ਐਂਟੀ ਨਾਰਕੋਟਿਕਸ ਸੈੱਲ ਨੇ ਲੁਧਿਆਣਾ 'ਚ ਸੱਟੇਬਾਜ਼ਾਂ 'ਤੇ ਮਾਰਿਆ ਛਾਪਾ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

8 ਗ੍ਰਿਫ਼ਤਾਰ, 6 ਲੱਖ ਦੀ ਨਕਦੀ ਬਰਾਮਦ 

Punjab News

ਲੁਧਿਆਣਾ : ਐਂਟੀ ਨਾਰਕੋਟਿਕਸ ਸੈੱਲ-1 ਨੇ ਪੰਜਾਬ ਦੇ ਲੁਧਿਆਣਾ 'ਚ ਸੱਟੇਬਾਜ਼ਾਂ 'ਤੇ ਛਾਪੇਮਾਰੀ ਕੀਤੀ। ਪੁਲੀਸ ਨੇ ਛਾਪੇਮਾਰੀ ਦੌਰਾਨ 8 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਕਰੀਬ 6 ਲੱਖ ਰੁਪਏ ਦੀ ਨਕਦੀ ਵੀ ਬਰਾਮਦ ਕੀਤੀ ਗਈ ਹੈ। ਪੁਲਿਸ  ਨੇ ਜਿਵੇਂ ਹੀ ਛਾਪਾ ਮਾਰਿਆ ਤਾਂ ਬਦਮਾਸ਼ ਘਬਰਾ ਗਏ ਅਤੇ ਭੱਜਣ ਦੀ ਕੋਸ਼ਿਸ਼ ਕਰਨ ਲੱਗੇ ਪਰ ਪੁਲਿਸ  ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਪੁਲਿਸ ਨੂੰ ਸੂਚਨਾ ਮਿਲੀ ਸੀ ਕਿ ਕਤਲ ਕੇਸ ਦਾ ਮੁਲਜ਼ਮ ਜ਼ਮਾਨਤ 'ਤੇ ਬਾਹਰ ਆ ਕੇ ਵੱਡੇ ਪੱਧਰ 'ਤੇ ਜੂਆ ਖੇਡ ਰਿਹਾ ਹੈ। ਮੁਲਜ਼ਮਾਂ ਦੀ ਪਛਾਣ ਦਰਸ਼ਨ ਸਿੰਘ, ਸਾਹਿਲ ਮੱਕੜ, ਅਵਤਾਰ ਸਿੰਘ, ਰਾਹੁਲ ਕੁਮਾਰ, ਪ੍ਰਦੀਪ ਅਰੋੜਾ, ਰਾਹੁਲ ਕੁਮਾਰ, ਤਜਿੰਦਰ ਸਿੰਘ, ਸ਼ਿਵ ਕੁਮਾਰ ਵਜੋਂ ਹੋਈ ਹੈ। ਮੁਲਜ਼ਮਾਂ ਦਾ ਮਾਸਟਰ ਮਾਈਂਡ ਤਜਿੰਦਰ ਸਿੰਘ ਹੈ।

ਮੁਲਜ਼ਮ ਤਜਿੰਦਰ ਖ਼ਿਲਾਫ਼ ਪਹਿਲਾਂ ਵੀ ਆਈਪੀਸੀ 302, ਬਸਤੀ ਜੋਧੇਵਾਲ ਥਾਣੇ ਅਤੇ ਸਲੇਮਟਾਬਰੀ ਥਾਣੇ ਵਿੱਚ ਕੇਸ ਦਰਜ ਹੈ। ਪੁਲਿਸ ਨੇ ਚਾਂਦਨੀ ਚੌਕ, ਲਕਸ਼ਮੀ ਪੁਰੀ, ਸਲੇਮਟਾਬਰੀ, ਜੱਗੂ ਕਰਿਆਨਾ ਸਟੋਰ ਦੇ ਕੋਲ ਵਾਲੀ ਗਲੀ ਵਿੱਚ ਛਾਪੇਮਾਰੀ ਕੀਤੀ। ਮੁਲਜ਼ਮਾਂ ਨੇ ਇੱਕ ਮਿੰਨੀ ਕੈਸੀਨੋ ਕਿਸਮ ਦਾ ਸਟਾਪ ਬਣਾਇਆ ਹੋਇਆ ਸੀ, ਜਿੱਥੇ ਸ਼ਰੇਆਮ ਸੱਟਾ ਚੱਲ ਰਿਹਾ ਸੀ।

ਪੁਲਿਸ ਨੇ ਛਾਪੇਮਾਰੀ ਤੋਂ ਪਹਿਲਾਂ ਇਲਾਕੇ ਨੂੰ ਘੇਰ ਲਿਆ। ਛਾਪੇਮਾਰੀ ਦੌਰਾਨ ਕੁਝ ਲੋਕਾਂ ਨੇ ਭੱਜਣ ਦੀ ਕੋਸ਼ਿਸ਼ ਕੀਤੀ, ਪਰ ਸਮੇਂ ਸਿਰ ਉਨ੍ਹਾਂ ਨੂੰ ਫੜ ਲਿਆ ਗਿਆ। ਮੁਲਜ਼ਮਾਂ ਕੋਲੋਂ 6 ਲੱਖ 3 ਹਜ਼ਾਰ 800 ਰੁਪਏ, 110 ਟੋਕਨ, 7 ਡਾਇਸ, 3 ਕਾਰਡ ਬਰਾਮਦ ਹੋਏ ਹਨ। ਮੁਲਜ਼ਮਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਸੱਟੇਬਾਜ਼ੀ ਦੇ ਮਾਸਟਰਮਾਈਂਡ ਤਜਿੰਦਰ ਸਿੰਘ ਦਾ ਪਿਤਾ ਸਾਬਕਾ ਹੋਮਗਾਰਡ ਰਹਿ ਚੁੱਕਾ ਹੈ। ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕਰ ਕੇ ਰਿਮਾਂਡ ਲਿਆ ਜਾਵੇਗਾ।