ਜ਼ਿਆਦਾ ਕਮਾਈ ਵਾਲੇ ਖਿਡਾਰੀਆਂ ਦੀ ਫ਼ੋਰਬਸ ਸੂਚੀ 'ਚ ਕੋਹਲੀ ਇਕਲੌਤੇ ਭਾਰਤੀ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਫ਼ੋਰਬਸ ਦੀ ਦੁਨੀਆਂ ਦੇ ਜ਼ਿਆਦਾ ਕਮਾਈ ਕਰਨ ਵਾਲੇ 100 ਖਿਡਾਰੀਆਂ ਦੀ ਸੂਚੀ ਵਿਚ ਥਾਂ ਬਣਾਉਣ ਵਾਲੇ ਭਾਰਤੀ ਹਨ ਜਿਸ ਵਿਚ ਫ਼ੁਟਬਾਲ ਸਟਾਰ

Virat Kohli

ਨਿਊਯਾਰਕ, 8 ਜੂਨ: ਭਾਰਤੀ ਕ੍ਰਿਕਟ ਕਪਤਾਨ ਵਿਰਾਟ ਕੋਹਲੀ ਫ਼ੋਰਬਸ  ਦੀ ਦੁਨੀਆਂ ਦੇ ਜ਼ਿਆਦਾ ਕਮਾਈ ਕਰਨ ਵਾਲੇ 100 ਖਿਡਾਰੀਆਂ ਦੀ ਸੂਚੀ ਵਿਚ ਥਾਂ ਬਣਾਉਣ ਵਾਲੇ ਭਾਰਤੀ ਹਨ ਜਿਸ ਵਿਚ ਫ਼ੁਟਬਾਲ ਸਟਾਰ ਕ੍ਰਿਸਿਟਆਨੋ ਰੋਨਾਲਡੋ ਚੋਟੀ 'ਤੇ ਹਨ। ਫ਼ੋਰਬਸ ਦੀ 2017 ਦੀ 'ਦੁਨੀਆਂ ਵਿਚ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀਆਂ' ਦੀ ਸੂਚੀ ਵਿਚ 28 ਸਾਲ ਦੇ ਕੋਹਲੀ 89ਵੇਂ ਨੰਬਰ 'ਤੇ ਹਨ। ਉਨ੍ਹਾਂ ਦੀ ਕੁਲ ਕਮਾਈ ਦੋ ਕਰੋੜ 20 ਲੱਖ ਡਾਲਰ ਹੈ ਜਿਸ ਵਿਚ 30 ਲੱਖ ਡਾਲਰ ਤਨਖ਼ਾਹ ਅਤੇ ਪੁਰਸਕਾਰ ਤੋਂ ਇਲਾਵਾ ਇਕ ਕਰੋੜ 90 ਲੱਖ ਡਾਲਰ ਇਸ਼ਤਿਹਾਰਾਂ ਤੋਂ ਕਮਾਈ ਹੈ।
ਕੋਹਲੀ ਦੀ ਤਾਰੀਫ਼ ਕਰਦੇ ਹੋਏ ਫ਼ੋਰਬਸ ਨੇ ਲਿਖਿਆ ਹੈ ਕਿ ਇਸ ਸੁਪਰਸਟਾਰ ਦੀ ਤੁਲਨਾ ਚੰਗੇ ਕਾਰਨਾਂ ਨਾਲ ਹੁਣ ਤੋਂ ਹੀ ਮਹਾਨ ਖਿਡਾਰੀ ਸਚਿਨ ਤੇਂਦੁਲਕਰ ਨਾਲ ਹੋਣ ਲੱਗੀ ਹੈ। ਇਸ ਵਿਚ ਕਿਹਾ ਗਿਆ ਹੈ ਕਿ ਕੋਹਲੀ ਲਗਾਤਾਰ ਬੱਲੇਬਾਜ਼ੀ ਰੀਕਾਰਡ ਤੋੜ ਰਹੇ ਹਨ ਅਤੇ 2015 ਵਿਚ ਉੁਨ੍ਹਾਂ ਨੂੰ ਭਾਰਤੀ ਰਾਸ਼ਟਰੀ ਟੀਮ ਦਾ ਕਪਤਾਨ ਬਣਾਇਆ ਗਿਆ ਜਿਸ ਨਾਲ ਉਹ ਇਸ ਅਹੁਦੇ ਨੂੰ ਹਾਸਲ ਕਰਨ ਵਾਲੇ ਸੱਭ ਤੋਂ ਨੌਜਵਾਨ ਖਿਡਾਰੀਆਂ ਵਿਚੋਂ ਇਕ ਬਣੇ।
