ਪੰਜਾਬ ਦਾ ਇਹ ਖਿਡਾਰੀ ਹੋਇਆ 'Best Player of the Year' ਲਈ ਨਾਮਜ਼ਦ

ਏਜੰਸੀ

ਖ਼ਬਰਾਂ, ਖੇਡਾਂ

ਅੰਤਰਰਾਸ਼ਟਰੀ ਹਾਕੀ ਦੀ ਪ੍ਰਬੰਧਕ ਸੰਸਥਾ FIH ਵੱਲੋਂ ਦਿੱਤੇ ਜਾਣਗੇ ਖੇਡ ਸਨਮਾਨ 

This player from Punjab was nominated for 'Best Player of the Year'

ਬੈਂਗਲੁਰੂ: ਪੰਜਾਬ ਦੇ ਪੁੱਤਰ ਅਤੇ ਭਾਰਤ ਦੇ ਸਟਾਰ ਡਿਫ਼ੈਂਡਰ ਹਰਮਨਪ੍ਰੀਤ ਸਿੰਘ ਨੇ ਅੰਤਰਰਾਸ਼ਟਰੀ ਹਾਕੀ ਫੈਡਰੇਸ਼ਨ (FIH) ਵੱਲੋਂ ਸਾਲ ਦੇ ਸਰਵੋਤਮ ਖਿਡਾਰੀ ਦੇ ਸਨਮਾਨ ਲਈ ਆਪਣੀ ਨਾਮਜ਼ਦਗੀ ਨੂੰ ਇਕ ਵੱਡਾ ਮਾਣ ਦੱਸਿਆ ਹੈ, ਅਤੇ ਰਾਸ਼ਟਰੀ ਹਾਕੀ ਟੀਮ ਲਈ ਇਹਨਾਂ ਸਾਲਾਂ ਦੌਰਾਨ ਕੀਤੀ ਸਖ਼ਤ ਮਿਹਨਤ ਨੂੰ ਮਾਨਤਾ ਕਰਾਰ ਦਿੱਤਾ। 

ਹਰਮਨਪ੍ਰੀਤ ਇਸ ਸਾਲ ਬਰਮਿੰਘਮ ਵਿੱਚ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਮਗਾ ਜਿੱਤਣ ਭਾਰਤੀ ਪੁਰਸ਼ ਹਾਕੀ ਟੀਮ ਦਾ ਵੀ ਹਿੱਸਾ ਸੀ, ਅਤੇ 2021 ਵਿੱਚ ਢਾਕਾ ਵਿੱਚ ਏਸ਼ੀਅਨ ਚੈਂਪੀਅਨਜ਼ ਟਰਾਫ਼ੀ ਵਿੱਚ ਕਾਂਸੀ ਤਮਗਾ ਜਿੱਤਣ ਵਾਲੀ ਟੀਮ ਦਾ ਵੀ ਹਿੱਸਾ ਸੀ। ਪ੍ਰੈਸ ਰਿਲੀਜ਼ ਵਿੱਚ ਹਰਮਨਪ੍ਰੀਤ ਨੇ ਕਿਹਾ, “ਇੱਕ ਵਾਰ ਫ਼ੇਰ FIH ਪਲੇਅਰ ਆਫ਼ ਦ ਈਅਰ ਅਵਾਰਡ ਲਈ ਨਾਮਜ਼ਦ ਹੋਣਾ ਮੇਰੇ ਲਈ ਮਾਣ ਦੀ ਗੱਲ ਹੈ। ਮੈਂ ਹਮੇਸ਼ਾ ਆਪਣਾ ਸਰਬੋਤਮ ਖੇਡ ਪ੍ਰਦਰਸ਼ਨ ਦੇਣ ਦੀ ਕੋਸ਼ਿਸ਼ ਕੀਤੀ ਹੈ ਅਤੇ ਟੀਮ ਦੀ ਕਾਮਯਾਬੀ ਵਿੱਚ ਯੋਗਦਾਨ ਪਾਇਆ ਹੈ। ਜਦੋਂ ਤੁਹਾਡੀ ਮਿਹਨਤ ਨੂੰ FIH ਸਟਾਰ ਅਵਾਰਡ ਨਾਲ ਮਾਨਤਾ ਮਿਲਦੀ ਹੈ, ਤਾਂ ਸੁਭਾਵਿਕ ਤੌਰ 'ਤੇ ਬਹੁਤ ਵਧੀਆ ਮਹਿਸੂਸ ਹੁੰਦਾ ਹੈ।" 

