Angelo Mathews timed out: ਅੰਤਰਰਾਸ਼ਟਰੀ ਕ੍ਰਿਕਟ ਵਿਚ Timed Out ਹੋਣ ਵਾਲੇ ਪਹਿਲੇ ਬੱਲੇਬਾਜ਼ ਬਣੇ ਐਂਜੇਲੋ ਮੈਥਿਊਜ਼

ਏਜੰਸੀ

ਖ਼ਬਰਾਂ, ਖੇਡਾਂ

ਬੰਗਲਾਦੇਸ਼ ਵਿਰੁਧ ਮੈਚ ’ਚ ਦੋ ਮਿੰਟਾਂ ਅੰਦਰ ਬੱਲੇਬਾਜ਼ੀ ਲਈ ਨਾ ਪਹੁੰਚ ਸਕਣ ਦੇ ਨਿਯਮ ਦੀ ਪਾਲਣਾ ਨਾ ਕਰ ਸਕੇ, ਹੋਏ ਆਊਟ

Angelo Mathews becomes first batter to be timed out

Angelo Mathews timed out News:  ਸ਼੍ਰੀਲੰਕਾ ਦੇ ਦਿੱਗਜ ਬੱਲੇਬਾਜ਼ ਐਂਜੇਲੋ ਮੈਥਿਊਜ਼ ਨੂੰ ਸੋਮਵਾਰ ਨੂੰ ਇਥੇ ਆਈਸੀਸੀ ਕ੍ਰਿਕਟ ਵਿਸ਼ਵ ਕੱਪ ਵਿਚ ਬੰਗਲਾਦੇਸ਼ ਵਿਰੁਧ 'ਟਾਈਮ ਆਊਟ' ਦਿਤਾ ਗਿਆ ਅਤੇ ਉਹ ਅੰਤਰਰਾਸ਼ਟਰੀ ਕ੍ਰਿਕਟ ਵਿਚ ਇਸ ਤਰ੍ਹਾਂ ਆਊਟ ਹੋਣ ਵਾਲੇ ਪਹਿਲੇ ਬੱਲੇਬਾਜ਼ ਬਣ ਗਏ।

ਸਦਿਰਾ ਸਮਰਵਿਕਰਮ ਦੇ ਆਊਟ ਹੋਣ ਤੋਂ ਬਾਅਦ ਜਿਵੇਂ ਹੀ ਮੈਥਿਊਜ਼ ਕ੍ਰੀਜ਼ 'ਤੇ ਪਹੁੰਚੇ ਅਤੇ ਹੈਲਮੇਟ ਪਾਉਣ ਲੱਗੇ ਤਾਂ ਉਸ ਦਾ ਸਟ੍ਰੈਪ ਟੁੱਟ ਗਿਆ। ਉਸ ਨੇ ਡਰੈਸਿੰਗ ਰੂਮ ਤੋਂ ਇਕ ਹੋਰ ਹੈਲਮੇਟ ਲਿਆਉਣ ਦਾ ਇਸ਼ਾਰਾ ਕੀਤਾ ਪਰ ਇਸ ਵਿਚ ਕਾਫੀ ਸਮਾਂ ਲੱਗ ਗਿਆ। ਇਸ ਦੌਰਾਨ ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਨੇ ਮੈਥਿਊਜ਼ ਦੇ ਵਿਰੁਧ ਟਾਈਮ ਆਊਟ ਦੀ ਅਪੀਲ ਕੀਤੀ ਅਤੇ ਅੰਪਾਇਰ ਮਰੇਸ ਇਰੇਸਮਸ ਨੇ ਉਸ ਨੂੰ ਆਊਟ ਘੋਸ਼ਿਤ ਕਰ ਦਿਤਾ।

ਮੈਥਿਊਜ਼ ਨੇ ਅੰਪਾਇਰ ਅਤੇ ਸ਼ਾਕਿਬ ਨਾਲ ਗੱਲ ਕੀਤੀ ਅਤੇ ਅਪਣੇ ਹੈਲਮੇਟ ਦੀ ਟੁੱਟੀ ਹੋਈ ਪੱਟੀ ਵੀ ਦਿਖਾਈ ਪਰ ਬੰਗਲਾਦੇਸ਼ ਦੇ ਕਪਤਾਨ ਨੇ ਅਪੀਲ ਵਾਪਸ ਲੈਣ ਤੋਂ ਇਨਕਾਰ ਕਰ ਦਿਤਾ ਅਤੇ ਸ਼੍ਰੀਲੰਕਾਈ ਬੱਲੇਬਾਜ਼ ਨੂੰ ਵਾਪਸ ਪਰਤਣਾ ਪਿਆ। ਇਸ ਤੋਂ ਮੈਥਿਊਜ਼ ਕਾਫੀ ਗੁੱਸੇ 'ਚ ਨਜ਼ਰ ਆਏ ਅਤੇ ਉਨ੍ਹਾਂ ਨੇ ਬਾਊਂਡਰੀ 'ਤੇ ਸਾਰਿਆਂ ਨੂੰ ਅਪਣੇ ਹੈਲਮੇਟ ਦੀ ਟੁੱਟੀ ਹੋਈ ਪੱਟੀ ਦਿਖਾਈ ਅਤੇ ਫਿਰ ਗੁੱਸੇ 'ਚ ਉਸ ਨੂੰ ਜ਼ਮੀਨ 'ਤੇ ਜ਼ੋਰ ਨਾਲ ਮਾਰਿਆ।

ਕ੍ਰਿਕਟ ਦੀ ਖੇਡ ਦੇ ਸਰਪ੍ਰਸਤਮੈਰੀਲੇਬੋਨ ਕ੍ਰਿਕਟ ਕਲੱਬ (ਐਮ.ਸੀ.ਸੀ.) ਦੇ ਨਿਯਮ 40.1.1 ਦੇ ਅਨੁਸਾਰ ਕਿਸੇ ਬੱਲੇਬਾਜ਼ ਦੇ ਆਉਣ ਹੋਣ ’ਤੇ  ਜੇਕਰ ਅਗਲਾ ਬੱਲੇਬਾਜ਼ ਨਿਯਮਤ ਸਮੇਂ ਦੇ ਅੰਦਰ ਅਗਲੀ ਗੇਂਦ ਦਾ ਸਾਹਮਣਾ ਨਹੀਂ ਕਰਦਾ ਹੈ, ਤਾਂ ਉਸ ਨੂੰ ਟਾਈਮ ਆਊਟ ਦਿਤਾ ਜਾ ਸਕਦਾ ਹੈ।  

ਇਸ ਤੋਂ ਪਹਿਲਾਂ 2006-07 'ਚ ਨਿਊਲੈਂਡਸ 'ਚ ਇਕ ਟੈਸਟ ਮੈਚ ਦੌਰਾਨ ਦੱਖਣੀ ਅਫਰੀਕਾ ਦੇ ਤਤਕਾਲੀ ਕਪਤਾਨ ਗ੍ਰੀਮ ਸਮਿਥ ਨੇ ਮਹਾਨ ਬੱਲੇਬਾਜ਼ ਸਚਿਨ ਤੇਂਦੁਲਕਰ ਵਿਰੁਧ 'ਟਾਈਮ ਆਊਟ' ਦੀ ਅਪੀਲ ਨਹੀਂ ਕੀਤੀ ਸੀ ਭਾਵੇਂ ਉਹ ਕ੍ਰੀਜ਼ 'ਤੇ ਦੇਰੀ ਨਾਲ ਪਹੁੰਚੇ ਸਨ।