IND vs ZIM : ਜਦੋਂ ਮੈਂ ਜ਼ੀਰੋ ’ਤੇ ਆਊਟ ਹੋਇਆ ਤਾਂ ਯੁਵਰਾਜ ਬਹੁਤ ਖੁਸ਼ ਸੀ, ਹੁਣ ਮਾਣ ਹੋਇਆ ਹੋਵੇਗਾ : ਅਭਿਸ਼ੇਕ ਸ਼ਰਮਾ
ਅਭਿਸ਼ੇਕ ਅਪਣੇ ਪਹਿਲੇ ਕੌਮਾਂਤਰੀ ਮੈਚ ’ਚ ਖਾਤਾ ਨਹੀਂ ਖੋਲ੍ਹ ਸਕਿਆ ਸੀ
IND vs ZIM : ਭਾਰਤੀ ਸਲਾਮੀ ਬੱਲੇਬਾਜ਼ ਅਭਿਸ਼ੇਕ ਸ਼ਰਮਾ ਨੇ ਪ੍ਰਗਟਾਵਾ ਕੀਤਾ ਹੈ ਕਿ ਉਨ੍ਹਾਂ ਦੇ ਸਲਾਹਕਾਰ ਯੁਵਰਾਜ ਸਿੰਘ ਜ਼ਿੰਬਾਬਵੇ ਵਿਰੁਧ ਟੀ-20 ਮੈਚ ’ਚ ਡੈਬਿਊ ਮੈਚ ’ਚ 0 ’ਤੇ ਆਊਟ ਹੋਣ ’ਤੇ ਬਹੁਤ ਖੁਸ਼ ਸਨ ਕਿਉਂਕਿ ਸਾਬਕਾ ਆਲਰਾਊਂਡਰ ਦਾ ਮੰਨਣਾ ਹੈ ਕਿ ਇਹ ਚੰਗੀ ਸ਼ੁਰੂਆਤ ਹੈ।
ਅਭਿਸ਼ੇਕ ਅਪਣੇ ਪਹਿਲੇ ਕੌਮਾਂਤਰੀ ਮੈਚ ’ਚ ਖਾਤਾ ਨਹੀਂ ਖੋਲ੍ਹ ਸਕਿਆ ਸੀ। ਜ਼ਿੰਬਾਬਵੇ ਨੇ ਇਹ ਮੈਚ 13 ਦੌੜਾਂ ਨਾਲ ਜਿੱਤਿਆ ਸੀ। ਅਭਿਸ਼ੇਕ ਨੇ ਹਾਲਾਂਕਿ ਸ਼ਾਨਦਾਰ ਵਾਪਸੀ ਕਰਦਿਆਂ ਦੂਜੇ ਮੈਚ ਵਿਚ 47 ਗੇਂਦਾਂ ਵਿਚ 100 ਦੌੜਾਂ ਬਣਾਈਆਂ ਅਤੇ ਭਾਰਤ ਇਹ ਮੈਚ 100 ਦੌੜਾਂ ਨਾਲ ਜਿੱਤਣ ਵਿਚ ਸਫਲ ਰਿਹਾ।
ਉਨ੍ਹਾਂ ਕਿਹਾ, ‘‘ਮੈਂ ਕੱਲ੍ਹ (ਸਨਿਚਰਵਾਰ) ਯੁਵਰਾਜ ਨਾਲ ਗੱਲ ਕੀਤੀ ਸੀ ਅਤੇ ਮੈਨੂੰ ਨਹੀਂ ਪਤਾ ਕਿ ਜਦੋਂ ਮੈਂ ਜ਼ੀਰੋ ’ਤੇ ਆਊਟ ਹੋਇਆ ਤਾਂ ਉਹ ਇੰਨਾ ਖੁਸ਼ ਕਿਉਂ ਸਨ। ਉਨ੍ਹਾਂ ਕਿਹਾ ਸੀ ਕਿ ਇਹ ਚੰਗੀ ਸ਼ੁਰੂਆਤ ਹੈ ਪਰ ਹੁਣ ਉਹ ਮੇਰੇ ਪਰਵਾਰ ਵਾਂਗ ਖੁਸ਼ ਹੋਣਗੇ ਅਤੇ ਮੇਰੇ ’ਤੇ ਮਾਣ ਕਰਨਗੇ।’’ਅਭਿਸ਼ੇਕ ਨੇ ਭਾਰਤ ਦੀ 2011 ਵਿਸ਼ਵ ਕੱਪ ਜਿੱਤ ਦੇ ਹੀਰੋ ਯੁਵਰਾਜ ਦਾ ਕ੍ਰਿਕਟ ਦੇ ਮੈਦਾਨ ’ਤੇ ਅਪਣੇ ਹੁਨਰ ਨੂੰ ਸੁਧਾਰਨ ਲਈ ਧੰਨਵਾਦ ਕੀਤਾ।
ਉਨ੍ਹਾਂ ਕਿਹਾ, ‘‘ਉਨ੍ਹਾਂ ਨੇ ਮੈਨੂੰ ਉਹ ਬਣਾਉਣ ’ਚ ਅਹਿਮ ਭੂਮਿਕਾ ਨਿਭਾਈ ਹੈ, ਜੋ ਮੈਂ ਅੱਜ ਹਾਂ। ਉਨ੍ਹਾਂ ਨੇ ਮੈਨੂੰ ਇੱਥੇ ਲਿਆਉਣ ਲਈ ਸਖਤ ਮਿਹਨਤ ਕੀਤੀ। ਉਨ੍ਹਾਂ ਨੇ ਨਾ ਸਿਰਫ ਕ੍ਰਿਕਟ ਦੇ ਮੈਦਾਨ ’ਤੇ ਮੇਰੇ ਹੁਨਰ ਨੂੰ ਨਿਖਾਰਿਆ ਹੈ ਬਲਕਿ ਮੈਦਾਨ ਤੋਂ ਬਾਹਰ ਵੀ ਮੇਰੀ ਜ਼ਿੰਦਗੀ ’ਚ ਮੇਰੀ ਮਦਦ ਕੀਤੀ ਹੈ।’’
ਐਤਵਾਰ ਦੇ ਮੈਚ ਤੋਂ ਬਾਅਦ ਅਭਿਸ਼ੇਕ ਨੇ ਯੁਵਰਾਜ ਨਾਲ ਗੱਲ ਕੀਤੀ ਅਤੇ ਉਹ ਇਸ ਨੌਜੁਆਨ ਬੱਲੇਬਾਜ਼ ਦੇ ਪ੍ਰਦਰਸ਼ਨ ਤੋਂ ਬਹੁਤ ਖੁਸ਼ ਸਨ। ਯੁਵਰਾਜ ਨੇ ਕਿਹਾ, ‘‘ਸ਼ਬਾਸ, ਮੈਨੂੰ ਤੁਹਾਡੇ ’ਤੇ ਮਾਣ ਹੈ। ਤੁਸੀਂ ਇਸ ਦੇ ਹੱਕਦਾਰ ਸੀ। ਇਹ ਸਿਰਫ ਸ਼ੁਰੂਆਤ ਹੈ। ਤੁਸੀਂ ਭਵਿੱਖ ’ਚ ਇਸ ਤਰ੍ਹਾਂ ਦੀਆਂ ਹੋਰ ਵੀ ਕਈ ਪਾਰੀਆਂ ਖੇਡੋਗੇ।’