ਪੇਸ ਤੇ ਬੋਪੰਨਾ ਦੀ ਜੋੜੀ ਨੇ ਜਿੱਤਿਆ ਡਬਲਜ਼ ਮੈਚ, ਪੇਸ ਨੇ ਰਚਿਆ ਇਤਿਹਾਸ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਤਜਰਬੇਕਾਰ ਭਾਰਤੀ ਖਿਡਾਰੀਆਂ ਲਿਏਂਡਰ ਪੇਸ ਅਤੇ ਰੋਹਨ ਬੋਪੰਨਾ ਦੀ ਜੋੜੀ ਨੇ ਇੱਥੇ ਡੇਵਿਸ ਕਪ ਏਸ਼ੀਆ ਓਸਨੀਆ ਜ਼ੋਨ ਗਰੁਪ ਇੱਕ ਵਿੱਚ...

pesh and bopanna

ਤੀਆਨਜਿਨ : ਤਜਰਬੇਕਾਰ ਭਾਰਤੀ ਖਿਡਾਰੀਆਂ ਲਿਏਂਡਰ ਪੇਸ ਅਤੇ ਰੋਹਨ ਬੋਪੰਨਾ ਦੀ ਜੋੜੀ ਨੇ ਇੱਥੇ ਡੇਵਿਸ ਕਪ ਏਸ਼ੀਆ ਓਸਨੀਆ ਜ਼ੋਨ ਗਰੁਪ ਇੱਕ ਵਿੱਚ ਚੀਨ ਦੇ ਵਿਰੁਧ ਸਨਿਚਰਵਾਰ ਨੂੰ ਅਪਣਾ ਮਹੱਤਵਪੂਰਨ ਡਬਲਜ਼ ਮੈਚ ਜਿੱਤ ਕੇ ਭਾਰਤ ਨੂੰ ਮੁਕਾਬਲੇ ਵਿਚ ਵਾਪਸੀ ਕਰਾਉਣ ਦੀ ਕੋਸ਼ਿਸ਼ ਕੀਤੀ। ਇਸ ਦੇ ਨਾਲ ਪੇਸ ਨੇ ਟੂਰਨਾਮੈਂਟ ਦੇ ਇਤਿਹਾਸ ਦੀ ਸਭ ਤੋਂ ਸਫ਼ਲ ਖਿਡਾਰੀ ਬਣਨ ਦੀ ਉਪਲਬਧੀ ਵੀ ਅਪਣੇ ਨਾਂ ਕਰ ਲਈ। 

ਚੀਨ ਦੀ ਜ਼ਮੀਨ ਉਤੇ ਹੋ ਰਹੇ ਡੇਵਿਸ ਕੱਪ ਮੁਕਾਬਲੇ ਦੇ ਪਹਿਲੇ ਦਿਨ ਭਾਰਤ ਦੇ ਦੋਹੇਂ ਸਿੰਗਲ ਖਿਡਾਰੀ ਰਾਮਕੁਮਾਰ ਰਾਮਨਾਥਨ ਅਤੇ ਸੁਮਿਤ ਨਾਗਲ ਅਪਣੇ ਅਪਣੇ ਮੈਚ ਹਾਰ ਗਏ ਸਨ ਜਿਸ ਦੇ ਨਾਲ ਭਾਰਤ 0-2 ਨਾਲ ਪਛੜ ਗਿਆ ਸੀ। ਪਰ ਤੀਸਰੇ ਡਬਲਜ਼ ਮੈਚ ਵਿਚ ਪੇਸ ਅਤੇ ਬੋਪੰਨਾ ਦੀ ਤਜਰਬੇਕਾਰ ਜੋੜੀ ਨੇ ਪਿਛੜਨ ਦੇ ਬਾਵਜੂਦ ਚੀਨ ਦੇ ਮਾਓ ਸ਼ਿਨ ਗੋਂਗ ਅਤੇ ਜੀ. ਝਾਂਗ ਦੀ ਜੋੜੀ ਨੂੰ 5-7, 7-6, 7-6 ਨਾਲ ਹਰਾ ਕੇ ਸਕੋਰ 2-1 ਤੱਕ ਪਹੁੰਚਾ ਦਿਤਾ। ਇਸ ਦੇ ਨਾਲ ਪੇਸ ਨੇ ਭਾਰਤ ਲਈ ਰਿਕਾਰਡ 43ਵਾਂ ਡੇਵਿਸ ਕੱਪ ਮੈਚ ਵੀ ਜਿੱਤ ਲਿਆ ਜਿਸ ਦੇ ਨਾਲ ਉਹ ਟੂਰਨਾਮੈਂਟ ਦੇ ਇਤਿਹਾਸ ਵਿਚ ਸਭ ਤੋਂ ਜ਼ਿਆਦਾ ਮੈਚ ਜਿੱਤਣ ਵਾਲੇ ਖਿਡਾਰੀ ਵੀ ਬਣ ਗਏ ਹਨ।  ਭਾਰਤੀ ਖਿਡਾਰੀ ਇਸ ਉਪਲਬਧੀ ਤੋਂ ਸਿਰਫ ਇਕ ਜਿੱਤ ਹੀ ਦੂਰ ਸਨ ਅਤੇ ਉਨ੍ਹਾਂ ਨੇ ਕਰੋ ਜਾਂ ਮਰੋ ਦੇ ਮੈਚ ਵਿਚ ਪਹਿਲਾ ਸੈਟ ਗੁਆਉਣ ਦੇ ਬਾਵਜੂਦ ਜਿੱਤ ਦਰਜ ਕੀਤੀ ਅਤੇ ਭਾਰਤ ਨੂੰ ਵੀ ਮੁਕਾਬਲੇ ਵਿਚ ਬਣਾਏ ਰਖਿਆ। 

