Cricketer Yash Dayal ਜਬਰ ਜ਼ਨਾਹ ਦੇ ਦੋਸ਼ ’ਚ ਹੋਣਗੇ ਗ੍ਰਿਫਤਾਰ
ਅਦਾਲਤ ਨੇ ਗ੍ਰਿਫ਼ਤਾਰੀ ਦੇ ਹੁਕਮਾਂ ਉਤੇ ਰੋਕ ਲਗਾਉਣ ਤੋਂ ਇਨਕਾਰ ਕੀਤਾ
ਜੈਪੁਰ : ਇੰਡੀਅਨ ਪ੍ਰੀਮੀਅਰ ਲੀਗ (ਆਈ.ਪੀ.ਐੱਲ.) ਦੇ ਖਿਡਾਰੀ ਯਸ਼ ਦਿਆਲ ਦੀਆਂ ਮੁਸ਼ਕਲਾਂ ਵਧ ਗਈਆਂ ਹਨ। ਇਕ ਨਾਬਾਲਗ ਲੜਕੀ ਨਾਲ ਜਬਰ ਜਨਾਹ ਕਰਨ ਦੇ ਮਾਮਲੇ ’ਚ ਰਾਜਸਥਾਨ ਹਾਈ ਕੋਰਟ ਨੇ ਯਸ਼ ਦਿਆਲ ਦੀ ਗ੍ਰਿਫਤਾਰੀ ਉਤੇ ਰੋਕ ਲਗਾਉਣ ਤੋਂ ਇਨਕਾਰ ਕਰ ਦਿਤਾ ਹੈ। ਹੁਣ ਜੈਪੁਰ ਪੁਲਿਸ ਯਸ਼ ਦਿਆਲ ਨੂੰ ਕਿਸੇ ਵੀ ਸਮੇਂ ਗ੍ਰਿਫਤਾਰ ਕਰ ਸਕਦੀ ਹੈ।
ਸੰਗਾਨੇਰ ਥਾਣੇ ਦੇ ਅਨੁਸਾਰ, ਪੀੜਤਾ ਸਿਰਫ 17 ਸਾਲ ਦੀ ਸੀ ਜਦੋਂ ਉਹ ਦੋ ਸਾਲ ਪਹਿਲਾਂ ਯਸ਼ ਦਿਆਲ ਦੇ ਸੰਪਰਕ ਵਿਚ ਆਈ ਸੀ। ਦੋਸ਼ ਹੈ ਕਿ ਯਸ਼ ਨੇ ਕ੍ਰਿਕਟ ’ਚ ਕਰੀਅਰ ਬਣਾਉਣ ਦੇ ਬਹਾਨੇ ਉਸ ਨਾਲ ਜਬਰ ਜਨਾਹ ਕੀਤਾ। ਹਾਲ ਹੀ ’ਚ ਆਈ.ਪੀ.ਐਲ.-2025 ਦੌਰਾਨ ਲੜਕੀ ਉਤੇ ਜੈਪੁਰ ਆਉਣ ਉਤੇ ਇਕ ਹੋਟਲ ’ਚ ਉਸ ਨਾਲ ਜਬਰ ਜਨਾਹ ਕਰਨ ਦਾ ਦੋਸ਼ ਲੱਗਾ ਸੀ। ਪੁਲਿਸ ਨੇ ਜਿਨਸੀ ਅਪਰਾਧਾਂ ਤੋਂ ਬੱਚਿਆਂ ਦੀ ਸੁਰੱਖਿਆ (ਪੋਕਸੋ) ਐਕਟ ਤਹਿਤ ਐਫ.ਆਈ.ਆਰ. ਦਰਜ ਕੀਤੀ ਹੈ। ਅਦਾਲਤ ’ਚ ਸੁਣਵਾਈ ਦੌਰਾਨ ਜਸਟਿਸ ਸੁਦੇਸ਼ ਬਾਂਸਲ ਦੀ ਬੈਂਚ ਨੇ ਸਪੱਸ਼ਟ ਤੌਰ ਉਤੇ ਕਿਹਾ ਕਿ ਪੀੜਤਾ ਨਾਬਾਲਗ ਹੈ, ਇਸ ਲਈ ਪੁਲਿਸ ਕਾਰਵਾਈ ਅਤੇ ਗ੍ਰਿਫਤਾਰੀ ਉਤੇ ਰੋਕ ਨਹੀਂ ਲਗਾਈ ਜਾ ਸਕਦੀ।
ਦਿਆਲ ਦੇ ਵਕੀਲ ਨੇ ਦਲੀਲ ਦਿਤੀ ਕਿ ਉਸ ਦੇ ਵਿਰੁਧ ਪਹਿਲਾਂ ਗਾਜ਼ੀਆਬਾਦ ਵਿਚ ਵੀ ਅਜਿਹਾ ਹੀ ਇਕ ਕੇਸ ਦਾਇਰ ਕੀਤਾ ਗਿਆ ਸੀ ਜਿਸ ਵਿਚ ਇਲਾਹਾਬਾਦ ਹਾਈ ਕੋਰਟ ਨੇ ਉਸ ਦੀ ਗ੍ਰਿਫਤਾਰੀ ਉਤੇ ਰੋਕ ਲਗਾ ਦਿਤੀ ਸੀ। ਪਰ ਅਦਾਲਤ ਨੇ ਜੈਪੁਰ ਕੇਸ ਨੂੰ ਲੈ ਕੇ ਸਖਤੀ ਵਿਖਾਈ ਅਤੇ ਕੇਸ ਡਾਇਰੀ ਤਲਬ ਕੀਤੀ ਅਤੇ ਅਗਲੀ ਸੁਣਵਾਈ 22 ਅਗੱਸਤ ਨੂੰ ਤੈਅ ਕੀਤੀ। ਪੁਲਿਸ ਸੂਤਰਾਂ ਦਾ ਕਹਿਣਾ ਹੈ ਕਿ ਜੇ ਯਸ਼ ਦਿਆਲ ਨੂੰ ਜਲਦੀ ਹਿਰਾਸਤ ਵਿਚ ਨਹੀਂ ਲਿਆ ਗਿਆ ਤਾਂ ਉਹ ਫਰਾਰ ਹੋ ਸਕਦਾ ਹੈ। ਅਜਿਹੇ ’ਚ ਕ੍ਰਾਈਮ ਬ੍ਰਾਂਚ ਦੀ ਟੀਮ ਨੂੰ ਸਰਗਰਮ ਕਰ ਦਿਤਾ ਗਿਆ ਹੈ।