ਭਾਰਤੀ ਕ੍ਰਿਕਟ ਕੰਟਰੋਲ ਬੋਰਡ (BCCI) ਦੇ ਨਵੇਂ ਪ੍ਰਧਾਨ ਦੀ ਚੋਣ 28 ਸਤੰਬਰ ਨੂੰ ਮੁੰਬਈ ਵਿਚ ਹੋਣ ਵਾਲੀ ਸਲਾਨਾ ਆਮ ਮੀਟਿੰਗ (Annual General Meeting) ਦੌਰਾਨ ਹੋਵੇਗੀ। ਇਹ ਬੋਰਡ ਦੀ 94ਵੀਂ ਸਲਾਨਾ ਆਮ ਮੀਟਿੰਗ ਹੈ। ਇਸ ਵਿੱਚ IPL ਅਤੇ WPL ਦੀ ਗਵਰਨਿੰਗ ਕੌਂਸਲ ਦੀ ਚੋਣ ਵੀ ਹੋਵੇਗੀ। 28 ਸਤੰਬਰ ਨੂੰ ਹੀ ਦੁਬਈ ਵਿਚ ਏਸ਼ੀਆ ਕੱਪ ਦਾ ਫਾਈਨਲ ਵੀ ਹੋਣਾ ਹੈ। BCCI ਇਸ ਟੂਰਨਾਮੈਂਟ ਦਾ ਮੇਜ਼ਬਾਨ ਹੈ, ਪਰ ਸਲਾਨਾ ਆਮ ਮੀਟਿੰਗ ਦੇ ਕਾਰਨ ਕੋਈ ਵੀ ਬੋਰਡ ਅਧਿਕਾਰੀ ਫਾਈਨਲ ਮੁਕਾਬਲੇ ਵਿੱਚ ਸ਼ਾਮਲ ਨਹੀਂ ਹੋ ਸਕੇਗਾ।
BCCI ਸਕੱਤਰ ਦੇਵਜੀਤ ਸੈਕੀਆ ਨੇ ਮੀਟਿੰਗ ਬਾਰੇ ਜਾਣਕਾਰੀ ਸਾਰੀਆਂ ਸਟੇਟ ਐਸੋਸੀਏਸ਼ਨ ਨੂੰ ਭੇਜ ਦਿੱਤੀ ਹੈ, ਜਿਸ ਵਿੱਚ ਦੱਸਿਆ ਗਿਆ ਹੈ ਕਿ ਪ੍ਰਧਾਨ, ਉਪ ਪ੍ਰਧਾਨ, ਸਕੱਤਰ, ਸੰਯੁਕਤ ਸਕੱਤਰ ਅਤੇ ਖਜ਼ਾਨਚੀ ਦੇ ਅਹੁਦਿਆਂ ਲਈ ਚੋਣਾਂ ਹੋਣ ਜਾ ਰਹੀਆਂ ਹਨ। ਇਸ ਮੀਟਿੰਗ ਵਿੱਚ BCCI ਅਪੈਕਸ ਕੌਂਸਲ ਦੇ 3 ਨਵੇਂ ਮੈਂਬਰ ਅਤੇ IPL-WPL ਦੇ ਗਵਰਨਿੰਗ ਕੌਂਸਲ ਦੀਆਂ ਚੋਣਾਂ ਵੀ ਹੋਣਗੀਆਂ। ਅਪੈਕਸ ਕੌਂਸਲ ਵਿੱਚ ਇੱਕ ਮੈਂਬਰ ਬੋਰਡ ਦੀ ਜਨਰਲ ਬਾਡੀ ਦਾ ਪ੍ਰਤੀਨਿਧੀ ਹੋਵੇਗਾ, ਜਦੋਂਕਿ 2 ਪ੍ਰਤੀਨਿਧੀ ਭਾਰਤੀ ਕ੍ਰਿਕਟਰਜ਼ ਐਸੋਸੀਏਸ਼ਨ ਤੋਂ ਚੁਣੇ ਜਾਣਗੇ।
BCCI ਚੋਣਾਂ ਵਿਚ ਚੁਣੇ ਗਏ ਉਮੀਦਵਾਰ ਅਗਲੇ 3 ਸਾਲ ਲਈ ਅਹੁਦੇ ’ਤੇ ਬਣੇ ਰਹਿਣਗੇ। ਹਾਲਾਂਕਿ ਅਜੇ ਇਹ ਸਪੱਸ਼ਟ ਨਹੀਂ ਹੈ ਕਿ ਰਾਸ਼ਟਰੀ ਖੇਡ ਬਿੱਲ ਦੇ ਲਾਗੂ ਹੋਣ ਤੋਂ ਬਾਅਦ ਵੀ ਇਹ ਕਾਰਜਕਾਲ ਜਾਰੀ ਰਹੇਗਾ ਜਾਂ ਨਹੀਂ। ਇਹ ਬਿੱਲ ਲਗਭਗ 6 ਮਹੀਨਿਆਂ ਬਾਅਦ ਲਾਗੂ ਹੋਵੇਗਾ, ਉਦੋਂ ਤੱਕ BCCI, ਸੁਪਰੀਮ ਕੋਰਟ ਵਿਚ ਲੋਢਾ ਕਮੇਟੀ ਦੁਆਰਾ ਦੱਸੇ ਗਏ ਸੰਵਿਧਾਨ ਦੀ ਹੀ ਪਾਲਣਾ ਕਰੇਗੀ।
ਪਿਛਲੇ ਦਿਨੀਂ 70 ਸਾਲ ਦੇ ਰੋਜਰ ਬਿੰਨੀ ਵੱਲੋਂ BCCI ਪ੍ਰਧਾਨ ਦਾ ਅਹੁਦਾ ਛੱਡਣ ਤੋਂ ਬਾਅਦ ਰਾਜੀਵ ਸ਼ੁਕਲਾ ਨੂੰ ਐਕਟਿੰਗ ਪ੍ਰਧਾਨ ਬਣਾਇਆ ਗਿਆ ਸੀ। ਲੋਢਾ ਕਮੇਟੀ ਮੁਤਾਬਕ 70 ਸਾਲ ਤੋਂ ਬਾਅਦ ਕੋਈ ਉਮੀਦਵਾਰ BCCI ਪ੍ਰਧਾਨ ਦਾ ਅਹੁਦਾ ਨਹੀਂ ਸੰਭਾਲ ਸਕਦਾ ਹੈ। ਇਸ ਲਈ ਬਿੰਨੀ ਨੂੰ ਅਹੁਦਾ ਛੱਡਣਾ ਪਿਆ ਸੀ।