ਕ੍ਰਿਕੇਟ ਵਿਸ਼ਵ ਕੱਪ ’ਚ ਭਾਰਤ ਨੇ ਕੀਤੀ ਜੇਤੂ ਸ਼ੁਰੂਆਤ, ਰੋਮਾਂਚਕ ਮੈਚ ’ਚ ਆਸਟਰੇਲੀਆ ਨੂੰ 6 ਵਿਕਟਾਂ ਨਾਲ ਹਰਾਇਆ

ਏਜੰਸੀ

ਖ਼ਬਰਾਂ, ਖੇਡਾਂ

ਵਿਰਾਟ ਕੋਹਲੀ (85) ਅਤੇ ਕੇ.ਐਲ. ਰਾਹੁਲ (97) ਦੀ 165 ਦੌੜਾਂ ਦੀ ਭਾਈਵਾਲੀ ਨੇ ਦਿਵਾਈ ਜਿੱਤ

India

ਚੇਨਈ: ਭਾਰਤ ਨੇ ਇਕ ਦਿਨਾ ਕ੍ਰਿਕੇਟ ਵਿਸ਼ਵ ਕੱਪ 2023 ਦੇ ਅਪਣੇ ਪਹਿਲੇ ਮੈਚ ’ਚ ਐਤਵਾਰ ਨੂੰ ਆਸਟਰੇਲੀਆ ਨੂੰ ਛੇ ਵਿਕਟਾਂ ਨਾਲ ਹਰਾ ਦਿਤਾ। ਆਸਟਰੇਲੀਆ ਦੀ ਟੀਮ ਪਹਿਲਾਂ ਬੱਲੇਬਾਜ਼ੀ ਕਰਦਿਆਂ 49.3 ਓਵਰਾਂ ’ਚ 199 ਦੌੜਾਂ ਬਣਾ ਕੇ ਆਊਟ ਹੋ ਗਈ। ਭਾਰਤ ਨੇ 41.2 ਓਵਰਾਂ ’ਚ ਚਾਰ ਵਿਕਟਾਂ ’ਤੇ 201 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ। 

ਮੈਚ ਉਸ ਵੇਲੇ ਰੋਮਾਂਚਕ ਬਣ ਗਿਆ ਸੀ ਜਦੋਂ ਭਾਰਤ ਨੇ ਅਪਣੀ ਪਾਰੀ ਸ਼ੁਰੂ ਹੁੰਦਿਆਂ ਹੀ 2 ਦੌੜਾਂ ’ਤੇ 3 ਵਿਕਟਾਂ ਗੁਆ ਦਿਤੀਆਂ। ਕਪਤਾਨ ਰੋਹਿਤ ਸ਼ਰਮਾ, ਈਸ਼ਾਨ ਕਿਸ਼ਨ ਅਤੇ ਸ੍ਰੇਆਸ ਅਈਅਰ ਬਗ਼ੈਰ ਕੋਈ ਦੌੜ ਬਣਾਏ ਸਿਫ਼ਰ ’ਤੇ ਆਊਟ ਹੋ ਗਏ। ਰੋਹਿਤ ਅਤੇ ਸ੍ਰੇਆਸ ਨੂੰ ਜੋਸ਼ ਹੇਜ਼ਲਵੁੱਡ ਨੇ ਜਦਕਿ ਇਸ਼ਾਨ ਨੂੰ ਮਿਸ਼ੇਲ ਸਟਾਰਕ ਨੇ ਆਊਟ ਕੀਤਾ। ਪਰ ਇਸ ਤੋਂ ਬਾਅਦ ਵਿਰਾਟ ਕੋਹਲੀ ਅਤੇ ਕੇ.ਐਲ. ਰਾਹੁਲ ਦੀ 165 ਦੌੜਾਂ ਦੀ ਭਾਈਵਾਲੀ ਨੇ ਭਾਰਤ ਨੂੰ ਜਿੱਤ ਦਿਵਾਈ। ਵਿਰਾਟ ਕੋਹਲੀ 85 ਦੌੜਾਂ ਬਣਾ ਕੇ ਆਊਟ ਹੋਏ ਜਦਕਿ ਕੇ.ਐੱਲ. ਰਾਹੁਲ ਨੂੰ 97 ਦੌੜਾ ਦੀ ਨਾਬਾਦ ਪਾਰੀ ਖੇਡੀ। ਹਾਰਦਿਕ ਪਾਂਡਿਆ ਨੇ 11 ਦੌੜਾਂ ਬਣਾਈਆਂ। 

ਇਸ ਤੋਂ ਪਹਿਲਾਂ ਰਵਿੰਦਰ ਜਡੇਜਾ ਦੀ ਅਗਵਾਈ ’ਚ ਸਪਿੱਨ ਤਿਕੜੀ ਦੇ ਸ਼ਾਨਦਾਰ ਪ੍ਰਦਰਸ਼ਨ ਨਾਲ ਭਾਰਤ ਨੇ ਆਸਟ੍ਰੇਲੀਆ ਨੂੰ ਇਕ ਦਿਨ ਦੇ ਵਿਸ਼ਵ ਕੱਪ ਦੇ ਮੈਚ ’ਚ ਐਤਵਾਰ ਨੂੰ 49.3 ਓਵਰਾਂ ’ਚ 199 ਦੌੜਾਂ ’ਤੇ ਸਮੇਟ ਦਿਤਾ। 

ਆਸਟ੍ਰੇਲੀਆ ਦਾ ਕੋਈ ਵੀ ਬੱਲੇਬਾਜ਼ ਅੱਧਾ ਸੈਂਕੜਾ ਨਹੀਂ ਲਗਾ ਸਕਿਆ। ਉਸ ਵਲੋਂ ਸਟੀਵ ਸਮਿੱਥ ਨੇ ਸਭ ਤੋਂ ਵੱਧ 46 ਦੌੜਾਂ ਬਣਾਈਆਂ। ਰਵਿੰਦਰ ਜਡੇਜਾ (28 ਦੌੜਾਂ ਦੇ ਕੇ ਤਿੰਨ ਵਿਕਟਾਂ), ਕੁਲਦੀਪ ਯਾਦਵ (42 ਦੌੜਾਂ ਦੇ ਕੇ ਦੋ ਵਿਕਟਾਂ) ਅਤੇ ਰਵੀਚੰਦਰਨ ਅਸ਼ਵਿਨ (34 ਦੌੜਾਂ ਦੇ ਕੇ ਇਕ ਵਿਕੇਟ) ਦੀ ਸਪਿੱਨ ਤਿਕੜੀ ਨੇ 30 ਓਵਰਾਂ ’ਚ 104 ਦੌੜਾਂ ਦੇ ਕੇ ਛੇ ਵਿਕੇਟਾਂ ਲਈਆਂ। 

ਭਾਰਤ ਦੇ ਤੇਜ਼ ਗੇਂਦਬਾਜ਼ਾਂ ਨੇ ਵੀ ਅਪਣਾ ਕਮਾਲ ਵਿਖਾਇਆ। ਜਸਪ੍ਰੀਤ ਬੁਮਰਾਹ ਨੇ 35 ਦੌੜਾਂ ਦੇ ਕੇ ਦੋ ਵਿਕਟਾਂ ਲਈਟਾਂ ਜਦਕਿ ਮੁਹੰਮਦ ਸਿਰਾਜ ਅਤੇ ਹਾਰਦਿਕ ਪਾਂਡਿਆ ਨੇ ਇਕ-ਇਕ ਵਿਕਟ ਹਾਸਲ ਕੀਤਾ।