ਉਰੂਗਵੇ-ਫ਼ਰਾਂਸ, ਬ੍ਰਾਜ਼ੀਲ-ਬੈਲਜੀਅਮ ਅੱਜ ਭਿੜਨਗੀਆਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਫ਼ੀਫ਼ਾ ਵਿਸ਼ਵ ਕੱਪ 2018 ਹੁਣ ਕੁਆਰਟਰ ਫ਼ਾਈਨਲ ਗੇੜ ਵਿਚ ਪੁੱਜ ਗਿਆ ਹੈ...........

Player Kicks Ball During Match

ਨਵੀਂ ਦਿੱਲੀ : ਫ਼ੀਫ਼ਾ ਵਿਸ਼ਵ ਕੱਪ 2018 ਹੁਣ ਕੁਆਰਟਰ ਫ਼ਾਈਨਲ ਗੇੜ ਵਿਚ ਪੁੱਜ ਗਿਆ ਹੈ। ਇਸ ਗੇੜ ਦੇ ਕਲ ਸ਼ੁਕਰਵਾਰ ਨੂੰ ਦੋ ਮੈਚ ਖੇਡੇ ਜਾਣਗੇ। ਪਹਿਲਾ ਮੈਚ ਉਰੂਗਵੇ ਤੇ ਫ਼ਰਾਂਸ ਵਿਚਾਲੇ ਖੇਡਿਆ ਜਾਵੇਗਾ ਜਦਕਿ ਦੂਜਾ ਮੈਚ ਬ੍ਰਾਜ਼ੀਲ ਅਤੇ ਬੈਲਜੀਅਮ ਵਿਚਾਲੇ ਹੋਵੇਗਾ। ਇਨ੍ਹਾਂ ਵਿਚੋਂ ਜਿੱਤਣ ਵਾਲੀ ਟੀਮ ਸੈਮੀਫ਼ਾਈਨਲ ਵਿਚ ਜਾਵੇਗੀ। ਉਰੂਗਵੇ ਦੀ ਟੀਮ ਨੇ ਗਰੁਪ ਸਟੇਜ ਦੇ ਮੈਚਾਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰ ਕੇ ਅਪਣੇ ਤਿੰਨ ਦੇ ਤਿੰਨ ਮੈਚ ਜਿੱਤ ਕੇ ਵਿਰੋਧੀ ਟੀਮਾਂ ਨੂੰ ਹਰਾਇਆ ਸੀ। ਅਪਣੀ ਜਿੱਤ ਦੇ ਦੌਰ ਨੂੰ ਅੱਗੇ ਤੋਰਦੇ ਹੋਏ ਉਰੂਗਵੇ ਨੇ ਪ੍ਰੀ ਕੁਆਰਟਰ ਫ਼ਾਈਨਲ ਮੈਚ ਵਿਚ ਪੁਰਤਗਾਲ ਨੂੰ 2-0 ਨਾਲ ਹਰਾ ਦਿਤਾ ਸੀ। 

ਇਸੇ ਤਰ੍ਹਾਂ ਫ਼ਰਾਂਸ ਦੀ ਟੀਮ ਨੇ ਵੀ ਗਰੁਪ ਮੈਚਾਂ ਵਿਚ ਵਧੀਆ ਪ੍ਰਦਰਸ਼ਨ ਕਰ ਕੇ ਅਪਣੇ ਦੋ ਮੈਚ ਜਿੱਤੇ ਸਨ ਜਦਕਿ ਉਸ ਦਾ ਤੀਜਾ ਮੈਚ ਡਰਾਅ ਰਿਹਾ ਸੀ। ਫ਼ਰਾਂਸ ਸੱਤ ਅੰਕਾਂ ਨਾਲ ਪ੍ਰੀ ਕੁਆਰਟਰ ਫ਼ਾਈਨਲ ਵਿਚ ਗਈ ਸੀ ਜਿਥੇ ਉਸ ਦਾ ਮੁਕਾਬਲਾ ਅਰਜਨਟੀਨਾ ਨਾਲ ਹੋਇਆ ਸੀ। ਫ਼ਰਾਂਸ ਨੇ ਇਸ ਮੁਕਾਬਲੇ ਵਿਚ ਅਰਜਨਟੀਨਾ ਨੂੰ 4-3 ਨਾਲ ਹਰਾ ਕੇ ਟੂਰਨਾਮੈਂਟ ਤੋਂ ਬਾਹਰ ਦਾ ਰਾਹ ਵਿਖਾ ਦਿਤਾ ਸੀ।  ਦੂਜਾ ਮੁਕਾਬਲਾ ਬ੍ਰਾਜ਼ੀਲ ਅਤੇ ਬੈਲਜੀਅਮ ਵਿਚਾਲੇ ਹੋਵੇਗਾ। ਬ੍ਰਾਜ਼ੀਲ ਦੀ ਟੀਮ ਨੇ ਗਰੁਪ ਸਟੇਜ ਮੈਚਾਂ ਵਿਚ ਅਪਣੇ ਤਿੰਨ ਵਿਚੋਂ ਦੋ ਮੈਚ ਜਿੱਤੇ ਸਨ ਜਦਕਿ ਤੀਜਾ ਮੈਚ ਡਰਾਅ ਰਿਹਾ ਸੀ।

