ਡਿਊਟੀ ਦੌਰਾਨ ਫ਼ੌਜੀ ਹਾਦਸੇ 'ਚ ਹੋਇਆ ਸ਼ਹੀਦ 

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਪੰਜਾਬ

ਪਿਛਲੇ 19 ਸਾਲ ਤੋਂ ਫ਼ੌਜ ਵਿਚ ਨਿਭਾਅ ਰਿਹਾ ਸੀ ਸੇਵਾਵਾਂ

photo

ਮਾਛੀਵਾੜਾ ਸਾਹਿਬ (ਮਨੀਸ਼ ਮਿੱਤਲ, ਸੁੱਖਾ ਮਾਨ): ਬੇਟ ਇਲਾਕੇ ਦਾ ਪਿੰਡ ਸਲਾਣਾ ਬੇਟ ਦਾ ਰਹਿਣ ਵਾਲਾ ਅਤੇ ਫ਼ੌਜ ਵਿਚ ਬਟਾਲੀਅਲ ਹਵਲਦਾਰ ਮੈਨੇਜਰ (ਬੀ.ਐਚ.ਐਮ.) ਰਾਜਵਿੰਦਰ ਸਿੰਘ (39) ਡਿਊਟੀ ਦੌਰਾਨ ਵਾਪਰੇ ਸੜਕ ਹਾਦਸੇ ਵਿਚ ਸ਼ਹੀਦ ਹੋ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਰਾਜਵਿੰਦਰ ਸਿੰਘ ਇਸ ਸਮੇਂ 31 ਫ਼ੀਲਡ ਰੈਜੀਮੈਂਟ ਜੈਸਲਮੇਰ (ਰਾਜਸਥਾਨ) ਵਿਖੇ ਅਪਣੀ ਡਿਊਟੀ ਨਿਭਾ ਰਿਹਾ ਸੀ।

ਬੀਤੇ ਦਿਨੀਂ ਦੁਪਹਿਰ ਬਾਅਦ ਉਹ ਡਿਊਟੀ ਦੌਰਾਨ ਸੜਕ ਹਾਦਸੇ ਵਿਚ ਸ਼ਹੀਦ ਹੋ ਗਿਆ। ਫ਼ੌਜ ਦੇ ਉੱਚ ਅਧਿਕਾਰੀਆਂ ਵਲੋਂ ਅੱਜ ਸਵੇਰੇ ਉਸ ਦੇ ਘਰ ਪਿੰਡ ਸਲਾਣਾ ਬੇਟ ਵਿਖੇ ਜਦੋਂ ਦੁਖਦ ਸਮਾਚਾਰ ਭੇਜਿਆ ਤਾਂ ਪ੍ਰਵਾਰ ’ਤੇ ਦੁੱਖਾਂ ਦਾ ਕਹਿਰ ਟੁਟ ਪਿਆ।

ਸਵ. ਰਾਜਵਿੰਦਰ ਸਿੰਘ ਪਿਛਲੇ 19 ਸਾਲ ਤੋਂ ਫ਼ੌਜ ਵਿਚ ਸੇਵਾਵਾਂ ਨਿਭਾਅ ਰਿਹਾ ਸੀ ਅਤੇ ਉਸ ਦੇ ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਘਰ ਵਿਚ ਉਸ ਦੇ 2 ਛੋਟੇ-ਛੋਟੇ ਲੜਕੇ, ਪਤਨੀ ਤੇ ਬਜ਼ੁਰਗ ਮਾਤਾ ਹੈ। ਸ਼ਹੀਦ ਰਾਜਵਿੰਦਰ ਸਿੰਘ ਦੀ ਮ੍ਰਿਤਕ ਦੇਹ ਅੱਜ ਪਿੰਡ ਸਲਾਣਾ ਬੇਟ ਵਿਖੇ ਪੁੱਜੇਗੀ ਜਿਥੇ ਕਿ ਪੂਰੇ ਸਰਕਾਰੀ ਸਨਮਾਨਾਂ ਨਾਲ ਉਸ ਦਾ ਅੰਤਮ ਸਸਕਾਰ ਕੀਤਾ ਜਾਵੇਗਾ।