ਨਿਊਜ਼ੀਲੈਂਡ ਵਿਰੁਧ ਜਿੱਤ ਦੇ ਇਰਾਦੇ ਨਾਲ ਮੈਦਾਨ 'ਚ ਉਤਰੇਗੀ ਭਾਰਤੀ ਟੀਮ
ਕਪਤਾਨ ਮਿਤਾਲੀ ਰਾਜ ਦੀ ਅਗਵਾਈ 'ਚ ਭਾਰਤੀ ਟੀਮ ਸ਼ਨੀਵਾਰ ਨੂੰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਅਪਣੇ ਕਰੋ ਜਾਂ ਮਰੋ ਦੇ ਮੁਕਾਬਲੇ 'ਚ ਮਜ਼ਬੂਤ ਨਿਊਜ਼ੀਲੈਂਡ ਨਾਲ ਭਿੜੇਗੀ।
ਡਰਬੀ, 14 ਜੁਲਾਈ : ਕਪਤਾਨ ਮਿਤਾਲੀ ਰਾਜ ਦੀ ਅਗਵਾਈ 'ਚ ਭਾਰਤੀ ਟੀਮ ਸ਼ਨੀਵਾਰ ਨੂੰ ਆਈ.ਸੀ.ਸੀ. ਮਹਿਲਾ ਵਿਸ਼ਵ ਕੱਪ ਦੇ ਅਪਣੇ ਕਰੋ ਜਾਂ ਮਰੋ ਦੇ ਮੁਕਾਬਲੇ 'ਚ ਮਜ਼ਬੂਤ ਨਿਊਜ਼ੀਲੈਂਡ ਨਾਲ ਭਿੜੇਗੀ। ਇਨ੍ਹਾਂ ਟੀਮਾਂ 'ਚ ਇਹ ਮੁਕਾਬਲਾ ਕੁਆਰਟਰ ਫ਼ਾਈਨਲ ਦੀ ਤਰ੍ਹਾਂ ਹੋਵੇਗਾ। ਜੋ ਟੀਮ ਇਸ 'ਚ ਜਿੱਤ ਹਾਸਲ ਕਰੇਗੀ ਉਹ ਸੈਮੀਫ਼ਾਈਨਲ 'ਚ ਪਹੁੰਚ ਜਾਵੇਗੀ। ਇਕ ਸਮੇਂ ਲਗਾਤਾਰ ਚਾਰ ਜਿੱਤ ਦਰਜ ਕਰਨ ਤੋਂ ਬਾਅਦ ਲੱਗ ਰਿਹਾ ਸੀ ਕਿ ਭਾਰਤ ਟੀਮ ਆਸਾਨੀ ਨਾਲ ਸੈਮੀਫ਼ਾਈਨਲ 'ਚ ਪ੍ਰਵੇਸ਼ ਕਰ ਲਵੇਗੀ ਪਰ ਉਸ ਤੋਂ ਬਾਅਦ ਲਗਾਤਾਰ ਦੋ ਮੈਚ ਹਾਰਨ ਨਾਲ ਉਸ ਦਾ ਸਫ਼ਰ ਮੁਸ਼ਕਲ ਹੋ ਗਿਆ। ਇਸ ਲਈ ਭਾਰਤੀ ਟੀਮ ਨੂੰ ਇਹ ਮੈਚ ਹਰ ਹਾਲਤ 'ਚ ਜਿੱਤਣਾ ਜ਼ਰੂਰੀ ਹੈ। ਮੇਜ਼ਬਾਨ ਇੰਗਲੈਂਡ, ਦੱਖਣੀ ਅਫ਼ਰੀਕਾ ਅਤੇ ਸਾਬਕਾ ਚੈਂਪੀਅਨ ਆਸਟਰੇਲੀਆ ਪਹਿਲਾਂ ਹੀ ਸੈਮੀਫ਼ਾਈਨਲ 'ਚ ਪਹੁੰਚ ਚੁੱਕੇ ਹਨ। ਆਖ਼ਰੀ ਲੀਗ ਮੈਚ 'ਚ ਇਹ ਟੀਮ ਸੈਮੀਫ਼ਾਈਨਲ 'ਚ ਅਪਣੀ ਸਥਿਤੀ ਤੈਅ ਕਰਨ ਲਈ ਉਤਰੇਗੀ।
ਉਥੇ ਭਾਰਤ ਅਤੇ ਨਿਊਜ਼ੀਲੈਂਡ ਲਈ ਇਹ ਕਰੋ ਜਾਂ ਮਰੋ ਦਾ ਮੈਚ ਹੋਵੇਗਾ। ਭਾਰਤ ਨੇ ਪਿਛਲੇ ਮੈਚ 'ਚ ਕਾਫ਼ੀ ਹੌਲੀ ਬੱਲੇਬਾਜ਼ੀ ਕੀਤੀ। ਸਮਰਿਤੀ ਮੰਧਾਨਾ ਨੇ ਜਲਦੀ ਆਊਟ ਹੋਣ ਤੋਂ ਬਾਅਦ ਮਿਤਾਲੀ ਅਤੇ ਰਾਓਤ ਨੇ ਹੌਲੀ ਸ਼ੁਰੂਆਤ ਕੀਤੀ ਜਿਸ 'ਚ ਆਸਟਰੇਲੀਆਈ ਸਪਿੰਨਰਾਂ ਨੂੰ ਦਬਾਅ ਬਣਾਉਣ ਦਾ ਮੌਕਾ ਮਿਲਿਆ।
ਇਕ ਰੋਜ਼ਾ ਕ੍ਰਿਕਟ 'ਚ 6000 ਦੌੜਾਂ ਬਣਾਉਣ ਵਾਲੀ ਪਹਿਲੀ ਮਹਿਲਾ ਬਣੀ ਮਿਤਾਲੀ ਨੇ ਪਹਿਲੇ 20 ਦੌੜਾਂ ਬਣਾਉਣ ਲਈ 54 ਗੇਂਦਾਂ ਖੇਡੀਆਂ। ਉਸ ਨੇ 69 ਦੌੜਾਂ ਬਣਾਉਣ ਲਈ 114 ਗੇਂਦਾਂ ਖੇਡੀਆਂ।
ਪਹਿਲੇ ਦੋ ਮੈਚਾਂ 'ਚ ਚੰਗੇ ਪ੍ਰਦਰਸ਼ਨ ਤੋਂ ਬਾਅਦ ਮੰਧਾਨਾ ਦਾ ਬੱਲਾ ਖਾਮੋਸ਼ ਹੈ ਅਤੇ ਉਸ ਨੇ ਕਲ ਬੇਹਤਰ ਪਾਰੀ ਖੇਡਣੀ ਹੈ। ਉਸ ਤੋਂ ਇਲਾਵਾ ਰਾਓਤ, ਮਿਤਾਲੀ ਅਤੇ ਹਰਮਨਪ੍ਰੀਤ ਕੌਰ ਤੋਂ ਵੀ ਚੰਗੀ ਪਾਰੀ ਦੀ ਉਮੀਦ ਹੋਵੇਗੀ। (ਪੀ.ਟੀ.ਆਈ.)