Junior Hockey WC: ਫ੍ਰਾਂਸ ਨੇ ਭਾਰਤ ਦੀ ਆਖ਼ਰੀ ਉਮੀਦ ਤੋੜੀ, ਕਾਂਸੀ ਦਾ ਤਮਗਾ ਵੀ ਨਹੀਂ ਲੱਗਿਆ ਹੱਥ

ਏਜੰਸੀ

ਖ਼ਬਰਾਂ, ਖੇਡਾਂ

ਭਾਰਤ ਨੂੰ ਕਾਂਸੀ ਦੇ ਤਮਗੇ ਦੇ ਪਲੇਆਫ ਮੈਚ ਵਿਚ ਫਰਾਂਸ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ

Junior Hockey World Cup

 

ਭੁਵਨੇਸ਼ਵਰ - ਭਾਰਤੀ ਹਾਕੀ ਟੀਮ ਨੂੰ ਐਤਵਾਰ ਨੂੰ ਐਫਆਈਐਚ ਜੂਨੀਅਰ ਹਾਕੀ ਵਿਸ਼ਵ ਕੱਪ ਵਿਚ ਵੱਡਾ ਝਟਕਾ ਲੱਗਾ ਹੈ। ਮੌਜੂਦਾ ਚੈਂਪੀਅਨ ਭਾਰਤ ਨੂੰ ਕਾਂਸੀ ਦੇ ਤਮਗੇ ਦੇ ਪਲੇਆਫ ਮੈਚ ਵਿਚ ਫਰਾਂਸ ਤੋਂ 1-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਫਰਾਂਸ ਦੇ ਕਪਤਾਨ ਟਿਮੋਥੀ ਕਲੇਮੈਂਟ ਨੇ ਮੇਜ਼ਬਾਨ ਭਾਰਤ ਦੇ ਖਿਲਾਫ ਹੈਟ੍ਰਿਕ ਲਗਾ ਕੇ ਆਪਣੇ ਦੇਸ਼ ਲਈ ਕਾਂਸੀ ਦਾ ਤਗਮਾ ਪੱਕਾ ਕਰ ਲਿਆ। 

ਫਰਾਂਸ ਲਈ ਕਲੇਮੈਂਟ ਨੇ 26ਵੇਂ, 34ਵੇਂ ਅਤੇ 47ਵੇਂ ਮਿੰਟ ਵਿਚ ਗੋਲ ਕੀਤੇ। ਉਸ ਨੇ ਤਿੰਨੇ ਗੋਲ ਪੈਨਲਟੀ ਕਾਰਨਰ ਤੋਂ ਕੀਤੇ। ਭਾਰਤ ਲਈ ਇੱਕਮਾਤਰ ਗੋਲ ਸੁਦੀਪ ਚਿਰਾਮਾਕੋ ਨੇ 42ਵੇਂ ਮਿੰਟ ਵਿਚ ਕੀਤਾ। ਕੁਆਰਟਰ ਫਾਈਨਲ ਵਿਚ ਬੈਲਜੀਅਮ ਖ਼ਿਲਾਫ਼ ਸ਼ਾਨਦਾਰ ਪ੍ਰਦਰਸ਼ਨ ਤੋਂ ਬਾਅਦ ਭਾਰਤੀਆਂ ਦਾ ਇਹ ਲਗਾਤਾਰ ਦੂਜਾ ਫਲਾਪ ਪ੍ਰਦਰਸ਼ਨ ਸੀ। ਤੀਜੇ-ਚੌਥੇ ਸਥਾਨ ਦਾ ਮੈਚ ਭਾਰਤ ਲਈ ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਫਰਾਂਸ ਤੋਂ 4-5 ਨਾਲ ਮਿਲੀ ਹਾਰ ਦਾ ਬਦਲਾ ਲੈਣ ਦਾ ਮੌਕਾ ਸੀ ਪਰ ਅਜਿਹਾ ਨਹੀਂ ਹੋ ਸਕਿਆ। ਯੂਰਪੀਅਨ ਟੀਮ ਨੇ ਆਪਣੇ ਪ੍ਰਦਰਸ਼ਨ ਨਾਲ ਮੇਜ਼ਬਾਨਾਂ 'ਤੇ ਦਬਦਬਾ ਬਣਾਈ ਰੱਖਿਆ। 

ਕਾਂਸੀ ਤਮਗੇ ਦੇ ਪਲੇਆਫ਼ ਮੈਚ ਵਿਚ ਫਰਾਂਸ ਦੀ ਟੀਮ ਕਾਫੀ ਬਿਹਤਰ ਰਹੀ। ਉਸ ਨੇ ਭਾਰਤ ਖ਼ਿਲਾਫ਼ ਪਹਿਲੇ ਕੁਆਰਟਰ ਵਿਚ ਹੌਲੀ ਸ਼ੁਰੂਆਤ ਤੋਂ ਬਾਅਦ ਕਾਬੂ ਪਾ ਲਿਆ ਅਤੇ 14 ਪੈਨਲਟੀ ਕਾਰਨਰ ਹਾਸਲ ਕੀਤੇ। ਦੂਜੇ ਪਾਸੇ ਭਾਰਤੀ ਟੀਮ ਸਿਰਫ਼ ਤਿੰਨ ਪੈਨਲਟੀ ਕਾਰਨਰ ਹੀ ਹਾਸਲ ਕਰ ਸਕੀ। ਭਾਰਤ ਨੇ ਚੰਗੀ ਸ਼ੁਰੂਆਤ ਕੀਤੀ ਅਤੇ ਪਹਿਲੇ ਕੁਆਰਟਰ 'ਚ ਫਰਾਂਸ ਦੀ ਰੱਖਿਆਤਮਕ ਲਾਈਨ 'ਤੇ ਦਬਾਅ ਬਣਾ ਦਿੱਤਾ ਸੀ। 

ਜਿਸ 'ਚ ਉਸ ਨੂੰ ਮੈਚ ਦੇ ਪਹਿਲੇ ਹੀ ਮਿੰਟ 'ਚ ਪੈਨਲਟੀ ਕਾਰਨਰ ਮਿਲਿਆ ਪਰ ਮੇਜ਼ਬਾਨ ਟੀਮ ਇਸ ਦਾ ਫਾਇਦਾ ਉਠਾਉਣ 'ਚ ਨਾਕਾਮ ਰਹੀ। ਭਾਰਤੀਆਂ ਨੇ ਕੋਸ਼ਿਸ਼ ਜਾਰੀ ਰੱਖੀ ਅਤੇ ਟੀਮ 12ਵੇਂ ਮਿੰਟ ਵਿਚ ਬੜ੍ਹਤ ਦੇ ਨੇੜੇ ਪਹੁੰਚ ਗਈ ਜਦੋਂ ਅਰਿਜੀਤ ਸਿੰਘ ਹੁੰਦਲ ਨੇ ਸਰਕਲ ਦੇ ਉੱਪਰੋਂ ਗੋਲ ਕਰਨ ਦੀ ਕੋਸ਼ਿਸ਼ ਕੀਤੀ, ਪਰ ਇਹ ਪੋਸਟ ਵਿਚ ਲੱਗ ਗਿਆ।

ਫਰਾਂਸ ਨੇ ਪਹਿਲੇ ਕੁਆਰਟਰ ਦੇ ਅੰਤ ਵਿਚ ਕੁਝ ਕੋਸ਼ਿਸ਼ ਕੀਤੀ ਅਤੇ ਲਗਾਤਾਰ ਤਿੰਨ ਪੈਨਲਟੀ ਕਾਰਨਰ ਹਾਸਲ ਕੀਤੇ ਪਰ ਭਾਰਤੀ ਰੱਖਿਆਤਮਕ ਲਾਈਨ ਨੇ ਆਪਣੇ ਵਿਰੋਧੀਆਂ ਨੂੰ ਦੂਰ ਰੱਖਿਆ। ਫਰਾਂਸ ਨੇ ਦੂਜੇ ਕੁਆਰਟਰ ਵਿਚ ਵੀ ਹਮਲੇ ਜਾਰੀ ਰੱਖੇ। ਦੂਜੇ ਕੁਆਰਟਰ ਦੇ ਤੀਜੇ ਮਿੰਟ ਵਿਚ ਉਸ ਨੂੰ ਇੱਕ ਹੋਰ ਪੈਨਲਟੀ ਕਾਰਨਰ ਮਿਲਿਆ ਜੋ ਸਫਲ ਨਹੀਂ ਹੋ ਸਕਿਆ। ਭਾਰਤ ਨੇ ਵੀ ਕੁਝ ਮੌਕੇ ਬਣਾਏ ਪਰ ਉਹ ਫਰਾਂਸੀਸੀ ਸਰਕਲ ਦੇ ਅੰਦਰ ਨਾਕਾਮ ਰਹੇ।

ਇਸ ਦੇ ਨਾਲ ਹੀ ਅਰਜਨਟੀਨਾ 16 ਸਾਲ ਬਾਅਦ ਫਿਰ ਤੋਂ ਜੂਨੀਅਰ ਵਿਸ਼ਵ ਚੈਪੀਅਨ ਬਣ ਗਿਆ। ਤੀਜੀ ਵਾਰ ਫਾਈਨਲ ਖੇਡਣ ਵਾਲੇ ਅਰਜਨਟੀਨਾ ਨੇ 6 ਵਾਰ ਦੇ ਚੈਂਪੀਅਨ ਜਰਮਨੀ ਨੂੰ 4-2 ਨਾਲ ਹਰਾਇਆ। ਅਰਜਨਟੀਨਾ ਦਾ ਇਹ ਦੂਜਾ ਖ਼ਿਤਾਬ ਹੈ। ਇਸ ਤੋਂ ਪਹਿਲਾਂ ਉਸ ਨੇ 2005 ਵਿਚ ਆਸਟਰੇਲੀਆ ਨੂੰ ਹਰਾ ਕੇ ਖ਼ਿਤਾਬ ਜਿੱਤਿਆ ਸੀ। ਅਰਜਨਟੀਨਾ ਲਈ ਲੋਟਾਰੋ ਡੋਮੇਨੇ 10ਵੇਂ, 25ਵੇਂ, 50ਵੇਂ ਮਿੰਟ) ਨੇ ਹੈਟ੍ਰਿਕ ਬਣਾਈ। ਉਹਨਾਂ ਨੇ ਇਹ ਤਿੰਨੋਂ ਗੋਲ ਪੈਨਲਟੀ ਕਾਰਨਰ 'ਤੇ ਕੀਤੇ। ਪੰਜ ਸਾਲ ਪਹਿਲਾਂ (2016)ਕਾਂਸੀ ਦਾ ਤਮਗਾ ਜਿੱਤਣ ਵਾਲੀ  ਜਰਮਨੀ ਦੇ ਲਈ ਜੂਲੀਬਸ ਹਾਈਨਰ 36ਵੇਂ ਮਿੰਟ ਅਤੇ ਮਾਸ ਪਫੰਇਟ 47ਵੇਂ ਦੇ ਇਕ-ਇਕ ਗੋਲ ਕੀਤਾ। ਅਰਜਨਟੀਨਾ ਨੇ ਪਹਿਲੇ ਕਵਾਟਰ ਵਿਚ ਜਰਮਨੀ ਦੀ ਡਿਫੈਂਸ 'ਤੇ ਦਬਾਅ ਪਾ ਕੇ ਮੈਚ ਦੀ ਸ਼ੁਰੂਆਤ 'ਚ ਹੀ ਅਪਣਾ ਦਬਦਬਾ ਬਣਾ ਲਿਆ।