ਸਵਿਟਜ਼ਰਲੈਂਡ ਵਲੋਂ ਭਾਰਤੀ ਤੀਰ-ਅੰਦਾਜ਼ਾਂ ਨੂੰ ਵੀਜ਼ਾ ਦੇਣ ਤੋਂ ਨਾਂਹ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਉਲੰਪਿਕ ਕੁਆਲੀਫ਼ਾਇਰ ਵਿਸ਼ਵ ਕੱਪ ਤੋਂ ਪਹਿਲਾਂ ਇਹ ਟੂਰਨਾਮੈਂਟ ਮੰਨਿਆ ਜਾ ਰਿਹਾ ਹੈ ਕਾਫ਼ੀ ਮਹੱਤਵਪੂਰਨ

Switzerland refuses visa to Indian archers

ਨਵੀਂ ਦਿੱਲੀ : ਸਵਿਟਜ਼ਰਲੈਂਡ ਨੇ 17 ਤੋਂ 23 ਮਈ ਤਕ ਲੁਸਾਨੇ ’ਚ ਹੋਣ ਵਾਲੇ ਵਿਸ਼ਵ ਕੱਪ (ਦੂਜੇ ਪੜਾਅ) ’ਚ ਸ਼ਿਰਕਤ ਕਰਨ ਲਈ ਭਾਰਤੀ ਤੀਰ-ਅੰਦਾਜ਼ਾਂ ਨੂੰ ਵੀਜ਼ਾ ਦੇਣ ਤੋਂ ਇਨਕਾਰ ਕਰ ਦਿਤਾ ਹੈ।

ਭਾਰਤ ’ਚ ਵਧਦੇ ਕੋਰੋਨਾ ਤੇ ਯਾਤਰਾ ਸਬੰਧੀ ਪਾਬੰਦੀਆਂ ਕਾਰਨ ਸਵਿਟਜ਼ਰਲੈਂਡ ਦੇ ਸਫ਼ਾਰਤਖ਼ਾਨੇ ਨੇ ਭਾਰਤੀ ਤੀਰ-ਅੰਦਾਜ਼ ਟੀਮ ਨੂੰ ਵੀਜ਼ਾ ਜਾਰੀ ਕਰਨ ਤੋਂ ਮਨ੍ਹਾ ਕਰ ਦਿਤਾ ਹੈ। ਖ਼ਬਰਾਂ ਮੁਤਾਬਕ ਇਸ ਤੋਂ ਬਾਅਦ ਭਾਰਤੀ ਤੀਰ-ਅੰਦਾਜ਼ੀ ਸੰਘ ਨੇ ਵਿਦੇਸ਼ ਮੰਤਰਾਲਾ ਤੋਂ ਵੀਜ਼ਾ ਦਿਵਾਉਣ ਲਈ ਬੇਨਤੀ ਕੀਤੀ ਹੈ।

ਜ਼ਿਕਰਯੋਗ ਹੈ ਕਿ ਦੀਪਿਕਾ ਕੁਮਾਰੀ ਤੇ ਅਤਨੂ ਦਾਸ ਨੇ ਗਵਾਟੇਮਾਲਾ ’ਚ ਹੋਏ ਵਿਸ਼ਵ ਕੱਪ ’ਚ ਨਿਜੀ ਮੁਕਾਬਲੇ ਦਾ ਸੋਨੇ ਦਾ ਤਮਗ਼ਾ ਜਿਤਿਆ ਸੀ ਤੇ ਉਸ ਤੋਂ ਬਾਅਦ ਰਿਕਰਵ ਤੀਰ-ਅੰਦਾਜ਼ੀ ਟੀਮ ਨੂੰ ਦੂਜੇ ਵਿਸ਼ਵ ਕੱਪ ਲਈ ਵੀ ਭੇਜਿਆ ਜਾ ਰਿਹਾ ਸੀ।

21 ਤੋਂ 27 ਜੂਨ ਤਕ ਪੈਰਿਸ ’ਚ ਹੋਣ ਵਾਲੇ ਉਲੰਪਿਕ ਕੁਆਲੀਫ਼ਾਇਰ ਵਿਸ਼ਵ ਕੱਪ ਤੋਂ ਪਹਿਲਾਂ ਇਹ ਟੂਰਨਾਮੈਂਟ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸੇ ਟੂਰਨਾਮੈਂਟ ’ਚ ਭਾਰਤੀ ਮਹਿਲਾ ਟੀਮ ਦੇ ਕੋਲ ਉਲੰਪਿਕ ਕੋਟਾ ਹਾਸਲ ਕਰਨ ਦਾ ਮੌਕਾ ਹੈ।