ਕੋਰੋਨਾ: ਚੀਨ ‘ਚ ਹੋਣ ਵਾਲੀਆਂ ਏਸ਼ੀਆਈ ਖੇਡਾਂ 2022 ਅਨਿਸ਼ਚਿਤ ਸਮੇਂ ਲਈ ਮੁਲਤਵੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਖੇਡਾਂ ‘ਤੇ ਮੰਡਰਾਇਆ ਕੋਰੋਨਾ ਦਾ ਖ਼ਤਰਾ

Asian Games 2022 in China postponed:

 

ਨਵੀਂ ਦਿੱਲੀ : ਖੇਡਾਂ 'ਤੇ ਇਕ ਵਾਰ ਫਿਰ ਕੋਰੋਨਾ ਮਹਾਮਾਰੀ ਦਾ ਖਤਰਾ ਮੰਡਰਾ ਰਿਹਾ ਹੈ। ਇਸ ਦਾ ਅਸਰ ਇਸ ਸਾਲ ਹੋਣ ਵਾਲੀਆਂ ਏਸ਼ਿਆਈ ਖੇਡਾਂ 'ਤੇ ਦੇਖਣ ਨੂੰ ਮਿਲਿਆ ਹੈ। ਇਸ ਸਾਲ ਚੀਨ (ਹਾਂਗਜ਼ੂ) ਵਿੱਚ ਹੋਣ ਵਾਲੀਆਂ ਏਸ਼ੀਆਈ ਖੇਡਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਜਾਣਕਾਰੀ ਚੀਨੀ ਮੀਡੀਆ ਤੋਂ ਸਾਹਮਣੇ ਆਈ ਹੈ।

 

 

ਇਹ ਏਸ਼ਿਆਈ ਖੇਡਾਂ ਇਸ ਸਾਲ ਸਤੰਬਰ ਵਿੱਚ ਚੀਨ ਦੇ ਹਾਂਗਜ਼ੂ ਸ਼ਹਿਰ ਵਿੱਚ ਹੋਣੀਆਂ ਸਨ। ਚੀਨੀ ਮੀਡੀਆ ਦੀਆਂ ਰਿਪੋਰਟਾਂ ਮੁਤਾਬਕ ਇਨ੍ਹਾਂ ਖੇਡਾਂ ਨੂੰ ਬਿਨਾਂ ਕੋਈ ਕਾਰਨ ਦੱਸੇ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਚਾਈਨਾ ਸੈਂਟਰਲ ਟੈਲੀਵਿਜ਼ਨ (ਸੀਸੀਟੀਵੀ) ਦੀਆਂ ਰਿਪੋਰਟਾਂ ਮੁਤਾਬਕ ਇਹ ਫ਼ੈਸਲਾ ਸ਼ੁੱਕਰਵਾਰ ਨੂੰ ਹੀ ਲਿਆ ਗਿਆ ਹੈ।

 

ਓਲੰਪਿਕ ਕੌਂਸਲ ਆਫ਼ ਏਸ਼ੀਆ ਦੇ ਡਾਇਰੈਕਟਰ ਜਨਰਲ ਨੇ ਐਲਾਨ ਕੀਤਾ ਹੈ ਕਿ 19ਵੀਆਂ ਏਸ਼ੀਆਈ ਖੇਡਾਂ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਇਹ ਖੇਡਾਂ ਇਸ ਸਾਲ 10 ਤੋਂ 25 ਸਤੰਬਰ ਤੱਕ ਹਾਂਗਜ਼ੂ ਸ਼ਹਿਰ ਵਿੱਚ ਹੋਣੀਆਂ ਸਨ। ਹੁਣ ਇਹ ਏਸ਼ੀਆਈ ਖੇਡਾਂ ਕਦੋਂ ਹੋਣਗੀਆਂ, ਇਨ੍ਹਾਂ ਦੀਆਂ ਨਵੀਆਂ ਤਰੀਕਾਂ ਦਾ ਐਲਾਨ ਜਲਦੀ ਹੀ ਕੀਤਾ ਜਾਵੇਗਾ।

 

ਇਨ੍ਹੀਂ ਦਿਨੀਂ ਚੀਨ ਕੋਰੋਨਾ ਦੀ ਨਵੀਂ ਲਹਿਰ ਕਾਰਨ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਚੀਨ 'ਚ ਕੋਰੋਨਾ ਦੇ ਨਵੇਂ ਵੇਰੀਐਂਟ ਓਮੀਕ੍ਰੋਨ ਦਾ ਕਹਿਰ ਤੇਜ਼ੀ ਨਾਲ ਵਧ ਰਿਹਾ ਹੈ। ਏਸ਼ੀਆਈ ਖੇਡਾਂ ਤੋਂ ਇਲਾਵਾ ਚੀਨ 'ਚ ਕਈ ਟੂਰਨਾਮੈਂਟਾਂ 'ਤੇ ਕੋਰੋਨਾ ਮਹਾਮਾਰੀ ਦਾ ਅਸਰ ਦੇਖਿਆ ਗਿਆ ਹੈ। ਵੀਰਵਾਰ ਨੂੰ ਹੀ ਵਿਸ਼ਵ ਯੂਨੀਵਰਸਿਟੀ ਖੇਡਾਂ ਨੂੰ ਵੀ ਇੱਕ ਸਾਲ ਲਈ ਮੁਲਤਵੀ ਕਰ ਦਿੱਤਾ ਗਿਆ ਹੈ।

 

ਹਾਂਗਜ਼ੂ ਚੀਨ ਦੇ ਸਭ ਤੋਂ ਵੱਡੇ ਸ਼ਹਿਰਾਂ ਵਿੱਚੋਂ ਇੱਕ, ਸ਼ੰਘਾਈ ਦੇ ਨੇੜੇ ਸਥਿਤ ਹੈ। ਇੱਥੇ ਪਿਛਲੇ ਇੱਕ ਹਫ਼ਤੇ ਤੋਂ ਕੋਰੋਨਾ ਕਾਰਨ ਲਾਕਡਾਊਨ ਲਗਾਇਆ ਹੋਇਆ ਹੈ। ਇੱਥੇ ਰਹਿਣ ਵਾਲੇ ਲਗਭਗ 25 ਮਿਲੀਅਨ ਲੋਕ ਆਪਣੇ ਘਰਾਂ ਵਿੱਚ ਕੈਦ ਹਨ। ਆਯੋਜਕਾਂ ਨੇ ਪਿਛਲੇ ਮਹੀਨੇ ਹੀ ਦੱਸਿਆ ਸੀ ਕਿ 1.20 ਕਰੋੜ ਦੀ ਆਬਾਦੀ ਵਾਲੇ ਹਾਂਗਜ਼ੂ ਸ਼ਹਿਰ ਵਿੱਚ ਏਸ਼ੀਆਈ ਖੇਡਾਂ ਲਈ ਸਾਰੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਟੂਰਨਾਮੈਂਟ ਵਿੱਚ ਹੋਣ ਵਾਲੀਆਂ 56 ਖੇਡਾਂ ਲਈ ਸਟੇਡੀਅਮ ਪੂਰੀ ਤਰ੍ਹਾਂ ਤਿਆਰ ਹਨ। ਏਸ਼ਿਆਈ ਖੇਡਾਂ ਅਤੇ ਏਸ਼ੀਅਨ ਪੈਰਾ ਖੇਡਾਂ ਇਨ੍ਹਾਂ ਸਟੇਡੀਅਮਾਂ ਵਿੱਚ ਹੋਣੀਆਂ ਹਨ।