ਹਰਭਜਨ ਸਿੰਘ ਨੇ ਪੀਸੀਏ ਮੈਂਬਰਾਂ ਨੂੰ ਲਿਖਿਆ ਪੱਤਰ, ਅਹੁਦੇਦਾਰਾਂ 'ਤੇ ਗੈਰ-ਕਾਨੂੰਨੀ ਕੰਮ ਕਰਨ ਦੇ ਲਗਾਏ ਇਲਜ਼ਾਮ

ਏਜੰਸੀ

ਖ਼ਬਰਾਂ, ਖੇਡਾਂ

ਹਰਭਜਨ ਸਿੰਘ ਨੇ ਪੱਤਰ ਵਿਚ ਉਹਨਾਂ ਅਹੁਦੇਦਾਰਾਂ ਦਾ ਨਾਂ ਨਹੀਂ ਲਿਆ।

Harbhajan Singh alleges illegal activities by Punjab Cricket Association

 

ਨਵੀਂ ਦਿੱਲੀ: ਸਾਬਕਾ ਭਾਰਤੀ ਕ੍ਰਿਕਟਰ ਅਤੇ ਪੰਜਾਬ ਕ੍ਰਿਕਟ ਐਸੋਸੀਏਸ਼ਨ ਦੇ ਮੁੱਖ ਸਲਾਹਕਾਰ ਹਰਭਜਨ ਸਿੰਘ ਨੇ ਇਲਜ਼ਾਮ ਲਾਇਆ ਹੈ ਕਿ ਕੁਝ ਪੀਸੀਏ ਅਧਿਕਾਰੀ "ਗੈਰ-ਕਾਨੂੰਨੀ ਗਤੀਵਿਧੀਆਂ" ਵਿਚ ਸ਼ਾਮਲ ਹਨ। ਹਰਭਜਨ ਸਿੰਘ ਨੇ ਪੱਤਰ ਵਿਚ ਉਹਨਾਂ ਅਹੁਦੇਦਾਰਾਂ ਦਾ ਨਾਂ ਨਹੀਂ ਲਿਆ। ਉਹਨਾਂ ਵੱਲੋਂ ਪੀਸੀਏ ਮੈਂਬਰਾਂ ਅਤੇ ਯੂਨੀਅਨ ਦੀਆਂ ਜ਼ਿਲ੍ਹਾ ਇਕਾਈਆਂ ਨੂੰ ਪੱਤਰ ਭੇਜ ਦਿੱਤਾ ਗਿਆ ਹੈ।

ਰਾਜ ਸਭਾ ਮੈਂਬਰ ਹਰਭਜਨ ਸਿੰਘ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਇਕ ਵਿਸਤ੍ਰਿਤ ਪੱਤਰ ਲਿਖਿਆ ਹੈ। ਉਹਨਾਂ ਨੇ ਪੱਤਰ ਵਿਚ ਲਿਖਿਆ, “ਮੁੱਖ ਗੱਲ ਇਹ ਹੈ ਕਿ ਪੀਸੀਏ 150 ਮੈਂਬਰਾਂ ਨੂੰ ਵੋਟਿੰਗ ਨਾਲ ਸ਼ਾਮਲ ਕਰਨਾ ਚਾਹੁੰਦਾ ਹੈ ਤਾਂ ਜੋ ਉਹਨਾਂ ਪੱਲੜਾ ਭਾਰੀ ਰਹੇ। ਇਹ ਸਭ ਕੁਝ ਮੁੱਖ ਸਲਾਹਕਾਰ ਦੀ ਸਲਾਹ ਤੋਂ ਬਿਨਾਂ ਜਾਂ ਸੁਪਰੀਮ ਕੌਂਸਲ ਨੂੰ ਪੁੱਛੇ ਬਿਨਾਂ ਕੀਤਾ ਜਾ ਰਿਹਾ ਹੈ। ਇਹ ਬੀਸੀਸੀਆਈ ਦੇ ਸੰਵਿਧਾਨ, ਪੀਸੀਏ ਦੇ ਦਿਸ਼ਾ-ਨਿਰਦੇਸ਼ਾਂ ਦੇ ਖ਼ਿਲਾਫ਼ ਹੈ ਅਤੇ ਖੇਡ ਇਕਾਈਆਂ ਦੀ ਪਾਰਦਰਸ਼ਤਾ ਦੇ ਨਿਯਮਾਂ ਦੀ ਵੀ ਉਲੰਘਣਾ ਹੈ”।

ਉਹਨਾਂ ਕਿਹਾ, “ਆਪਣੀਆਂ ਗੈਰ-ਕਾਨੂੰਨੀ ਕਾਰਵਾਈਆਂ ਨੂੰ ਛੁਪਾਉਣ ਲਈ, ਉਹ ਰਸਮੀ PCA ਮੀਟਿੰਗਾਂ ਨਹੀਂ ਬੁਲਾ ਰਹੇ ਹਨ ਅਤੇ ਸਾਰੇ ਫੈਸਲੇ ਖੁਦ ਲੈ ਰਹੇ ਹਨ”। ਹਰਭਜਨ ਨੇ ਸਮਾਚਾਰ ਏਜੰਸੀ ਨੂੰ ਦੱਸਿਆ, ''ਮੈਨੂੰ ਪਿਛਲੇ 10-15 ਦਿਨਾਂ ਤੋਂ ਸ਼ਿਕਾਇਤਾਂ ਮਿਲ ਰਹੀਆਂ ਹਨ। ਮੈਨੂੰ ਮੁੱਖ ਸਲਾਹਕਾਰ ਬਣਾਇਆ ਗਿਆ ਹੈ ਪਰ ਮੈਨੂੰ ਜ਼ਿਆਦਾਤਰ ਨੀਤੀਗਤ ਫੈਸਲਿਆਂ ਬਾਰੇ ਸੂਚਿਤ ਨਹੀਂ ਕੀਤਾ ਜਾਂਦਾ। ਮੈਨੂੰ ਮੈਂਬਰਾਂ ਅਤੇ ਮੁੱਖ ਮੰਤਰੀ ਨੂੰ ਚਿੱਠੀਆਂ ਲਿਖਣੀਆਂ ਪਈਆਂ ਕਿਉਂਕਿ ਹੋਰ ਕੋਈ ਵਿਕਲਪ ਨਹੀਂ ਸੀ”।