ਅੱਜ ਇੰਗਲੈਂਡ ਨਾਲ ਭਿੜੇਗਾ ਪਾਕਿਸਤਾਨ
ਰੋਮਾਂਚਕ ਜਿੱਤ ਦੇ ਨਾਲ ਆਈ. ਸੀ. ਸੀ. ਚੈਂਪੀਅਨਜ਼ ਟਰਾਫ਼ੀ ਦੇ ਸੈਮੀਫ਼ਾਈਨਲ 'ਚ ਪਹੁੰਚੀ ਪਾਕਿਸਤਾਨੀ ਟੀਮ ਘਰੇਲੂ ਜ਼ਮੀਨ 'ਤੇ ਅਜੇਤੂ ਇੰਗਲੈਂਡ ਕ੍ਰਿਕਟ ਟੀਮ ਵਿਰੁਧ ਬੁਧਵਾਰ ਨੂੰ
ਕਾਰਡਿਫ਼, 13 ਜੂਨ: ਰੋਮਾਂਚਕ ਜਿੱਤ ਦੇ ਨਾਲ ਆਈ. ਸੀ. ਸੀ. ਚੈਂਪੀਅਨਜ਼ ਟਰਾਫ਼ੀ ਦੇ ਸੈਮੀਫ਼ਾਈਨਲ 'ਚ ਪਹੁੰਚੀ ਪਾਕਿਸਤਾਨੀ ਟੀਮ ਘਰੇਲੂ ਜ਼ਮੀਨ 'ਤੇ ਅਜੇਤੂ ਇੰਗਲੈਂਡ ਕ੍ਰਿਕਟ ਟੀਮ ਵਿਰੁਧ ਬੁਧਵਾਰ ਨੂੰ ਇਥੇ ਕਾਰਡਿਫ਼ 'ਚ ਚਮਤਕਾਰ ਦੀ ਬਦੌਲਤ ਫ਼ਾਈਨਲ ਦਾ ਟਿਕਟ ਹਾਸਲ ਕਰਨ ਦੀਆਂ ਉਮੀਦਾਂ ਨਾਲ ਉਤਰੇਗੀ।
ਪਾਕਿਸਤਾਨੀ ਕਪਤਾਨ ਸਰਫ਼ਰਾਜ ਅਹਿਮਦ ਨੇ ਸ੍ਰੀਲੰਕਾ ਵਿਰੁਧ ਅਪਣੀ ਟੀਮ ਨੂੰ ਸੈਮੀਫ਼ਾਇਨਲ 'ਚ ਥਾਂ ਦਿਵਾਈ। ਕਾਰਡਿਫ਼ ਦੇ ਇਸ ਮੈਦਾਨ 'ਤੇ ਉਸ ਦੀਆਂ 3 ਵਿਕਟਾਂ ਦੀ ਜਿੱਤ ਕਾਫੀ ਕਰਿਸ਼ਮਾਈ ਰਹੀ ਸੀ ਅਤੇ ਉਹ ਉਮੀਦ ਕਰੇਗਾ ਕਿ ਅਪਣੇ ਪਿਛਲੇ 3 ਮੈਚ ਜਿੱਤ ਚੁੱਕੀ ਮੇਜ਼ਬਾਨ ਇੰਗਲੈਂਡ ਦੇ ਸਾਹਮਣੇ ਇਸ ਪ੍ਰਦਰਸ਼ਨ ਨੂੰ ਦੁਹਰਾਉਂਦੇ ਹੋਏ ਇਸ ਮਹੱਤਵਪੂਰਨ ਮੁਕਾਬਲੇ ਨੂੰ ਜਿੱਤੇ।
ਚੈਂਪੀਅਨਜ਼ ਟਰਾਫ਼ੀ 'ਚ ਪਾਕਿਸਤਾਨੀ ਟੀਮ ਨੇ ਭਾਰਤ ਵਿਰੁਧ ਮੈਚ ਹਾਰਿਆ ਸੀ ਪਰ ਉਸ ਤੋਂ ਬਾਅਦ ਅਪਣੇ ਪਿਛਲੇ ਦੋਵੇਂ ਮੈਚਾਂ 'ਚ ਉਸ ਨੇ ਦਖਣੀ ਅਫ਼ਰੀਕਾ ਵਿਰੁਧ ਡਕਵਰਥ ਲੁਈਸ ਨਿਯਮ ਨਾਲ 19 ਦੌੜਾਂ ਨਾਲ ਅਤੇ ਫਿਰ ਸ੍ਰੀਲੰਕਾ ਵਿਰੁਧ 3 ਵਿਕਟਾਂ ਨਾਲ ਮੈਚ ਜਿੱਤੇ ਹਨ ਅਤੇ ਸੈਮੀਫ਼ਾਈਨਲ 'ਚ ਜਗ੍ਹਾ ਬਣਾਈ। ਇਸ ਪ੍ਰਦਰਸ਼ਨ ਨਾਲ ਪਾਕਿਸਤਾਨੀ ਟੀਮ ਦਾ ਹੌਂਸਲਾ ਕਾਫ਼ੀ ਬੁਲੰਦ ਹੋਇਆ ਹੈ ਅਤੇ ਸੋਫਿਆ ਗਾਰਡਨ 'ਚ ਅਪਣੇ ਦੂਜੇ ਅਹਿਮ ਮੈਚ 'ਚ ਉਸ ਨੂੰ ਜਿੱਤ ਲਈ ਬਰਾਬਰੀ ਦਾ ਹੱਕਦਾਰ ਮੰਨਿਆ ਜਾ ਰਿਹਾ ਹੈ।
ਪਾਕਿਸਤਾਨ ਨੇ ਸੋਮਵਾਰ ਨੂੰ ਸ਼੍ਰੀਲੰਕਾ ਵਿਰੁਧ ਮੈਚ 'ਚ ਇਕ ਸਮੇਂ 237 ਦੌੜਾਂ ਦੇ ਵੱਡੇ ਟੀਚੇ ਦੇ ਸਾਹਮਣੇ 162 ਦੌੜਾਂ 'ਤੇ ਹੀ ਅਪਣੇ 7 ਵਿਕਟ ਗੁਆ ਦਿਤੇ ਸਨ ਪਰ ਫਿਰ ਸਰ²ਫ਼ਰਾਜ ਦੀ ਨਾਬਾਦ 61 ਦੌੜਾਂ ਦੀ ਕਪਤਾਨੀ ਪਾਰੀ ਨੇ ਪੂਰਾ ਮੈਚ ਹੀ ਉਲਟਾ ਦਿਤਾ।