ਪਹਿਲਵਾਨ ਰਵੀ ਕੁਮਾਰ ਦਹੀਆ ਨੇ ਪੁਰਸ਼ਾਂ ਦੇ 57 ਕਿਲੋ ਭਾਰ ਵਰਗ ਵਿੱਚ ਭਾਰਤ ਲਈ ਜਿੱਤਿਆ ਸੋਨ ਤਮਗਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਰਾਸ਼ਟਰਮੰਡਲ ਖੇਡਾਂ 'ਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ

PHOTO

 

ਨਵੀਂ ਦਿੱਲੀ: ਰਾਸ਼ਟਰਮੰਡਲ ਖੇਡਾਂ 2022 ਵਿੱਚ ਭਾਰਤੀ ਖਿਡਾਰੀਆਂ ਦਾ ਸ਼ਾਨਦਾਰ ਪ੍ਰਦਰਸ਼ਨ ਜਾਰੀ ਹੈ। ਇਨ੍ਹਾਂ ਖੇਡਾਂ ਦੇ ਨੌਵੇਂ ਦਿਨ ਕੁਸ਼ਤੀ ਵਿੱਚ ਭਾਰਤ ਦੀ ਸ਼ਾਨ ਦੇਖਣ ਨੂੰ ਮਿਲੀ। ਰਵੀ ਕੁਮਾਰ ਦਹੀਆ, ਵਿਨੇਸ਼ ਫੋਗਾਟ ਅਤੇ ਨਵੀਨ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸੋਨ ਤਗਮੇ 'ਤੇ ਕਬਜ਼ਾ ਕੀਤਾ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਬਜਰੰਗ ਪੂਨੀਆ, ਸਾਕਸ਼ੀ ਮਲਿਕ ਅਤੇ ਦੀਪਕ ਪੂਨੀਆ ਵੀ ਰਸੇਲਿੰਗ 'ਚ ਸੋਨ ਤਮਗਾ ਜਿੱਤਣ 'ਚ ਸਫਲ ਰਹੇ ਸਨ। ਯਾਨੀ ਕੁਸ਼ਤੀ ਵਿੱਚ ਭਾਰਤ ਨੂੰ ਕੁੱਲ ਛੇ ਸੋਨ ਤਗਮੇ ਮਿਲੇ ਹਨ। ਜੇਕਰ ਦੇਖਿਆ ਜਾਵੇ ਤਾਂ ਕੁਸ਼ਤੀ ਤੋਂ ਇਲਾਵਾ ਨੌਵੇਂ ਦਿਨ ਭਾਰਤੀ ਖਿਡਾਰੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਭਾਵਨਾ ਪਟੇਲ ਪੈਰਾ ਟੇਬਲ ਟੈਨਿਸ ਵਿੱਚ ਗੋਲਡ ਜਿੱਤਣ ਵਿੱਚ ਕਾਮਯਾਬ ਰਹੀ।

 

ਪਹਿਲਵਾਨ ਰਵੀ ਕੁਮਾਰ ਦਹੀਆ ਨੇ ਪੁਰਸ਼ਾਂ ਦੇ 57 ਕਿਲੋ ਭਾਰ ਵਰਗ ਵਿੱਚ ਭਾਰਤ ਲਈ ਸੋਨ ਤਗ਼ਮਾ ਜਿੱਤਿਆ। ਟੋਕੀਓ ਓਲੰਪਿਕ ਦੇ ਚਾਂਦੀ ਤਮਗਾ ਜੇਤੂ ਰਵੀ ਦਹੀਆ ਨੇ ਫਾਈਨਲ 'ਚ ਤਕਨੀਕੀ ਉੱਤਮਤਾ ਦੇ ਆਧਾਰ 'ਤੇ ਨਾਈਜੀਰੀਆ ਦੇ ਈ ਵਿਲਸਨ ਨੂੰ 10-0 ਨਾਲ ਹਰਾਇਆ। ਰਵੀ ਦਹੀਆ ਨੂੰ ਇਹ ਮੈਚ ਜਿੱਤਣ ਵਿਚ ਤਿੰਨ ਮਿੰਟ ਤੋਂ ਵੀ ਘੱਟ ਸਮਾਂ ਲੱਗਾ। ਪਹਿਲਵਾਨ ਵਿਨੇਸ਼ ਫੋਗਾਟ ਨੇ ਨੌਰਡਿਕ ਪ੍ਰਣਾਲੀ ਦੇ ਤਹਿਤ ਆਯੋਜਿਤ 53 ਕਿਲੋਗ੍ਰਾਮ ਭਾਰ ਵਰਗ ਦੇ ਆਪਣੇ ਆਖਰੀ ਮੈਚ ਵਿੱਚ ਸ਼੍ਰੀਲੰਕਾ ਦੀ ਕੇਸ਼ਨੀ ਮਦੁਰਾਵਲਗੇ ਨੂੰ ਬਾਈ-ਫਾਲ ਰਾਹੀਂ 4-0 ਨਾਲ ਹਰਾਇਆ। ਵਿਨੇਸ਼ ਨੇ ਆਪਣੇ ਗਰੁੱਪ ਦੇ ਤਿੰਨੋਂ ਮੈਚ ਜਿੱਤ ਕੇ ਸੋਨ ਤਮਗਾ ਹਾਸਲ ਕੀਤਾ।

