ਸ੍ਰੀਲੰਕਾ ਤੋਂ ਮਿਲੀ ਹਾਰ ਮਗਰੋਂ ਕੋਹਲੀ ਨੇ ਕਿਹਾ ਟੂਰਨਾਮੈਂਟ ਹੁਣ ਬਣਿਆ ਰੁਮਾਂਚਕ
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਚੈਂਪੀਅਨਜ਼ ਟ੍ਰਾਫ਼ੀ ਵਿਚ ਚੰਗਾ ਸਕੋਰ ਖੜਾ ਕਰਨ ਦੇ ਬਾਵਜੂਦ ਸ਼੍ਰੀਲੰਕਾ ਤੋਂ ਮਿਲੀ ਹਾਰ 'ਤੇ ਕਿਹਾ ਕਿ ਟੀਮ ਅਜਿੱਤ ਨਹੀਂ ਹੈ
ਲੰਦਨ, 9 ਜੂਨ: ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਨੇ ਚੈਂਪੀਅਨਜ਼ ਟ੍ਰਾਫ਼ੀ ਵਿਚ ਚੰਗਾ ਸਕੋਰ ਖੜਾ ਕਰਨ ਦੇ ਬਾਵਜੂਦ ਸ਼੍ਰੀਲੰਕਾ ਤੋਂ ਮਿਲੀ ਹਾਰ 'ਤੇ ਕਿਹਾ ਕਿ ਟੀਮ ਅਜਿੱਤ ਨਹੀਂ ਹੈ।
ਬੀਤੇ ਦਿਨੀਂ ਹੋਏ ਇਸ ਮੈਚ ਵਿਚ ਭਾਰਤ ਨੇ 322 ਦੌੜਾਂ ਦਾ ਔਖਾ ਟੀਚਾ ਦਿਤਾ ਸੀ ਪਰ ਸ਼੍ਰੀਲੰਕਾ ਨੇ ਇਸ ਨੂੰ 3 ਵਿਕਟਾਂ ਦੇ ਨੁਕਸਾਨ 'ਤੇ ਆਸਾਨੀ ਨਾਲ ਪੂਰਾ ਕਰ ਲਿਆ ਸੀ। ਕੋਹਲੀ ਨੇ ਅੱਜ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਨ੍ਹਾਂ ਦੀ ਟੀਮ ਨੇ ਇਕ ਚੰਗਾ ਸਕੋਰ ਬਣਾਇਆ ਸੀ ਅਤੇ ਗੇਂਦਬਾਜ਼ਾਂ ਨੇ ਵੀ ਅਪਣਾ ਵਧੀਆ ਪ੍ਰਦਰਸ਼ਨ ਕੀਤਾ ਸੀ ਪਰ ਫਿਰ ਵੀ ਮੈਚ ਹਾਰ ਗਏ।
ਕੋਹਲੀ ਨੇ ਕਿਹਾ ਕਿ ਉਹ ਅਪਣੇ ਖਿਡਾਰੀਆਂ ਦੀ ਆਲੋਚਨਾ ਕਰਨ ਦੀ ਥਾਂ ਵਿਰੋਧੀ ਟੀਮ ਨੂੰ ਵਧਾਈ ਦੇਣਾ ਚਾਹੁੰਦੇ ਹਨ ਕਿ ਉਨ੍ਹਾਂ ਨੇ ਚੰਗੀ ਖੇਡ ਦਾ ਮੁਜ਼ਾਹਰਾ ਕੀਤਾ।
ਇਕ ਸਵਾਲ ਦੇ ਜਵਾਬ ਵਿਚ ਭਾਰਤੀ ਕਪਤਾਨ ਨੇ ਕਿਹਾ ਕਿ ਇਸ ਹਾਰ ਨਾਲ ਹੁਣ ਚੈਂਪੀਅਨਜ਼ ਟ੍ਰਾਫ਼ੀ ਟੂਰਨਾਮੈਂਟ ਬਹੁਤ ਰੁਮਾਂਚਕ ਬਣ ਗਿਆ ਹੈ।
ਉਨ੍ਹਾਂ ਕਿਹਾ ਕਿ ਹੁਣ ਅੱਗੇ ਜੋ ਵੀ ਮੈਚ ਹੋਵੇਗਾ ਉਹ ਇਕ ਕਿਸਮ ਦਾ ਕਵਾਰਟਰ ਫ਼ਾਈਨਲ ਹੋਵੇਗਾ। ਕੋਹਲੀ ਨੇ ਕਿਹਾ ਕਿ ਟੂਰਨਾਮੈਂਟ ਦੇ ਅੰਕਾਂ ਦੇ ਮੁਤਾਬਕ ਹੁਣ ਸਾਰੀਆਂ ਟੀਮਾਂ ਰੋਚਕ ਸਥਿਤੀ ਵਿਚ ਹਨ। (ਏਜੰਸੀ)