ਸੂਚਨਾ ਕਮਿਸ਼ਨ ਵਲੋਂ BDPO ਪਾਤੜਾਂ ਖ਼ਿਲਾਫ਼ ਪੁਲਿਸ ਵਾਰੰਟ ਜਾਰੀ

ਏਜੰਸੀ

ਖ਼ਬਰਾਂ, ਖੇਡਾਂ

RTI ਕਾਰਕੁੰਨ ਵਲੋਂ ਪੰਚਾਇਤ ਸਬੰਧੀ ਮੰਗੇ ਵੇਰਵੇ ਦਾ ਨਹੀਂ ਦਿੱਤਾ ਸੀ ਜਵਾਬ 

Punjab News

ਪਾਤੜਾਂ : ਆਰ.ਟੀ.ਆਈ. ਐਕਟ ਦੀ ਉਲੰਘਣਾ ਕਰਨ ਦੇ ਮਾਮਲੇ ਵਿਚ ਬੀਡੀਪੀਓ ਪਾਤੜਾਂ ਖ਼ਿਲਾਫ਼ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ। ਪੰਜਾਬ ਰਾਜ ਸੂਚਨਾ ਕਮਿਸ਼ਨ ਵਲੋਂ ਬੀਡੀਪੀਓ ਖ਼ਿਲਾਫ਼ ਪੁਲਿਸ ਵਰੰਟ ਜਾਰੀ ਕੀਤੇ ਗਏ ਹਨ। 

ਦਰਅਸਲ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਮੰਗੀ ਗਈ ਜਾਣਕਾਰੀ ਦਾ ਜਵਾਬ ਨਾ ਦੇਣ ਅਤੇ ਸੂਚਨਾ ਕਮਿਸ਼ਨ ਕੋਲ ਪੇਸ਼ ਨਾ ਹੋਣ ਦੇ ਚਲਦੇ ਕਮਿਸ਼ਨ ਵਲੋਂ ਇਹ ਕਾਰਵਾਈ ਕੀਤੀ ਗਈ ਹੈ। ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਕਈ ਵਾਰ ਇਸ ਦਫਤਰ ਨੂੰ ਜੁਰਮਾਨੇ ਅਤੇ ਹਰਜਾਨੇ ਪੈ ਚੁੱਕੇ ਹਨ ਪਰ ਲੋਕ ਸੂਚਨਾ ਅਧਿਕਾਰ ਐਕਟ ਦੀ ਪਾਲਣਾ ਕਰਨ ਦੀ ਬਜਾਇ ਅਣਗਹਿਲੀ ਵਰਤਦੇ ਆ ਰਹੇ ਹਨ।

ਪੂਰੇ ਮਾਮਲੇ ਦੀ ਜਾਣਕਾਰੀ ਦਿੰਦਿਆਂ ਆਰ.ਟੀ.ਆਈ. ਮਾਹਰ ਅਤੇ ਲੋਕ ਜਾਗ੍ਰਤੀ ਮੰਚ ਦੇ ਸੂਬਾ ਪ੍ਰਧਾਨ ਬ੍ਰਿਸ ਭਾਨ ਬੁਜਰਕ ਨੇ ਦੱਸਿਆ ਕਿ ਸੂਚਨਾ ਦੇ ਅਧਿਕਾਰ ਐਕਟ 2005 ਤਹਿਤ ਬਲਾਕ ਵਿਕਾਸ ਪੰਚਾਇਤ ਅਫਸਰ ਪਾਤੜਾਂ ਕੋਲੋਂ ਸ਼ੁਤਰਾਣਾ ਪੰਚਾਇਤ ਸਬੰਧੀ ਰਿਕਾਰਡ ਮੰਗਿਆ ਗਿਆ ਸੀ ਪਰ ਲੋਕ ਸੂਚਨਾ ਅਧਿਕਾਰੀ ਨੇ ਇਸ ਦਾ ਕੋਈ ਜਵਾਬ ਨਹੀਂ ਦਿੱਤਾ ਗਿਆ। 

ਇਸ ਦੇ ਚਲਦੇ ਇਹ ਮਾਮਲਾ ਸੂਚਨਾ ਕਮਿਸ਼ਨ ਕੋਲ ਪਹੁੰਚ ਗਿਆ ਅਤੇ ਉਥੇ ਵਾਰ-ਵਾਰ ਬੁਲਾਉਣ 'ਤੇ ਵੀ ਕੋਈ ਹਾਜ਼ਰ ਨਹੀਂ ਹੋਈਆਂ। ਨਤੀਜਨ ਪੰਜਾਬ ਰਾਜ ਸੂਚਨਾ ਕਮਿਸ਼ਨਰ ਮਨਿੰਦਰ ਸਿੰਘ ਪੱਟੀ ਵਲੋਂ ਐਸ.ਐਸ.ਪੀ. ਪਟਿਆਲਾ ਰਾਹੀਂ ਬੀਡੀਪੀਓ ਪਾਤੜਾਂ ਨੂੰ ਪੇਸ਼ ਕਰਨ ਲਈ ਲਿਖਤੀ ਰੂਪ ਵਿਚ ਕਿਹਾ ਗਿਆ ਹੈ।

ਆਰ.ਟੀ.ਆਈ. ਮਾਹਰ ਬ੍ਰਿਸ ਭਾਨ ਬੁਜਰਕ ਨੇ ਕਿਹਾ ਕੇ ਬਲਾਕ ਪੰਚਾਇਤ ਅਤੇ ਵਿਕਾਸ ਅਫਸਰ ਪਾਤੜਾਂ ਕੋਲੋਂ ਲੋਕਾਂ ਵਲੋਂ ਮੰਗੀ ਜਾਂਦੀ ਆਰ.ਟੀ.ਆਈ. ਦਾ ਕੋਈ ਜਵਾਬ ਨਹੀਂ ਮਿਲਦਾ ਸਗੋਂ ਲੋਕਾਂ ਨੂੰ ਹੀ ਖੱਜਲ-ਖੁਆਰ ਕੀਤਾ ਜਾਂਦਾ ਹੈ। ਜਿਸ ਕਾਰਨ ਲੋਕਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।

ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਸੂਚਨਾ ਕਮਿਸ਼ਨ ਕੋਲ ਪੇਸ਼ ਨਾ ਹੋਣ ਅਤੇ 10 ਹਜ਼ਾਰ ਰੁਪਏ ਦਾ ਜੁਰਮਾਨਾ ਨਾ ਭਰਨ ਕਰ ਕੇ ਨਗਰ ਕੌਂਸਲ ਸੁਨਾਮ ਨਾਲ ਸਬੰਧਤ ਈ.ਓ. ਦੇ ਵਾਰੰਟ ਕੱਢਦੇ ਜਾ ਚੁੱਕੇ ਹਨ।