'ਕਰੋ ਜਾਂ ਮਰੋ' ਦੇ ਮੁਕਾਬਲੇ ਵਿਚ ਭਿੜਨਗੇ ਨਿਊਜ਼ੀਲੈਂਡ ਅਤੇ ਬੰਗਲਾਦੇਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਅਪਣੇ ਅੰਤਿਮ ਗਰੁਪ ਮੈਚ ਵਿਚ ਜਦੋਂ ਇਥੇ ਆਹਮਣੇ ਸਾਹਮਣੇ ਹੋਣਗੇ ਤਾਂ ਉੁਨ੍ਹਾਂ ਨੂੰ ਪਤਾ ਹੋਵੇਗਾ ਕਿ.....

Bangladesh and New Zealand


ਕਾਰਡਿਫ਼, 8 ਜੂਨ: ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਆਈਸੀਸੀ ਚੈਂਪੀਅਨਜ਼ ਟਰਾਫ਼ੀ ਦੇ ਅਪਣੇ ਅੰਤਿਮ ਗਰੁਪ ਮੈਚ ਵਿਚ ਜਦੋਂ ਇਥੇ ਆਹਮਣੇ ਸਾਹਮਣੇ ਹੋਣਗੇ ਤਾਂ ਉੁਨ੍ਹਾਂ ਨੂੰ ਪਤਾ ਹੋਵੇਗਾ ਕਿ ਇਸ ਮੁਕਾਬਲੇ ਵਿਚ ਜਿੱਤ ਵੀ ਸ਼ਾਇਦ ਸੈਮੀਫ਼ਾਈਨਲ ਵਿਚ ਉਨ੍ਹਾਂ ਦੀ ਥਾਂ ਪੱਕੀ ਨਾ ਕਰ ਸਕੇ।  
ਨਿਊਜ਼ੀਲੈਂਡ ਦੀ ਟੀਮ ਅੰਕ ਤਾਲਿਕਾ ਵਿਚ ਅੰਤਿਮ ਸਥਾਨ 'ਤੇ ਚੱਲ ਰਹੀ ਹੈ ਜਦਕਿ ਬੰਗਲਾਦੇਸ਼ ਤੀਜੇ ਸਥਾਨ 'ਤੇ ਹੈ। ਦੋਵਾਂ ਟੀਮਾਂ ਦਾ ਇਕ ਇਕ ਅੰਕ ਹੈ। ਦੋਵਾਂ ਨੂੰ ਇੰਗਲੈਂਡ ਵਿਰੁਧ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਆਸਟ੍ਰੇਲੀਆ ਵਿਰੁਧ ਇਨ੍ਹਾਂ ਦੇ ਮੈਚ ਬਾਰਿਸ਼ ਦੀ ਭੇਂਟ ਚੜ੍ਹ ਗਏ। ਮੇਜ਼ਬਾਨ ਇੰਗਲੈਂਡ ਨੇ ਦੋ ਆਸਾਨ ਜਿੱਤ ਨਾਲ ਸੈਮੀਫ਼ਾਈਨਲ ਵਿਚ ਥਾਂ ਬਣਾ ਕੇ ਅਪਣੇ ਇਰਾਦੇ ਪ੍ਰਗਟ ਕਰ ਦਿਤੇ ਹਨ। ਜੇਕਰ ਆਸਟ੍ਰੇਲੀਆ ਅੰਤਿਮ ਗਰੁਪ ਮੈਚ ਵਿਚ ਅਜਬੈਸਟਨ ਵਿਚ ਇੰਗਲੈਂਡ ਨੂੰ ਹਰਾ ਦਿੰਦਾ ਹੈ ਤਾਂ ਉਹ ਵੀ ਅੰਤਿਮ ਚਾਰ ਵਿਚ ਥਾਂ ਬਣਾ ਲਵੇਗਾ। ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਦੀਆਂ ਟੀਮਾਂ ਸ਼ੁਕਰਵਾਰ ਨੂੰ ਮੈਚ ਵਿਚ ਜਿੱਤ ਤੋਂ ਇਲਾਵਾ ਆਸਟ੍ਰੇਲੀਆ 'ਤੇ ਇੰਗਲੈਂਡ ਦੀ ਜਿੱਤ ਦੀ ਵੀ ਦੁਆ ਕਰਨਗੀਆਂ। ਇਸ ਵਿਚਕਾਰ ਬਾਰਿਸ਼ ਵੀ ਸਮੀਕਰਣ ਵਿਗਾੜ ਸਕਦੇ ਹਨ।
ਨਿਊਜ਼ੀਲੈਂਡ ਦੀ ਟੀਮ ਆਸਟ੍ਰੇਲੀਆ ਵਿਰੁਧ ਮਾੜੀ ਕਿਸਮਤ ਵਾਲੀ ਰਹੀ ਜਦੋਂ ਚੰਗੀ ਸਥਿਤੀ ਵਿਚ ਹੋਣ ਦੇ ਬਾਵਜੂਦ ਇਹ ਮੈਚ ਬਾਰਿਸ਼ ਦੀ ਭੇਂਟ ਚੜ੍ਹ ਗਿਆ। ਉਥੇ ਬੰਗਲਾਦੇਸ਼ ਨੂੰ ਬਾਰਿਸ਼ ਨੇ ਆਸਟ੍ਰੇਲੀਆ ਵਿਰੁਧ ਸੰਭਾਵਿਤ ਹਾਰ ਤੋਂ ਬਚਾਇਆ। ਸ਼ੁਕਰਵਾਰ ਦੇ ਮੈਚ ਵਿਚ ਨਿਊਜ਼ੀਲੈਂਡ ਦਾ ਪਲੜਾ ਭਾਰੀ ਲਗਦਾ ਹੈ ਪਰ ਬੰਗਲਾਦੇਸ਼ ਨੂੰ 'ਹਲਕੇ' ਵਿਚ ਨਹੀਂ ਲਿਆ ਜਾ ਸਕਦਾ ਜਿਸ ਨੇ ਹਾਲ ਹੀ ਵਿਚ ਇਸ ਫ਼ਾਰਮੈਂਟ ਵਿਚ ਚੰਗਾ ਪ੍ਰਦਰਸ਼ਨ ਕੀਤਾ ਹੈ। (ਪੀਟੀਆਈ)