ਹਾਲਾਂਕਿ ਭਾਰਤੀ ਟੈਨਿਸ ਸੰਘ ਦੇ ਦਬਾਅ ਦੇ ਬਾਅਦ 44 ਸਾਲ  ਦੇ ਪੇਸ ਅਤੇ ਬੋਪੰਨਾ ਟੀਮ ਬਣਾਉਣ 'ਤੇ ਰਾਜ਼ੀ ਹੋਏ ਸਨ। ਦੋਨਾਂ ਭਾਰਤੀ ਖਿਡਾਰੀਆਂ ਨੇ ਮੈਚ ਵਿਚ ਚਾਰ ਡਬਲ ਫਾਲਟ ਕੀਤੇ ਅਤੇ ਨੌਂ ਵਿਚੋਂ ਤਿੰਨ ਵਾਰ ਵਿਰੋਧੀ ਚੀਨੀ ਜੋੜੀ ਦੀ ਸਰਵਿਸ ਬ੍ਰੇਕ ਕੀਤੀ । ਭਾਰਤ ਦਾ ਹੁਣ ਚੌਥੇ ਉਲਟ ਸਿੰਗਲ ਮੈਚ ਵਿਚ ਰਾਮਕੁਮਾਰ ਰਾਮਨਾਥਨ 'ਤੇ ਬਰਾਬਰੀ ਦਿਵਾਉਣ ਦਾ ਦਾਰੋਮਦਾਰ ਹੈ ਜਿਨ੍ਹਾਂ ਦਾ ਮੈਚ ਚੀਨੀ ਖਿਡਾਰੀ ਵੂ ਡੀ ਨਾਲ ਹੋਣਾ ਹੈ । ਜਦਕਿ ਪੰਜਵੇਂ ਮੈਚ ਵਿਚ ਸੁਮਿਤ ਨਾਗਲ ਦੇ ਸਾਹਮਣੇ ਯੀਬਿੰਗ ਵੂ ਦੀ ਚੁਣੋਤੀ ਹੋਵੇਗੀ । ਰਾਸ਼ਟਰੀ ਜ਼ਿੰਮੇਦਾਰੀ ਨੂੰ ਹਮੇਸ਼ਾ ਤਰਜੀਹ ਦੇਣ ਵਾਲੇ ਪੇਸ ਇਸ ਮੈਚ ਤੋਂ ਪਹਿਲਾਂ ਤੱਕ ਇਟਲੀ ਦੇ ਨਿਕੋਲੇ ਪਿਏਤਰਾਂਗਲੀ ਦੇ ਨਾਲ ਸੰਯੁਕਤ 42 ਡੇਵਿਸ ਕਪ ਮੈਚ ਜਿੱਤ ਦੇ ਨਾਲ ਬਰਾਬਰੀ ਉਤੇ ਸਨ । ਪਰ ਤੀਸਰੇ ਮੈਚ ਵਿਚ ਜਿੱਤ ਨਾਲ ਉਨ੍ਹਾਂ ਨੇ ਇਤਾਲਵੀ ਖਿਡਾਰੀ ਨੂੰ ਪਿਛੇ ਛੱਡ ਦਿਤਾ। ਪੇਸ ਨੇ ਸਾਲ 1990 ਵਿੱਚ ਜੀਸ਼ਾਨ ਅਲੀ ਦੇ ਨਾਲ ਡੇਵਿਸ ਕਪ 'ਚ ਡੈਬਿਊ ਕੀਤਾ ਸੀ ।