ਭਾਰਤ ਦੇ ਦਿੱਗਜ ਹਾਕੀ ਖਿਡਾਰੀ ਰਵਿੰਦਰ ਪਾਲ ਸਿੰਘ ਦੀ ਕੋਰੋਨਾ ਨਾਲ ਹੋਈ ਮੌਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

65 ਸਾਲ ਦੀ ਉਮਰ ਵਿਚ ਲਏ ਆਖਰੀ ਸਾਹ

Ravinder Pal Singh

ਨਵੀਂ ਦਿੱਲੀ:  ਭਾਰਤੀ ਹਾਕੀ ਟੀਮ ਦੇ ਸਾਬਕਾ ਮੈਂਬਰ ਅਤੇ ਮਾਸਕੋ ਓਲੰਪਿਕ 1980 ਦੇ ਸੋਨ ਤਗਮਾ ਜੇਤੂ ਰਵਿੰਦਰਪਾਲ ਸਿੰਘ ਦਾ ਦਿਹਾਂਤ ਹੋ ਗਿਆ। ਦੱਸ ਦੇਈਏ ਕਿ  ਉਹ ਕੋਰੋਨਾ ਸੰਕਰਮਿਤ ਸਨ ਤੇ ਪਿਛਲੇ ਦੋ ਹਫਤਿਆਂ ਤੋਂ ਕੋਰੋਨਾ ਨਾਲ ਜੂਝ ਰਹੇ ਸਨ। ਉਹਨਾਂ ਨੇ 65 ਸਾਲ ਦੀ ਉਮਰ ਵਿਚ ਆਖਰੀ ਸਾਹ ਲਏ।

ਰਵਿੰਦਰ ਪਾਲ ਸਿੰਘ ਨੂੰ 24 ਅਪ੍ਰੈਲ ਨੂੰ ਵਿਵੇਕਾਨੰਦ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ ਸੀ। ਪਰਿਵਾਰਿਕ ਮੈਂਬਰਾਂ ਅਨੁਸਾਰ ਉਹ ਕੋਰੋਨਾ ਦੀ ਲਾਗ ਤੋਂ ਠੀਕ ਹੋ ਚੁੱਕੇ ਸਨ ਅਤੇ ਟੈਸਟ ਨਕਾਰਾਤਮਕ ਆਉਣ ਤੋਂ ਬਾਅਦ ਉਹ ਕੋਰੋਨਾ ਵਾਰਡ ਤੋਂ ਬਾਹਰ ਆ ਗਏ ਸਨ ।

ਸ਼ੁੱਕਰਵਾਰ ਨੂੰ ਉਹਨਾਂ ਦੀ ਹਾਲਤ ਅਚਾਨਕ ਖ਼ਰਾਬ ਹੋ ਗਈ ਅਤੇ ਉਹਨਾਂ ਨੂੰ ਵੈਂਟੀਲੇਟਰ 'ਤੇ ਪਾ ਦਿੱਤਾ ਗਿਆ। ਜਿਥੇ ਇਲਾਜ ਦੌਰਾਨ ਉਹਨਾਂ ਦੀ ਮੌਤ ਹੋ ਗਈ।
1984 ਦਾ ਲਾਸ ਏਂਜਲਸ ਓਲੰਪਿਕ ਖੇਡਣ ਵਾਲੇ ਰਵਿੰਦਰ ਪਾਲ ਸਿੰਘ ਨੇ ਵਿਆਹ ਨਹੀਂ ਕਰਵਾਇਆ ਸੀ।  ਉਹਨਾਂ ਨੇ 1979 ਜੂਨੀਅਰ ਵਰਲਡ ਕੱਪ ਖੇਡਿਆ ਅਤੇ ਹਾਕੀ ਛੱਡਣ ਤੋਂ ਬਾਅਦ ਸਟੇਟ ਬੈਂਕ ਤੋਂ ਸਵੈਇੱਛੁਕ ਰਿਟਾਇਰਮੈਂਟ ਲਈ ।

ਦੱਸ ਦੇਈਏ ਕਿ ਸੀਤਾਪੁਰ ਵਿੱਚ ਜਨਮੇ ਰਵਿੰਦਰ ਪਾਲ ਸਿੰਘ ਨੇ 1979 ਤੋਂ 1984 ਤੱਕ ਸ਼ਾਨਦਾਰ ਪ੍ਰਦਰਸ਼ਨ ਕੀਤਾ। ਦੋ ਓਲੰਪਿਕ ਤੋਂ ਇਲਾਵਾ, ਉਹਨਾਂ ਨੇ 1980 ਅਤੇ 1983 ਵਿਚ ਚੈਂਪੀਅਨਜ਼ ਟਰਾਫੀ, 1982 ਵਿਸ਼ਵ ਕੱਪ ਅਤੇ 1982 ਏਸ਼ੀਆ ਕੱਪ ਵੀ ਖੇਡਿਆ।