ਮੈਗਜ਼ੀਨ ਅਨੁਸਾਰ ਕੋਹਲੀ ਨੇ ਪਿਛਲੇ ਸਾਲ ਰਾਸ਼ਟਰੀ ਟੀਮ ਵਲੋਂ ਖੇਡਦੇ ਹੋਏ ਤਨਖ਼ਾਹ ਅਤੇ ਮੈਚ ਫ਼ੀਸ ਦੇ ਤੌਰ 'ਤੇ 10 ਲੱਖ ਡਾਲਰ ਕਮਾਏ ਅਤੇ ਇਹ ਰਾਇਲ ਚੈਲੰਜਰਸ ਬੇਂਗਲੁਰੂ ਤੋਂ ਮਿਲ ਰਹੇ 23 ਲੱਖ ਡਾਲਰ ਦੀ ਤਨਖ਼ਾਹ ਕਾਰਨ ਇੰਡੀਅਨ ਪ੍ਰੀਮੀਅਰ ਲੀਗ ਵਿਚ ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀਆਂ ਵਿਚ ਸ਼ਾਮਲ ਹਨ। ਫ਼ੋਰਬਸ ਨੇ ਕਿਹਾ,''ਉਨ੍ਹਾਂ ਦੀ ਕਮਾਈ ਦਾ ਵੱਡਾ ਹਿੱਸਾ ਹਾਲਾਂਕਿ ਸਪਾਂਸਰ ਕਰਾਰ ਤੋਂ ਆਉਂਦਾ ਹੈ।''
ਜ਼ਿਆਦਾ ਕਮਾਈ ਕਰਨ ਵਾਲੇ ਖਿਡਾਰੀਆਂ ਦੀ ਸੂਚੀ ਵਿਚ ਰੋਨਾਲਡੋ ਕੁਲ 9 ਕਰੋੜ 30 ਲੱਖ ਡਾਲਰ ਦੀ ਕਮਾਈ ਨਾਲ ਚੋਟੀ 'ਤੇ ਹਨ। ਅਮਰੀਕਾ ਦੇ ਬਾਸਕਟਬਾਲ ਸਟਾਰ ਲਿਬ੍ਰੋਨ ਜੇਮਸ ਅੱਠ ਕਰੋੜ 62 ਲੱਖ ਡਾਲਰ ਨਾਲ ਦੂਜੇ ਜਦਕਿ ਅਰਜਨਟੀਨਾ ਦੇ ਫ਼ੁਟਬਾਲ ਲਿਓਨਲ ਮੇਸੀ ਅੱਠ ਕਰੋੜ ਡਾਲਰ ਨਾਲ ਤੀਜੇ ਸਥਾਨ 'ਤੇ ਹੈ। ਟੈਨਿਸ ਸਟਾਰ ਰੋਜਰ ਫੇਡਰਰ 6 ਕਰੋੜ 40 ਲੱਖ ਡਾਲਰ ਦੀ ਕਮਾਈ ਨਾਲ ਚੌਥੇ ਸਥਾਨ 'ਤੇ ਹੈ। ਹਾਲਾਂਕਿ ਇਸ ਸੂਚੀ ਤੋਂ ਲਿੰਗ ਅਸਮਾਨਤਾ ਦਾ ਵੀ ਪਤਾ ਲਗਦਾ ਹੈ ਕਿਉੁਂਕਿ ਚੋਟੀ ਦੇ 100 ਖਿਡਾਰੀਆਂ ਦੀ ਸੂਚੀ ਵਿਚ ਸਿਰਫ਼ ਇਕ ਮਹਿਲਾ ਨੂੰ ਥਾਂ ਮਿਲੀ ਹੈ।
ਟੈਨਿਸ ਸਟਾਰ ਸੇਰੇਨਾ ਵਿਲੀਅਮਜ਼ ਦੋ ਕਰੋੜ 70 ਲੱਖ ਰੁਪਏ ਦੀ ਕਮਾਈ ਨਾਲ ਇਸ ਸੂਚੀ ਵਿਚ 51ਵੇਂ ਸਥਾਨ 'ਤੇ ਹੈ। ਇਸ ਸੂਚੀ ਵਿਚ 21 ਦੇਸ਼ਾਂ ਦੇ ਖਿਡਾਰੀਆਂ ਨੂੰ ਥਾਂ ਮਿਲੀ ਹੈ ਪਰ ਇਸ ਵਿਚ ਅਮਰੀਕੀ ਦਬਦਬਾ ਸਾਫ਼ ਤੌਰ 'ਤੇ ਵੇਖਿਆ ਜਾ ਸਕਦਾ ਹੈ ਜਿਸ ਦੇ 63 ਖਿਡਾਰੀਆਂ ਨੂੰ ਇਸ ਸੂਚੀ ਵਿਚ ਸ਼ਾਮਲ ਕੀਤਾ ਹੈ। (ਪੀਟੀਆਈ)