ਆਈਪੀਐਲ ਅੱਜ ਤੋਂ ਸ਼ੁਰੂ, ਪਹਿਲੇ ਮੁਕਾਬਲੇ 'ਚ ਧੋਨੀ ਤੇ ਰੋਹਿਤ ਆਹਮੋਂ ਸਾਹਮਣੇ
ਅੱਜ ਯਾਨੀ ਸਨਿਚਰਵਾਰ ਨੂੰ ਆਈਪੀਐਲ ਦਾ ਆਗਾਜ ਹੋਵੇਗਾ। ਲੋਕਾਂ ਦੇ ਇੰਤਜ਼ਾਰ ਦੀ ਘੜੀ ਖ਼ਤਮ ਹੋ ਚੁਕੀ ਹੈ। ਆਈਪੀਐਲ ਦਾ ਪਹਿਲਾ ਮੈਚ ਆਈਪੀਐਲ...
ਮੁੰਬਈ : ਅੱਜ ਯਾਨੀ ਸਨਿਚਰਵਾਰ ਨੂੰ ਆਈਪੀਐਲ ਦਾ ਆਗਾਜ ਹੋਵੇਗਾ। ਲੋਕਾਂ ਦੇ ਇੰਤਜ਼ਾਰ ਦੀ ਘੜੀ ਖ਼ਤਮ ਹੋ ਚੁਕੀ ਹੈ। ਆਈਪੀਐਲ ਦਾ ਪਹਿਲਾ ਮੈਚ ਆਈਪੀਐਲ ਦੀਆਂ ਚੈਂਪੀਅਨ ਟੀਮਾਂ ਵਿਚਾਲੇ ਖੇਡਿਆ ਜਾਣਾ ਹੈ। ਮੁੰਬਈ ਤੇ ਚੇਨਈ ਦਾ ਵਿਚਕਾਰ ਅੱਜ ਓਪਨਿੰਗ ਮੈਚ ਖੇਡਿਆ ਜਾਵੇਗਾ। ਦੋ ਸਾਲ ਦੇ ਬੈਨ ਤੋਂ ਬਾਅਦ ਇਸ ਸਾਲ ਆਈਪੀਐਲ ਵਿਚ ਵਾਪਸੀ ਕਰਨ ਵਾਲੀ ਚੇਨਈ ਦੀ ਟੀਮ ਤੋਂ ਉਸ ਦੇ ਚਹੇਤਿਆਂ ਨੂੰ ਕਾਫ਼ੀ ਉਮੀਦਾਂ ਹਨ। ਚੇਨਈ ਨੂੰ ਸੱਟੇਬਾਜ਼ੀ ਤੇ ਸਪਾਟ ਫਿਕਸਿੰਗ ਕਾਰਨ ਦੋ ਸਾਲਾਂ ਲਈ ਰਾਜਸਥਾਨ ਰਾਇਲਜ਼ ਨਾਲ ਪਾਬੰਦੀਸ਼ੁਦਾ ਕਰ ਦਿਤਾ ਸੀ।
ਦੋਹੇ ਟੀਮਾਂ ਅਪਣੇ ਬੈਨ ਖ਼ਤਮ ਕਰਨ ਤੋਂ ਬਾਅਦ ਇਸ ਸਾਲ ਆਈਪੀਐਲ ਦੇ 11ਵੇਂ ਸੀਜ਼ਨ ਵਿਚ ਆਈਆਂ ਹਨ। ਧੋਨੀ ਸਾਹਮਣੇ ਭਾਰਤ ਦੀ ਸੀਮਤ ਓਵਰਾਂ ਦੀ ਟੀਮ ਦੇ ਉਪ-ਕਪਤਾਨ ਰੋਹਿਤ ਦੀ ਚੁਣੌਤੀ ਰਹੇਗੀ, ਜਿਸ ਨੇ ਪਿਛਲੇ ਸਾਲ ਮੁੰਬਈ ਨੂੰ ਚੈਂਪੀਅਨ ਬਣਾਇਆ ਸੀ। ਮੁੰਬਈ ਨੇ ਇਸ ਸੈਸ਼ਨ ਲਈ ਰੋਹਿਤ ਤੋਂ ਇਲਾਵਾ ਜਸਪ੍ਰੀਤ ਬੁਮਰਾਹ ਤੇ ਹਾਰਦਿਕ ਪੰਡਯਾ ਨੂੰ ਰਿਟੇਨ ਕੀਤਾ ਸੀ। ਰੋਹਿਤ ਦੀ ਅਗਵਾਈ 'ਚ ਭਾਰਤ ਨੇ ਹਾਲ ਹੀ 'ਚ ਸ਼੍ਰੀਲੰਕਾ ਵਿਚ ਆਯੋਜਿਤ ਟੀ-20 ਮੈਚਾਂ ਦੀ ਨਿਦਹਾਸ ਟਰਾਫੀ ਜਿੱਤੀ ਸੀ।
ਆਈ.ਪੀ.ਐਲ. ਦੇ ਇਤਿਹਾਸ 'ਚ ਚੇਨਈ ਨੇ 8 ਸੈਸ਼ਨਾਂ 'ਚ 132 ਮੈਚਾਂ 'ਚੋਂ 79 ਜਿੱਤੇ ਹਨ ਅਤੇ 51 ਹਾਰੇ ਹਨ, ਜਦਕਿ ਮੁੰਬਈ ਨੇ 10 ਸੈਸ਼ਨਾਂ 'ਚ 157 ਮੈਚਾਂ 'ਚੋਂ 91 ਜਿੱਤੇ ਹਨ ਤੇ 65 ਹਾਰੇ ਹਨ। ਟੂਰਨਾਮੈਂਟ 'ਚ ਸਭ ਤੋਂ ਵੱਧ ਦੌੜਾਂ ਬਣਾਉਣ ਵਾਲਾ ਬੱਲੇਬਾਜ਼ ਚੇਨਈ ਦਾ ਰੈਨਾ ਹੈ, ਜਿਸ ਨੇ 161 ਮੈਚਾਂ 'ਚ 4540 ਦੌੜਾਂ ਬਣਾਈਆਂ ਹਨ, ਜਦਕਿ ਰੋਹਿਤ ਦੇ ਖਾਤੇ 'ਚ 159 ਮੈਚਾਂ 'ਚ 4207 ਦੌੜਾਂ ਹਨ। ਖੁਦ ਧੋਨੀ ਨੇ 127 ਮੈਚਾਂ ਵਿਚ 3561 ਦੌੜਾਂ ਬਣਾਈਆਂ ਹਨ।
ਇਸ ਤੋਂ ਬਾਅਦ ਦੂਜਾ ਮੈਚ ਕੱਲ ਦਿੱਲੀ ਤੇ ਪੰਜਾਬ ਦਾ ਮੈਚ ਖੇਡਿਆ ਜਾਵੇਗਾ। ਇਸ ਵਾਰ ਦੀ ਸਭ ਤੋਂ ਮਹਿੰਗੀ ਟੀਮ ਪੰਜਾਬ ਦੀ ਟੀਮ ਹੈ ਤੇ ਚਹੇਤਿਆਂ ਨੂੰ ਪੰਜਾਬ ਦੀ ਟੀਮ ਤੋਂ ਬਹੁਤ ਉਮੀਦ ਹੈ ਲੋਕਾਂ ਦਾ ਕਹਿਣਾ ਹੈ ਕਿ ਇਸ ਵਾਰ ਪੰਜਾਬ ਦੀ ਟੀਮ ਨੂੰ ਆਈਪੀਐਲ ਦੀ ਦਾਅਵੇਦਾਰ ਮੰਨੀ ਜਾ ਰਹੀ ਹੈ।