਦੇ ਦੀਪਕ ਦੇ ਖ਼ਾਤੇ ਵਿਚ ਮੁਕਾਬਲੇ ਦਾ ਕਾਂਸੀ ਤਮਗ਼ਾ ਆਇਆ। ਦੀਪਕ ਦੇ ਇਸ ਤਮਗ਼ੇ ਨਾਲ ਹੀ ਭਾਰਤ ਨੇ ਰਾਸ਼ਟਰ ਮੰਡਲ ਖੇਡਾਂ ਵਿਚ ਹੁਣ ਤਕ ਚਾਰ ਤਮਗ਼ੇ ਜਿੱਤ ਲਏ ਹਨ। ਇਸ ਵਿਚ ਦੋ ਸੋਨ, ਇਕ ਚਾਂਦੀ ਅਤੇ ਇਕ ਕਾਂਸੀ ਦਾ ਤਮਗ਼ਾ ਸ਼ਾਮਲ ਹੈ।
ਇਸ ਤੋਂ ਪਹਿਲਾਂ ਮੁਕਾਬਲੇ ਤਹਿਤ ਸ਼ੁੱਕਰਵਾਰ ਨੂੰ ਭਾਰਤ ਦੀ ਝੋਲੀ ਵਿਚ ਦੂਜਾ ਗੋਲਡ ਮੈਡਲ ਆਇਆ। ਮੀਰਾਬਾਈ ਚਾਨੂ ਤੋਂ ਬਾਅਦ ਰਾਸ਼ਟਰ ਮੰਡਲ ਖੇਡਾਂ ਵਿਚ ਭਾਰਤ ਦੀ ਸੰਜੀਤਾ ਚਾਨੂ ਨੇ ਦੇਸ਼ ਦੇ ਲਈ ਦੂਜਾ ਗੋਲਡ ਜਿੱਤਿਆ। ਸੰਜੀਤਾ ਨੇ ਕੁੱਲ 192 ਕਿੱਲੋ ਭਾਰ ਉਠਾ ਕੇ ਇਹ ਉਪਲਬਧੀ ਹਾਸਲ ਕੀਤੀ। ਸੰਜੀਤਾ ਨੇ ਸਨੈਚ ਵਿਚ 84 ਕਿੱਲੋ ਭਾਰ ਉਠਾ ਕੇ ਇਹ ਉਪਲਬਧੀ ਹਾਸਲ ਕੀਤੀ।
ਸੰਜੀਤਾ ਨੇ ਸਨੈਚ ਵਿਚ 84 ਕਿੱਲੋ ਦਾ ਭਾਰ ਉਠਾਇਆ ਜੋ ਖੇਡ ਰਿਕਾਰਡ ਰਿਹਾ, ਉਥੇ ਹੀ ਕਲੀਨ ਐਂਡ ਜਰਕ ਵਿਚ ਉਨ੍ਹਾਂ ਨੇ 108 ਕਿੱਲੋਗ੍ਰਾਮ ਭਾਰ ਉਠਾਇਆ ਅਤੇ ਕੁੱਲ 192 ਦੇ ਸਕੋਰ ਦੇ ਨਾਲ ਸੋਨੇ ਦਾ ਤਮਗ਼ਾ ਅਪਣੇ ਨਾਮ ਕਰਨ ਵਿਚ ਸਫ਼ਲ ਰਹੀ।