ਭਾਰਤ ਦਾ T-20 ਵਿਸ਼ਵ ਕੱਪ ਜਿੱਤਣ ਦਾ ਸੁਫ਼ਨਾ ਫਿਰ ਟੁੱਟਾ, ਟੂਰਨਾਮੈਂਟ ਤੋਂ ਹੋਏ ਬਾਹਰ
ਨਿਊਜ਼ੀਲੈਂਡ ਸੈਮੀਫ਼ਾਈਨਲ 'ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ।
ਨਵੀਂ ਦਿੱਲੀ : ਟੀਮ ਇੰਡੀਆ ਦਾ T-20 ਵਿਸ਼ਵ ਕੱਪ 2021 ਜਿੱਤਣ ਦਾ ਸੁਫ਼ਨਾ ਚਕਨਾਚੂਰ ਹੋ ਗਿਆ ਹੈ। ਨਿਊਜ਼ੀਲੈਂਡ ਨੇ ਐਤਵਾਰ ਨੂੰ ਖੇਡੇ ਗਏ ਇਕ ਅਹਿਮ ਮੈਚ 'ਚ ਅਫ਼ਗ਼ਾਨਿਸਤਾਨ ਨੂੰ ਹਰਾ ਦਿਤਾ ਹੈ, ਇਸ ਨਾਲ ਨਿਊਜ਼ੀਲੈਂਡ ਸੈਮੀਫ਼ਾਈਨਲ 'ਚ ਪਹੁੰਚਣ ਵਾਲੀ ਚੌਥੀ ਟੀਮ ਬਣ ਗਈ ਹੈ। ਜੇਕਰ ਅਫ਼ਗ਼ਾਨਿਸਤਾਨ ਇਸ ਮੈਚ 'ਚ ਜਿੱਤ ਜਾਂਦਾ ਤਾਂ ਟੀਮ ਇੰਡੀਆ ਲਈ ