IPL ਖੇਡਣ ਲਈ ਬਣੇ ਇਹ ਨਿਯਮ, ਪਾਲਣ ਨਹੀਂ ਕੀਤਾ ਤਾਂ ਮਿਲੇਗੀ ਸਜ਼ਾ

ਏਜੰਸੀ

ਖ਼ਬਰਾਂ, ਖੇਡਾਂ

ਯੂਏਈ ਵਿਚ ਹੋਣ ਵਾਲੇ ਆਈਪੀਐਲ 2020 ਸੀਜ਼ਨ ਤੋਂ ਪਹਿਲਾਂ ਬੀਸੀਸੀਆਈ ਨੇ ਇਕ ਐਸਓਪੀ (Standard operating procedure) ਫਰੈਂਚਾਇਜ਼ੀਜ਼ ਨੂੰ ਸੌਂਪਿਆ ਹੈ।

IPL 2020

ਨਵੀਂ ਦਿੱਲੀ: ਯੂਏਈ ਵਿਚ ਹੋਣ ਵਾਲੇ ਆਈਪੀਐਲ 2020 ਸੀਜ਼ਨ ਤੋਂ ਪਹਿਲਾਂ ਬੀਸੀਸੀਆਈ ਨੇ ਇਕ ਐਸਓਪੀ (Standard operating procedure) ਫਰੈਂਚਾਇਜ਼ੀਜ਼ ਨੂੰ ਸੌਂਪਿਆ ਹੈ। ਇਸ ਐਸਓਪੀ ਵਿਚ ਆਈਪੀਐਲ ਦੀਆਂ ਸਾਰੀਆਂ ਅੱਠ ਟੀਮਾਂ ਲਈ ਵੱਖਰੇ-ਵੱਖਰੇ ਹੋਟਲ, ਸੰਯੁਕਤ ਅਰਬ ਅਮੀਰਾਤ ਲਈ ਉਡਾਣ ਭਰਨ ਤੋਂ ਪਹਿਲਾਂ ਦੋ ਲਾਜ਼ਮੀ ਨੈਗੇਟਿਵ ਕੋਵਿਡ-19 ਜਾਂਚ ਰਿਪੋਰਟ ਅਤੇ ਸੁਰੱਖਿਆ ਪ੍ਰੋਟੋਕੋਲ ਦੀ ਉਲੰਘਣਾ ਲਈ ਸਜ਼ਾ ਆਦਿ ਗੱਲਾਂ ਸ਼ਾਮਲ ਹਨ।

ਪੀਟੀਆਈ ਮੁਤਾਬਕ ਐਸਓਪੀ ਵਿਚ ਕਿਹਾ ਗਿਆ ਹੈ ਕਿ ਹਰੇਕ ਫਰੈਂਚਾਇਜ਼ੀ ਦੀ ਮੈਡੀਕਲ ਟੀਮ ਨੂੰ ਇਸ ਸਾਲ 1 ਮਾਰਚ ਤੋਂ ਸਾਰੇ ਖਿਡਾਰੀਆਂ ਅਤੇ ਸਹਾਇਤਾ ਅਮਲੇ ਦੀ ਮੈਡੀਕਲ ਤੇ ਯਾਤਰਾ ਦੀ ਜਾਣਕਾਰੀ ਰੱਖਣੀ ਹੋਵੇਗੀ। ਫਰੈਂਚਾਇਜ਼ੀਜ਼  ਦੀ ਪਸੰਦ ਦੇ ਸ਼ਹਿਰ ਵਿਚ ਇਕੱਠੇ ਹੋਣ ਤੋਂ ਪਹਿਲਾਂ ਸਾਰੇ ਭਾਰਤੀ ਖਿਡਾਰੀਆਂ ਅਤੇ ਸਹਾਇਤਾ ਅਮਲੇ ਨੂੰ ਦੋ ਕੋਵਿਡ-19 ਪੀਸੀਆਰ ਜਾਂਚ ਵਿਚੋਂ ਗੁਜ਼ਰਨਾ ਹੋਵੇਗਾ।

ਇਸ ਤੋਂ ਬਾਅਦ ਹੀ ਖਿਡਾਰੀ ਯੂਏਈ ਲਈ ਉਡਾਣ ਭਰਨਗੇ। ਜੇਕਰ ਖਿਡਾਰੀਆਂ ਜਾਂ ਸਹਾਇਤਾ ਅਮਲੇ ਨੇ ਕਿਸੇ ਵੀ ਪ੍ਰੋਟੋਕੋਲ ਦਾ ਉਲੰਘਣ ਕੀਤਾ ਤਾਂ ਉਹਨਾਂ ਨੂੰ ਸਜ਼ਾ ਦਿੱਤੀ ਜਾਵੇਗਾ। ਕੋਵਿਡ-19 ਜਾਂਚ ਰਿਪੋਰਟ ਪਾਜ਼ੇਟਿਵ ਆਉਣ ‘ਤੇ ਖਿਡਾਰੀ ਜਾਂ ਸਹਾਇਤਾ ਅਮਲੇ ਦੇ ਮੈਂਬਰ ਨੂੰ 14 ਦਿਨ ਲਈ ਕੁਆਰੰਟੀਨ ਕੀਤਾ ਜਾਵੇਗਾ ਅਤੇ ਦੋ ਵਾਰ ਜਾਂਚ ਕੀਤੀ ਜਾਵੇਗੀ। ਦੋਵੇਂ ਰਿਪੋਰਟਾਂ ਨੈਗੇਟਿਵ ਆਉਣ ਤੋਂ ਬਾਅਦ ਹੀ ਉਡਾਣ ਭਰਨ ਦੀ ਇਜਾਜ਼ਤ ਹੋਵੇਗੀ।

ਇਹ ਨਿਯਮ ਸਾਰੇ ਵਿਦੇਸ਼ੀ ਖਿਡਾਰੀਆਂ ਅਤੇ ਸਹਾਇਤਾ ਅਮਲੇ ‘ਤੇ ਵੀ ਲਾਗੂ ਹੋਣਗੇ। ਬੀਸੀਸੀਆਈ ਦੇ ਮੌਜੂਦਾ ਐਸਓਪੀ ਅਨੁਸਾਰ ਯੂਏਈ ਪਹੁੰਚਣ ‘ਤੇ ਖਿਡਾਰੀਆਂ ਅਤੇ ਸਹਾਇਤਾ ਅਮਲੇ ਦੀ ਪਹਿਲੇ, ਤੀਜੇ ਅਤੇ ਛੇਵੇਂ ਦਿਨ ਜਾਂਚ ਕੀਤੀ ਜਾਵੇਗੀ। ਇਸ ਦੇ ਨਾਲ ਹੀ ਟੂਰਨਾਮੈਂਟ ਦੇ ਹਰ ਪੰਜਵੇਂ ਦਿਨ ਜਾਂਚ ਕੀਤੀ ਜਾਵੇਗੀ। ਤੀਜੀ ਵਾਰ ਨੈਗੇਟਿਵ ਆਉਣ ਤੋਂ ਬਾਅਦ ਹੀ ਟੀਮ ਦੇ ਮੈਂਬਰਾਂ ਨੂੰ ਇਕ-ਦੂਜੇ ਨੂੰ ਮਿਲਣ ਦੀ ਇਜਾਜ਼ਤ ਦਿੱਤੀ ਜਾ ਸਕਦੀ ਹੈ।

ਟੀਮ ਮੈਂਬਰਾਂ ਅਤੇ ਸਹਾਇਤਾ ਅਮਲੇ ਲਈ ਹਰ ਸਮੇਂ ਮਾਸਕ ਪਾਉਣਾ ਲਾਜ਼ਮੀ ਹੋਵੇਗਾ ਅਤੇ ਸਾਰਿਆਂ ਨੂੰ ਸਮਾਜਕ ਦੂਰੀ ਦਾ ਪਾਲਣ ਕਰਨਾ ਹੋਵੇਗਾ। ਖਿਡਾਰੀ ਇਕ ਹੀ ਜਗ੍ਹਾ ‘ਤੇ ਇਕੱਠੇ ਖਾਣਾ ਨਹੀਂ ਖਾ ਸਕਣਗੇ।