ਮਹਿਲਾ ਟੀ-20 ਏਸ਼ੀਆ ਕੱਪ : ਭਾਰਤ ਨੇ 59 ਦੌੜਾਂ ਨਾਲ ਬੰਗਲਾਦੇਸ਼ ਨੂੰ ਦਿੱਤੀ ਮਾਤ 

ਏਜੰਸੀ

ਖ਼ਬਰਾਂ, ਖੇਡਾਂ

ਸ਼ੇਫਾਲੀ ਵਰਮਾ ਨੂੰ ਹਰਫ਼ਨ-ਮੌਲਾ ਪ੍ਰਦਰਸ਼ਨ ਲਈ ਐਲਾਨਿਆ ਪਲੇਅਰ ਆਫ਼ ਦੀ ਮੈਚ

Women's T20 Asia Cup: India beat Bangladesh by 59 runs

ਢਾਕਾ : ਮਹਿਲਾ ਟੀ-20 ਏਸ਼ੀਆ ਕੱਪ ਦੇ ਇਕ ਮੁਕਾਬਲੇ 'ਚ ਭਾਰਤ ਨੇ ਮੇਜ਼ਬਾਨ ਬੰਗਲਾਦੇਸ਼ ਨੂੰ 59 ਦੌੜਾਂ ਨਾਲ ਹਰਾ ਦਿੱਤਾ।160 ਦੌੜਾਂ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਬੰਗਲਾਦੇਸ਼ ਦੀ ਟੀਮ 100 ਦੌੜਾਂ ਹੀ ਬਣਾ ਸਕੀ ਅਤੇ ਮੈਚ ਵੱਡੇ ਫਰਕ ਨਾਲ ਹਾਰ ਗਈ। ਮਹਿਲਾ ਏਸ਼ੀਆ ਕੱਪ 'ਚ ਪੰਜ ਮੈਚਾਂ 'ਚ ਭਾਰਤ ਦੀ ਇਹ ਚੌਥੀ ਜਿੱਤ ਹੈ ਅਤੇ ਟੀਮ ਇੰਡੀਆ ਅੱਠ ਅੰਕਾਂ ਨਾਲ ਪਹਿਲੇ ਸਥਾਨ 'ਤੇ ਬਰਕਰਾਰ ਹੈ।

ਭਾਰਤ ਦੀ ਇੱਕੋ-ਇੱਕ ਹਾਰ ਪਾਕਿਸਤਾਨ ਖ਼ਿਲਾਫ਼ ਪਿਛਲੇ ਮੈਚ ਵਿੱਚ ਹੋਈ ਸੀ।  ਇਸ ਮੈਚ 'ਚ ਭਾਰਤ ਲਈ ਸ਼ੈਫਾਲੀ ਵਰਮਾ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ। ਉਸ ਨੇ 55 ਦੌੜਾਂ ਦੀ ਸ਼ਾਨਦਾਰ ਪਾਰੀ ਖੇਡ ਕੇ ਦੋ ਅਹਿਮ ਵਿਕਟਾਂ ਵੀ ਲਈਆਂ। ਸਲਾਮੀ ਬੱਲੇਬਾਜ਼ੀ ਸ਼ੇਫਾਲੀ ਵਰਮਾ ਨੇ 44 ਗੇਂਦਾਂ 'ਚ 55 ਦੌੜਾਂ ਬਣਾਈਆਂ।ਜਵਾਬ 'ਚ ਬੱਲੇਬਾਜ਼ੀ ਕਰਦਿਆ ਬੰਗਲਾਦੇਸ਼ ਦੀ ਟੀਮ 20 ਓਵਰਾਂ 'ਚ 7 ਵਿਕਟਾਂ ਦੇ ਨੁਕਸਾਨ 'ਤੇ 100 ਦੌੜਾਂ ਹੀ ਬਣਾ ਸਕੀ।

ਭਾਰਤ ਵਲੋਂ ਸ਼ੇਫਾਲੀ ਵਰਮਾ ਨੇ ਗੇਂਦਬਾਜ਼ੀ ਵਿਚ ਵੀ ਸ਼ਾਨਦਾਰ ਪ੍ਰਦਰਸ਼ਨ ਕਰਦਿਆ 4 ਓਵਰਾਂ 'ਚ ਸਿਰਫ਼ 10 ਦੌੜਾਂ ਦੇ ਕੇ 4 ਵਿਕਟਾਂ ਹਾਸਲ ਕੀਤੀਆਂ। ਸ਼ੇਫਾਲੀ ਵਰਮਾ ਨੂੰ ਉਸ ਦੇ ਹਰਫ਼ਨ-ਮੌਲਾ ਪ੍ਰਦਰਸ਼ਨ ਲਈ ਪਲੇਅਰ ਆਫ਼ ਦੀ ਮੈਚ ਐਲਾਨਿਆ ਗਿਆ। ਹੁਣ ਭਾਰਤ ਦਾ ਆਖਰੀ ਲੀਗ ਮੈਚ ਥਾਈਲੈਂਡ ਨਾਲ ਹੈ। ਇਸ ਮੈਚ ਨੂੰ ਜਿੱਤ ਕੇ ਟੀਮ ਇੰਡੀਆ ਅਗਲੇ ਦੌਰ 'ਚ ਜਗ੍ਹਾ ਬਣਾਉਣਾ ਚਾਹੇਗੀ। ਹਾਲਾਂਕਿ ਅੰਕ ਸੂਚੀ 'ਚ ਚੋਟੀ 'ਤੇ ਕਾਬਜ਼ ਭਾਰਤ ਦਾ ਫਾਈਨਲ ਖੇਡਣਾ ਲਗਭਗ ਤੈਅ ਹੈ।