ਕੋਚ ਵਜੋਂ ਅਨਿਲ ਕੁੰਬਲੇ ਦਾ ਕਾਰਜਕਾਲ ਵਧਣ ਦੀ ਸੰਭਾਵਨਾ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਸਚਿਨ ਤੇਂਦੂਲਕਰ, ਸੌਰਵ ਗਾਂਗੁਲੀ, ਵੀ.ਵੀ.ਐਸ. ਲਕਸ਼ਮਣ ਦੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਮੁੱਚ ਕੋਚ ਅਨਿਲ ਕੁੰਬਲੇ ਦੇ ਭਵਿੱਖ ਦਾ ਫ਼ੈਸਲਾ ਕਰਨ ਲਈ ਹੋਰ ਸਮਾਂ ਮੰਗਿਆ ਹੈ।

Anil Kumble

ਲੰਦਨ, 9 ਜੂਨ: ਸਚਿਨ ਤੇਂਦੂਲਕਰ, ਸੌਰਵ ਗਾਂਗੁਲੀ, ਵੀ.ਵੀ.ਐਸ. ਲਕਸ਼ਮਣ ਦੀ ਕ੍ਰਿਕਟ ਸਲਾਹਕਾਰ ਕਮੇਟੀ ਨੇ ਮੁੱਚ ਕੋਚ ਅਨਿਲ ਕੁੰਬਲੇ ਦੇ ਭਵਿੱਖ ਦਾ ਫ਼ੈਸਲਾ ਕਰਨ ਲਈ ਹੋਰ ਸਮਾਂ ਮੰਗਿਆ ਹੈ। ਬੀ.ਸੀ.ਸੀ.ਆਈ. ਦੇ ਕਾਰਜਕਾਰੀ ਪ੍ਰਧਾਨ ਸੀ.ਕੇ. ਖੰਨਾ ਅਤੇ ਆਈ.ਪੀ.ਐਲ. ਚੇਅਰਮੈਨ ਰਾਜੀਵ ਸ਼ੁਕਲਾ ਸਮੇਤ ਹੋਰ ਸੀਨੀਅਰ ਮੈਂਬਰ ਕਾਹਲੀ ਵਿਚ ਕੁੰਬਲੇ ਨੂੰ ਹਟਾਉਣ ਦੇ ਵਿਰੁਧ ਹਨ ਅਤੇ ਅਜਿਹੇ 'ਚ ਇਸ ਵੱਡੇ ਸਪਿੰਨਰ ਦਾ ਕਾਰਜਕਾਲ ਵਧਾਏ ਜਾਣ ਦੀ ਸੰਭਾਵਨਾ ਵਧ ਗਈ ਹੈ। ਇਹ ਤਿੰਨ ਮੈਂਬਰੀ ਕਮੇਟੀ ਕਲ ਇਥੇ ਪੰਜਤਾਰਾ ਹੋਟਲ 'ਚ ਮਿਲੀ ਅਤੇ ਉਨ੍ਹਾਂ ਨੇ ਨਵੇਂ ਕੋਚ ਦੀ ਨਿਯੁਕਤੀ ਬਾਰੇ ਲਗਭਗ ਦੋ ਘੰਟੇ ਤਕ ਚਰਚਾ ਕੀਤੀ ਅਤੇ ਫਿਰ ਬੀ.ਸੀ.ਸੀ.ਆਈ. ਦੇ ਸੀ.ਈ.ਓ. ਰਾਹੁਲ ਜੌਹਰੀ ਨੂੰ ਦਸਿਆ ਕਿ ਉਨ੍ਹਾਂ ਨੂੰ ਹਾਲੇ ਹੋਰ ਸਮਾਂ ਚਾਹੀਦਾ ਹੈ।
ਬੀ.ਸੀ.ਸੀ.ਆਈ. ਦੇ ਸਕੱਤਰ ਅਮਿਤਾਬ ਚੌਧਰੀ ਨੇ ਇਸ ਸਬੰਧੀ ਪ੍ਰੈੱਸ ਨੋਟ ਜਾਰੀ ਕੀਤਾ। ਕਿਹਾ ਗਿਆ ਹੈ ਕਿ ਬੀ.ਸੀ.ਸੀ.ਆਈ. ਦੀ ਕ੍ਰਿਕਟ ਸਲਾਹਕਾਰ ਕਮੇਟੀ ਦੀ ਅੱਜ ਹੋਈ ਬੈਠਕ ਵਿਚ ਅਹਿਮ ਚਰਚਾ ਕੀਤੀ ਗਈ ਅਤੇ ਕਮੇਟੀ ਨੇ ਬੀ.ਸੀ.ਸੀ.ਆਈ. ਕੋਲੋਂ ਹੋਰ ਸਮਾਂ ਮੰਗਿਆ ਹੈ। ਇਨ੍ਹਾਂ ਤਿੰਨਾਂ ਸਾਬਕਾ ਖਿਡਾਰੀਆਂ ਲਈ ਹੋਰ ਸਮੇਂ ਦੀ ਮੰਗ ਕਰਨਾ ਹੀ ਸਹੀ ਸੀ ਕਿਉਂਕਿ ਇਹ ਤਿੰਨੇ ਕੁੰਬਲੇ ਨੂੰ ਹਟਾਉਣ ਦੇ ਪੱਖ ਵਿਚ ਨਹੀਂ ਜਿਨ੍ਹਾਂ ਦੇ ਕੋਚ ਰਹਿੰਦੇ ਹੋਏ ਭਾਰਤ ਨੇ 17 ਵਿਚੋਂ 12 ਮੈਚ ਜਿੱਤੇ ਹਨ।
ਕਾਰਜਕਾਰੀ ਪ੍ਰਧਾਨ ਖੰਨਾ ਨੇ ਵੀ ਸ਼ੁਕਲਾ ਜਿਹੇ ਸੀਨੀਅਰ ਮੈਂਬਰਾਂ ਨਾਲ ਸਲਾਹ ਕਰਨ ਤੋਂ ਬਾਅਦ ਅਮਿਤਾਬ ਚੌਧਰੀ ਨੂੰ ਪੱਤਰ ਲਿਖ ਕੇ 26 ਜੂਨ ਨੂੰ ਮੁੰਬਈ 'ਚ ਹੋਣ ਵਾਲੀ ਬੀ.ਸੀ.ਸੀ.ਆਈ. ਦੀ ਵਿਸ਼ੇਸ਼ ਆਮ ਬੈਠਕ ਤਕ ਕੋਚ ਭਰਤੀ ਪ੍ਰਕਿਰਿਆ ਰੋਕਣ ਲਈ ਕਿਹਾ ਹੈ। (ਏਜੰਸੀ)