ਭਾਰਤੀ ਮਹਿਲਾ ਕ੍ਰਿਕਟ ਟੀਮ ਵੀ ਪਹਿਲੇ ਟੀ-20 ਮੁਕਾਬਲੇ 'ਚ ਹਾਰੀ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਪਹਿਲੇ ਟੀ-20 ਮੁਕਾਬਲੇ ਵਿਚ ਭਾਰਤ ਨੂੰ 23 ਦੌੜਾਂ ਨਾਲ ਹਰਾ ਦਿੱਤਾ.....

Indian women's cricket team also lost

ਵੈਲਿੰਗਟਨ : ਨਿਊਜ਼ੀਲੈਂਡ ਮਹਿਲਾ ਕ੍ਰਿਕਟ ਟੀਮ ਨੇ ਸੋਮਵਾਰ ਨੂੰ ਪਹਿਲੇ ਟੀ-20 ਮੁਕਾਬਲੇ ਵਿਚ ਭਾਰਤ ਨੂੰ 23 ਦੌੜਾਂ ਨਾਲ ਹਰਾ ਦਿੱਤਾ। ਵੇਲਿੰਗਟਨ ਦੇ ਵੈਸਟਪੈਕ ਮੈਦਾਨ ਵਿਚ ਖੇਡੇ ਗਏ ਪਹਿਲੇ ਮੁਕਾਬਲੇ ਵਿਚ ਮੇਜ਼ਬਾਨ ਨਿਊਜ਼ੀਲੈਂਡ ਨੇ ਭਾਰਤ ਨੂੰ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ। ਨਿਊਜ਼ੀਲੈਂਡ ਨੇ ਪਹਿਲਾਂ ਬੱਲੇਬਾਜ਼ੀ ਕਰਦਿਆਂ 4 ਵਿਕਟਾਂ ਦੇ ਨੁਕਸਾਨ 'ਤੇ 20 ਓਵਰਾਂ ਵਿਚ 159 ਦੌੜਾਂ ਬਣਾਈਆਂ ਸੀ। ਨਿਊਜ਼ੀਲੈਂਡ ਵਲੋਂ ਸੋਫੀ ਡਿਵਾਈਨ ਨੇ ਤਾਬੜਤੋੜ ਬੱਲੇਬਾਜ਼ੀ ਕਰਦਿਆਂ 48 ਗੇਂਦਾਂ ਵਿਚ 6 ਚੌਕਿਆਂ ਅਤੇ 2 ਛੱਕਿਆਂ ਦੀ ਮਦਦ ਨਾਲ 62 ਦੌੜਾਂ ਬਣਾਈਆਂ। ਇਸ ਤੋਂ ਇਲਾਵਾ ਕਪਤਾਨ ਐਮੀ ਸਟਰਥਵੇਟ ਨੇ

27 ਗੇਂਦਾਂ ਵਿਚ 4 ਚੌਕਿਆਂ ਦੀ ਮਦਦ ਨਾਲ 33 ਦੌੜਾਂ ਬਣਾਈਆਂ। ਦੋਵਾਂ ਦੀ ਸ਼ਾਨਦਾਰ ਬੱਲੇਬਾਜ਼ੀ ਤੋਂ ਬਾਅਦ ਮਾਰਟਿਨ ਦੀ 14 ਗੇਂਦਾਂ ਵਿਚ 27 ਦੌੜਾਂ ਦੀ ਪਾਰੀ ਦੀ ਬਦੌਲਤ ਨਿਊਜ਼ੀਲੈਂ ਦੀ ਟੀਮ ਨੇ ਭਾਰਤ ਨੂੰ 160 ਦੌੜਾਂ ਦੀ ਟੀਚਾ ਦਿਤਾ। ਇਸ ਟੀਚੇ ਦਾ ਪਿੱਛਾ ਕਰਨ ਉਤਰੀ ਭਾਰਤੀ ਮਹਿਲਾ ਟੀਮ ਦੀ ਸ਼ੁਰੂਆਤ ਚੰਗੀ ਨਹੀਂ ਰਹੀ ਅਤੇ ਸਲਾਮੀ ਬੱਲੇਬਾਜ਼ ਪ੍ਰਿਯਾ ਪੁਨੀਆ 4 ਦੌੜਾਂ ਬਣਾ ਕੇ ਆਊਟ ਹੋ ਗਈ। ਸ਼ੁਰੂਆਤੀ ਝਟਕੇ ਤੋਂ ਬਾਅਦ ਸਮ੍ਰਿਤੀ ਮੰਧਾਨਾ ਅਤੇ ਜੇਮਿਮਾਹ ਰਾਡ੍ਰਿਕਸ ਦੀ ਸੰਭਲੀ ਸਾਂਝੇਦਾਰੀ ਨਾਲ ਭਾਰਤ ਨੇ ਮੈਚ ਵਿਚ ਵਾਪਸੀ ਕੀਤੀ।

ਮੰਧਾਨਾ ਨੇ ਬਿਹਤਰੀਨ ਪਾਰੀ ਖੇਡਦਿਆਂ 34 ਗੇਂਦਾਂ ਵਿਚ 7 ਚੌਕੇ ਅਤੇ 3 ਛੱਕਿਆਂ ਦੀ ਮਦਦ ਨਾਲ 58 ਦੌੜਾਂ ਜਦਕਿ ਰਾਡ੍ਰਿਕਸ ਨੇ 33 ਗੇਂਦਾਂ ਵਿਚ 39 ਦੌੜਾਂ ਦੀ ਪਾਰੀ ਖੇਡੀ। ਮੰਧਾਨਾ ਦੇ ਆਊਟ ਹੋਣ ਤੋਂ ਬਾਅਦ ਰਾਡ੍ਰਿਕਸ ਵੀ ਤਾਹੂ ਦੀ ਗੇਂਦ 'ਤੇ ਕੇਟੀ ਮਾਰਟਿਨ ਨੂੰ ਕੈਚ ਦੇ ਬੈਠੀ ਦੋਵਾਂ ਦੇ ਆਊਟ ਹੋਣ ਤੋਂ ਬਾਅਦ ਭਾਰਤੀ ਟੀਮ ਲੜਖੜਾ ਗਈ ਅਤੇ 19.1 ਓਵਰ ਵਿਚ 136 ਦੌੜਾਂ 'ਤੇ ਆਊਟ ਹੋ ਗਈ। (ਭਾਸ਼ਾ)