ਕੇਸ਼ਨੀ ਤੋਂ ਪਹਿਲਾਂ ਵਿਨੇਸ਼ ਨੇ ਸਮੰਥਾ ਸਟੀਵਰਟ (ਕੈਨੇਡਾ) ਅਤੇ ਮਰਸੀ ਅਡੇਕੁਰੋਏ (ਨਾਈਜੀਰੀਆ) ਨੂੰ ਵੀ ਹਰਾਇਆ ਸੀ। ਇਸ ਤੋਂ ਬਾਅਦ ਨਵੀਨ ਨੇ 74 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਪਾਕਿਸਤਾਨ ਦੇ ਮੁਹੰਮਦ ਸ਼ਰੀਫ਼ ਤਾਹਿਰ ਨੂੰ 9-0 ਨਾਲ ਹਰਾ ਕੇ ਭਾਰਤ ਨੂੰ ਕੁਸ਼ਤੀ ਵਿੱਚ ਛੇਵਾਂ ਸੋਨ ਤਗ਼ਮਾ ਦਿਵਾਇਆ।
ਸ਼ਨੀਵਾਰ ਨੂੰ ਪੂਜਾ ਗਹਿਲੋਤ, ਦੀਪਕ ਨਹਿਰਾ ਅਤੇ ਪੂਜਾ ਸਿਹਾਗ ਨੇ ਵੀ ਕੁਸ਼ਤੀ ਵਿੱਚ ਭਾਰਤ ਲਈ ਕਾਂਸੀ ਦਾ ਤਗਮਾ ਜਿੱਤਿਆ।

ਪੂਜਾ ਗਹਿਲੋਤ ਨੇ ਕਾਂਸੀ ਦੇ ਤਗਮੇ ਦੇ ਮੁਕਾਬਲੇ 'ਚ ਤਕਨੀਕੀ ਉੱਤਮਤਾ ਦੇ ਆਧਾਰ 'ਤੇ ਸਕਾਟਲੈਂਡ ਦੀ ਕ੍ਰਿਸਟੇਲ ਲੇਮੋਫਾਕ ਨੂੰ 12-2 ਨਾਲ ਹਰਾਇਆ। ਦੂਜੇ ਪਾਸੇ ਪੂਜਾ ਸਿਹਾਗ ਨੇ 76 ਕਿਲੋ ਭਾਰ ਵਰਗ ਵਿੱਚ ਆਸਟਰੇਲੀਆ ਦੀ ਨਾਓਮੀ ਡੀ ਬਰੂਏਨ ਨੂੰ ਹਰਾਇਆ। ਦੀਪਕ ਨਹਿਰਾ ਦੀ ਗੱਲ ਕਰੀਏ ਤਾਂ ਉਸ ਨੇ 97 ਕਿਲੋ ਭਾਰ ਵਰਗ ਵਿੱਚ ਪਾਕਿਸਤਾਨ ਦੇ ਤੈਯਬ ਰਜ਼ਾ ਨੂੰ ਹਰਾਇਆ।