Commonwealth Games 2022: ਭਾਰਤ ਦੀ ਮਹਿਲਾ ਹਾਕੀ ਟੀਮ ਨੇ ਜਿੱਤਿਆ ਕਾਂਸੀ ਦਾ ਤਮਗ਼ਾ 

ਏਜੰਸੀ

ਖ਼ਬਰਾਂ, ਖੇਡਾਂ

ਰਾਸ਼ਟਰਮੰਡਲ ਖੇਡਾਂ 'ਚ ਭਾਰਤ ਨੇ ਨਿਊਜ਼ੀਲੈਂਡ ਦੀ ਟੀਮ ਨੂੰ 2-1 ਨਾਲ ਦਿਤੀ ਮਾਤ 

Commonwealth Games 2022: Indian women's hockey team won the bronze medal

ਨਵੀਂ ਦਿੱਲੀ : ਬਰਮਿੰਘਮ ਵਿੱਚ ਚੱਲ ਰਹੀਆਂ ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਕਾਂਸੀ ਦਾ ਤਮਗ਼ਾ ਜਿੱਤ ਲਿਆ ਹੈ। ਇਸ ਮੈਚ 'ਚ ਭਾਰਤ ਨੂੰ ਨਿਊਜ਼ੀਲੈਂਡ ਤੋਂ ਚੁਣੌਤੀ ਮਿਲੀ ਸੀ। ਭਾਰਤ ਨੇ ਮੈਚ ਦੇ 29ਵੇਂ ਮਿੰਟ ਵਿੱਚ ਪਹਿਲਾ ਗੋਲ ਕੀਤਾ। ਇਹ ਗੋਲ ਸਲੀਮਾ ਟੇਟੇ ਨੇ ਕੀਤਾ। ਤੀਜੇ ਕੁਆਰਟਰ ਤੋਂ ਬਾਅਦ ਭਾਰਤ 1-0 ਨਾਲ ਅੱਗੇ ਸੀ।

ਨਿਊਜ਼ੀਲੈਂਡ ਨੇ ਆਖਰੀ ਮਿੰਟ ਵਿੱਚ ਪਹਿਲਾ ਗੋਲ ਕਰਕੇ ਬਰਾਬਰੀ ਕਰ ਲਈ। ਜੇਤੂ ਦਾ ਫ਼ੈਸਲਾ ਦੋਵਾਂ ਟੀਮਾਂ ਵਿਚਾਲੇ ਪੈਨਲਟੀ ਸ਼ੂਟਆਊਟ ਰਾਹੀਂ ਹੋਇਆ। ਭਾਰਤ ਨੇ ਪੈਨਲਟੀ ਸ਼ੂਟਆਊਟ ਵਿੱਚ ਇਹ ਮੈਚ 2-1 ਨਾਲ ਜਿੱਤ ਲਿਆ। ਭਾਰਤੀ ਗੋਲਕੀਪਰ ਸਵਿਤਾ ਨੇ ਸ਼ੂਟਆਊਟ ਵਿੱਚ ਚਾਰ ਗੋਲ ਬਚਾਏ। ਪਹਿਲੇ ਹਾਫ ਦੀ ਸ਼ੁਰੂਆਤ 'ਚ ਭਾਰਤੀ ਖਿਡਾਰੀਆਂ 'ਚ ਤਾਲਮੇਲ ਦੀ ਕਮੀ ਸਾਫ ਦਿਖਾਈ ਦੇ ਰਿਹਾ ਸੀ।

ਇਸ ਤੋਂ ਬਾਅਦ ਨਿਊਜ਼ੀਲੈਂਡ ਦੀ ਖਿਡਾਰਨ ਇਕਵਾਡੋਰ ਨੂੰ ਰਫ ਟੈਕਲ ਕਰਨ 'ਤੇ 2 ਮਿੰਟ ਤੱਕ ਆਊਟ ਹੋ ਗਿਆ। ਦੱਸਣਯੋਗ ਹੈ ਕਿ ਭਾਰਤ ਨੇ ਪਿਛਲੀ ਵਾਰ 2006 ਵਿੱਚ ਮਹਿਲਾ ਹਾਕੀ ਵਿੱਚ ਚਾਂਦੀ ਦਾ ਤਮਗ਼ਾ ਜਿੱਤਿਆ ਸੀ। ਇਸ ਤੋਂ ਪਹਿਲਾਂ 2002 ਵਿੱਚ ਭਾਰਤੀ ਮਹਿਲਾ ਟੀਮ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਪਹਿਲੀ ਵਾਰ ਹਾਕੀ ਵਿੱਚ ਸੋਨ ਤਮਗ਼ਾ ਜਿੱਤਿਆ ਸੀ।

ਭਾਰਤੀ ਮਹਿਲਾ ਹਾਕੀ ਟੀਮ ਇਸ ਤੋਂ ਪਹਿਲਾਂ ਰਾਸ਼ਟਰਮੰਡਲ ਖੇਡਾਂ ਵਿੱਚ ਸੋਨ ਅਤੇ ਚਾਂਦੀ ਦਾ ਤਮਗ਼ਾ ਜਿੱਤ ਚੁੱਕੀ ਹੈ ਪਰ ਕਦੇ ਵੀ ਕਾਂਸੀ ਦਾ ਤਮਗ਼ਾ ਨਹੀਂ ਜਿੱਤ ਸਕੀ ਹੈ। ਰਾਸ਼ਟਰਮੰਡਲ ਖੇਡਾਂ 2022 ਦੇ ਸੈਮੀਫਾਈਨਲ ਮੈਚਾਂ 'ਚ ਜਿੱਥੇ ਭਾਰਤੀ ਟੀਮ ਨੂੰ ਆਸਟ੍ਰੇਲੀਆ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ, ਉੱਥੇ ਨਿਊਜ਼ੀਲੈਂਡ ਦੀ ਟੀਮ ਨੂੰ ਇੰਗਲੈਂਡ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ ਹੈ।

ਇਸ ਜਿੱਤ 'ਤੇ ਖੇਡ ਮੰਤਰੀ ਮੀਤ ਹੇਅਰ ਨੇ ਵੀ ਟੀਮ ਨੂੰ ਵਧਾਈ ਦਿਤੀ ਹੈ ਅਤੇ ਇਸ ਬਾਰੇ ਟਵੀਟ ਕਰਦਿਆਂ ਉਨ੍ਹਾਂ ਲਿਖਿਆ, ''ਬਰਮਿੰਘਮ ਕਾਮਨਵੈਲਥ ਖੇਡਾਂ 2022 ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੂੰ ਕਾਂਸੀ ਦਾ ਮੈਡਲ ਜਿੱਤਣ ਲਈ ਮੁਬਾਰਕਾਂ। ਭਾਰਤ ਨੇ 16 ਸਾਲ ਬਾਅਦ ਤਮਗ਼ਾ ਜਿੱਤਿਆ। ਕਾਂਸੀ ਦੇ ਮੈਡਲ ਵਾਲੇ ਮੈਚ ਵਿੱਚ ਭਾਰਤ ਨੇ ਨਿਊਜ਼ੀਲੈਂਡ ਨੂੰ ਪੈਨਲਟੀ ਸ਼ੂਟ ਆਊਟ ਵਿੱਚ 2-1 ਨਾਲ ਹਰਾਇਆ।''