ਹਰਮਨ ਨੇ ਕਿਹਾ, ''ਮੈਂ ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਦੇ ਨਾਮਜ਼ਦ ਹੋਏ ਬਾਕੀ ਸਾਰੇ ਖਿਡਾਰੀਆਂ ਨੂੰ ਵੀ ਆਪਣੀਆਂ ਮੁਬਾਰਕਾਂ ਭੇਟ ਕਰਨਾ ਚਾਹਾਂਗਾ।" ਭਾਰਤੀ ਹਾਕੀ ਦੇ ਕਈ ਵੱਡੇ ਨਾਮ FIH ਪੁਰਸਕਾਰਾਂ ਲਈ ਨਾਮਜ਼ਦ ਕੀਤੇ ਗਏ ਹਨ। ਪੀ.ਆਰ. ਸ਼੍ਰੀਜੇਸ਼ (ਗੋਲਕੀਪਰ ਆਫ਼ ਦ ਈਅਰ, ਪੁਰਸ਼), ਸਵਿਤਾ (ਗੋਲਕੀਪਰ ਆਫ਼ ਦ ਈਅਰ, ਮਹਿਲਾ), ਸੰਜੇ (ਰਾਈਜ਼ਿੰਗ ਪਲੇਅਰ ਆਫ਼ ਦ ਈਅਰ, ਪੁਰਸ਼), ਮੁਮਤਾਜ਼ ਖਾਨ (ਰਾਈਜ਼ਿੰਗ ਪਲੇਅਰ ਆਫ਼ ਦ ਈਅਰ, ਮਹਿਲਾ), ਗ੍ਰਾਹਮ ਰੀਡ (ਕੋਚ ਆਫ਼ ਦ ਈਅਰ, ਪੁਰਸ਼), ਅਤੇ ਯਾਨੇਕ ਸ਼ੌਪਮੈਨ (ਕੋਚ ਆਫ਼ ਦ ਈਅਰ, ਮਹਿਲਾ) ਨਾਮਜ਼ਦ ਵਿਅਕਤੀਆਂ ਵਿੱਚ ਸ਼ਾਮਲ ਹਨ।

ਹਰਮਨਪ੍ਰੀਤ ਨੇ ਪ੍ਰਗਟਾਵਾ ਕੀਤਾ ਕਿ ਭਾਰਤ ਦੇ ਹਾਕੀ ਖਿਡਾਰੀਆਂ ਨੂੰ ਅਕਸਰ ਚੋਟੀ ਦੇ ਪੁਰਸਕਾਰਾਂ ਲਈ ਨਾਮਜ਼ਦ ਕੀਤਾ ਜਾਂਦਾ ਹੈ, ਜੋ ਦਰਸਾਉਂਦਾ ਹੈ ਕਿ ਪਿਛਲੇ ਕੁਝ ਸਾਲਾਂ ਵਿੱਚ ਦੇਸ਼ ਵਿੱਚ ਖੇਡ ਵਿੱਚ ਬਹੁਤ ਸੁਧਾਰ ਹੋਇਆ ਹੈ, ਅਤੇ ਤੇਜ਼ੀ ਨਾਲ ਵਿਕਾਸ ਹੋ ਰਿਹਾ ਹੈ। ਹਰਮਨਪ੍ਰੀਤ ਨੇ ਕਿਹਾ, ''ਭਾਰਤੀ ਪੁਰਸ਼ ਅਤੇ ਮਹਿਲਾ ਟੀਮ ਨੇ ਸ਼ਾਨਦਾਰ ਰਫ਼ਤਾਰ ਨਾਲ ਵਿਕਾਸ ਕੀਤਾ ਹੈ, ਅਤੇ ਮੈਨੂੰ ਲੱਗਦਾ ਹੈ ਕਿ ਅਸੀਂ ਭਵਿੱਖ 'ਚ ਹੋਰ ਵੀ ਬਿਹਤਰ ਨਤੀਜੇ ਦੇ ਸਕਦੇ ਹਾਂ। ਇਹ ਭਾਰਤੀ ਹਾਕੀ ਲਈ ਬਹੁਤ ਰੋਮਾਂਚਕ ਸਮਾਂ ਹੈ।

ਹਰਮਨਪ੍ਰੀਤ ਨੇ ਕਿਹਾ, “FIH ਹਾਕੀ ਪ੍ਰੋ ਲੀਗ 2022-23 ਵਿੱਚ ਆਪਣੇ ਮੈਚਾਂ ਦੀ ਸਾਨੂੰ ਬੇਸਬਰੀ ਨਾਲ ਉਡੀਕ ਹੈ। ਰਾਸ਼ਟਰਮੰਡਲ ਖੇਡਾਂ ਦੀ ਸਮਾਪਤੀ ਤੋਂ ਬਾਅਦ ਅਸੀਂ ਇਸ ਬਾਰੇ ਕੁਝ ਪਹਿਲੂਆਂ 'ਤੇ ਕੰਮ ਕੀਤਾ ਹੈ।" ਉਸ ਨੇ ਅੱਗੇ ਕਿਹਾ, ''ਉਮੀਦ ਹੈ ਕਿ ਅਸੀਂ ਆਪਣੀ ਖੇਡ ਵਿਚ ਹੋਰ ਸੁਧਾਰ ਕਰ ਸਕਾਂਗੇ ਅਤੇ ਇੱਕ ਬਿਹਤਰ ਟੀਮ ਬਣ ਸਕਾਂਗੇ। ਅਸੀਂ ਪਿਛਲੇ ਸੀਜ਼ਨ ਵਿੱਚ FIH ਹਾਕੀ ਪ੍ਰੋ ਲੀਗ ਵਿੱਚ ਤੀਜੇ ਸਥਾਨ 'ਤੇ ਰਹੇ ਸੀ। ਇਸ ਮੁਕਾਬਲੇ ਦੇ ਅਗਲੇ ਸੀਜ਼ਨ ਵਿੱਚ ਅਸੀਂ ਬਿਹਤਰ ਨਤੀਜਿਆਂ ਲਈ ਪੂਰੀ ਕੋਸ਼ਿਸ਼ ਕਰਾਂਗੇ।''