ਕੁਲ ਸੱਤ ਅੰਕਾਂ ਨਾਲ ਬ੍ਰਾਜ਼ੀਲ ਪ੍ਰੀ ਕੁਆਰਟਰ ਫ਼ਾਈਨਲ ਵਿਚ ਪੁੱਜੀ ਸੀ ਜਿਥੇ ਉਸ ਦਾ ਮੁਕਾਬਲਾ ਮੈਕਸਿਕੋ ਨਾਲ ਹੋਇਆ ਸੀ ਅਤੇ ਬ੍ਰਾਜ਼ੀਲ ਨੇ ਇਸ ਮੁਕਾਬਲੇ ਵਿਚ ਮੈਕਸਿਕੋ ਨੂੰ 2-0 ਨਾਲ ਹਰਾ ਦਿਤਾ ਸੀ।  ਇਸੇ ਤਰ੍ਹਾਂ ਬੈਲਜੀਅਮ ਦੀ ਟੀਮ ਵੀ ਅਪਣੇ ਤਿੰਨ ਦੇ ਤਿੰਨ ਮੈਚ ਜਿੱਤ ਕੇ 9 ਅੰਕਾਂ ਨਾਲ ਪ੍ਰੀ ਕੁਆਰਟਰ ਫ਼ਾਈਨਲ ਗੇੜ ਵਿਚ ਪੁੱਜੀ ਸੀ। ਇਸ ਗੇੜ ਵਿਚ ਬੈਲਜੀਅਮ ਦਾ ਮੁਕਾਬਲਾ ਜਾਪਾਨ ਨਾਲ ਹੋਇਆ ਸੀ ਜਿਸ ਨੂੰ ਜਿੱਤ ਕੇ ਬੈਲਜੀਅਮ ਕੁਆਰਟਰ ਫ਼ਾਈਨਲ ਵਿਚ ਪੁੱਜੀ ਜਦਕਿ ਜਾਪਾਨ ਨੂੰ ਅਪਣੀ ਹੋਈ ਹਾਰ ਨਾਲ ਘਰ ਜਾਣਾ ਪਿਆ ਸੀ।

ਜੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ ਬ੍ਰਾਜ਼ੀਲ ਅਤੇ ਬੈਲਜੀਅਮ ਵਿਚਾਲੇ ਚਾਰ ਵਾਰ ਮੁਕਾਬਲੇ ਹੋਏ ਹਨ ਜਿਨ੍ਹਾਂ ਵਿਚੋਂ ਬ੍ਰਾਜ਼ੀਲ ਨੇ ਤਿੰਨ ਮੈਚਾਂ ਵਿਚ ਜਿੱਤ ਹਾਸਲ ਕੀਤੀ ਹੈ ਜਦਕਿ ਇਕ ਮੈਚ ਬੈਲਜੀਅਮ ਨੇ ਜਿਤਿਆ ਹੈ। ਫ਼ੀਫ਼ਾ ਵਿਸ਼ਵ ਕੱਪ ਵਿਚ ਪਹਿਲੀ ਵਾਰ 17 ਜੂਨ 2002 ਨੂੰ ਦੋਵੇਂ ਟੀਮਾਂ ਵਿਚਾਲੇ ਮੁਕਾਬਲਾ ਹੋਇਆ ਸੀ ਜਿਸ ਵਿਚ ਬ੍ਰਾਜ਼ੀਲ ਨੇ ਬੈਲਜੀਅਮ ਨੂੰ 2-0 ਨਾਲ ਹਰਾ ਦਿਤਾ ਸੀ। ਫ਼ੀਫ਼ਾ ਦੇ ਲਗਭਗ ਹਰ ਟੂਰਨਾਮੈਂਟ ਵਿਚ ਹਿੱਸਾ ਲੈ ਚੁੱਕੀ ਬ੍ਰਾਜ਼ੀਲ ਦੀ ਟੀਮ ਨੇ ਪੰਜ ਵਾਰ ਵਿਸ਼ਵ ਕੱਪ ਜਿਤਿਆ ਹੈ। ਬ੍ਰਾਜ਼ੀਲ ਦੀ ਟੀਮ ਦੋ ਵਾਰ ਦੂਜੇ, ਤੀਜੇ ਅਤੇ ਚੌਥੇ ਸਥਾਨ 'ਤੇ ਰਹਿ ਚੁੱਕੀ ਹੈ।

ਬ੍ਰਾਜ਼ੀਲ 17ਵੀਂ ਵਾਰ ਫ਼ੀਫ਼ਾ ਵਿਸ਼ਵ ਕੱਪ ਦੇ ਕੁਆਰਟਰ ਫ਼ਾਈਨਲ ਵਿਚ ਪੁੱਜੀ ਹੈ।  ਦੂਜੇ ਪਾਸੇ ਬੈਲਜੀਅਮ ਨੇ ਫ਼ੀਫ਼ਾ ਵਿਸ਼ਵ ਕੱਪ ਵਿਚ ਕੋਈ ਖ਼ਿਤਾਬੀ ਜਿੱਤ ਹਾਸਲ ਨਹੀਂ ਕੀਤੀ ਪਰ ਉਹ ਲਗਭਗ 12 ਵਾਰ ਅਗਲੇ ਗੇੜ ਵਿਚ ਪੁੱਜੀ ਹੈ। ਬੈਲਜੀਅਮ ਦੀ ਟੀਮ 1982 ਤੋਂ ਲੈ ਕੇ 2002 ਵਿਚਾਲੇ ਹੋਏ ਲਗਾਤਾਰ ਛੇ ਫ਼ੀਫ਼ਾ ਵਿਸ਼ਵ ਕੱਪ ਦੇ ਅਗਲੇ ਗੇੜ ਪੁੱਜਣ ਵਿਚ ਸਫ਼ਲ  ਰਹੀ ਹੈ।    (ਏਜੰਸੀ)