43 ਦੌੜਾਂ 'ਤੇ ਆਲਆਊਟ ਹੋ ਕੇ ਬੰਗਲਾਦੇਸ਼ ਨੇ ਬਣਾਇਆ ਨਿਰਾਸ਼ਾਜਨਕ ਰੀਕਾਰਡ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਵੈਸਟਇੰਡੀਜ਼ ਅਤੇ ਬੰਗਲਾਦੇਸ਼ ਦਰਮਿਆਨ ਐਂਟੀਗੁਆ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਪਹਿਲੇ ਹੀ ਦਿਨ ਮਹਿਮਾਨ ਟੀਮ ਨੇ ਇਕ ਸ਼ਰਮਨਾਕ ਰੀਕਾਰਡ ਬਣਾ ਦਿਤਾ..........

West Indies Players Celebrate the Occasion

ਨਵੀਂ ਦਿੱਲੀ : ਵੈਸਟਇੰਡੀਜ਼ ਅਤੇ ਬੰਗਲਾਦੇਸ਼ ਦਰਮਿਆਨ ਐਂਟੀਗੁਆ 'ਚ ਖੇਡੇ ਜਾ ਰਹੇ ਪਹਿਲੇ ਟੈਸਟ ਦੇ ਪਹਿਲੇ ਹੀ ਦਿਨ ਮਹਿਮਾਨ ਟੀਮ ਨੇ ਇਕ ਸ਼ਰਮਨਾਕ ਰੀਕਾਰਡ ਬਣਾ ਦਿਤਾ। ਇਸ ਟੈਸਟ ਦੀ ਪਹਿਲੀ ਪਾਰੀ 'ਚ ਮੇਜਬਾਨ ਵੈਸਟਇੰਡੀਜ਼ ਨੇ ਬੰਗਲਾਦੇਸ਼ ਨੂੰ ਸਿਰਫ਼ 43 ਦੌੜਾਂ 'ਤੇ ਢੇਰ ਕਰ ਦਿਤਾ। ਵੈਸਟਇੰਡੀਜ਼ ਦੇ ਤੇਜ ਗੇਂਦਬਾਜ਼ ਕੀਮਾਰ ਰੋਚ ਨੇ ਪੰਜ ਵਿਕਟਾਂ ਲੈ ਕੇ ਮਹਿਮਾਨ ਟੀਮ ਦਾ ਲੱਕ ਤੋੜ ਦਿਤਾ। ਇਸ ਟੈਸਟ ਮੈਚ 'ਚ ਬੰਗਲਾਦੇਸ਼ ਦੀ ਟੀਮ ਸਿਰਫ਼ 43 ਦੌੜਾਂ 'ਤੇ ਸਿਮਟ ਗਈ। ਇਹ ਟੈਸਟ ਕ੍ਰਿਕਟ 'ਚ ਬੰਗਲਾਦੇਸ਼ ਦਾ ਇਕ ਪਾਰੀ 'ਚ ਸੱਭ ਤੋਂ ਘੱਟ ਸਕੋਰ ਹੈ।

ਉਥੇ ਹੀ ਦੂਜੇ ਪਾਸੇ ਵੈਸਟਇੰਡੀਜ਼ ਵਿਰੁਧ ਵੀ ਇਹ ਟੈਸਟ ਕ੍ਰਿਕਟ ਦਾ ਸੱਭ ਤੋਂ ਛੋਟਾਂ ਸਕੋਰ ਰਿਹਾ। ਵੈਸਟਇੰਡੀਜ਼ ਵਿਰੁਧ ਬੰਗਲਾਦੇਸ਼ ਦੀ ਟੀਮ ਸਿਰਫ਼ 18.4 ਓਵਰਾਂ 'ਚ ਹੀ ਆਲਆਊਟ ਹੋ ਗਈ। ਇਸ ਤੋਂ ਪਹਿਲਾਂ ਬੰਗਲਾਦੇਸ਼ ਦਾ ਸੱਭ ਤੋਂ ਘੱਅ ਸਕੋਰ 62 ਦੌੜਾਂ ਸੀ, ਜੋ 2007 'ਚ ਸ੍ਰੀਲੰਕਾ ਵਿਰੁਧ ਕੋਲੰਬੋ 'ਚ ਸੀ। ਉਸ ਮੈਚ 'ਚ ਬੰਗਲਾਦੇਸ਼ੀ ਟੀਮ 25.2 ਓਵਰਾਂ 'ਚ ਹੀ ਢੇਰ ਹੋ ਗਈ ਸੀ। ਟੈਸਟ ਕ੍ਰਿਕਟ 'ਚ 44 ਸਾਲ ਬਾਅਦ ਅਜਿਹਾ ਹੋਇਆ ਹੈ, ਜਦੋਂ ਕੋਈ ਏਸ਼ੀਆਈ ਟੀਮ 20 ਓਵਰਾਂ ਦੇ ਅੰਦਰ ਆਊਟ ਹੋ ਗਈ। ਇਸ ਤੋਂ ਪਹਿਲਾਂ 1974 'ਚ ਭਾਰਤੀ ਟੀਮ ਇੰਗਲੈਂਡ ਵਿਰੁਧ 17 ਓਵਰਾਂ 'ਚ 42 ਦੌੜਾਂ ਹੀ ਬਣਾ ਸਕੀ ਸੀ। ਪਹਿਲੇ ਦਿਨ ਦੀ ਖੇਡ 'ਚ ਵੈਸਟਇੰਡੀਜ਼ ਨੇ 158 ਦੌੜਾਂ ਦਾ ਵਾਧਾ ਦਰਜ ਕਰ ਲਿਆ ਹੈ।    (ਏਜੰਸੀ)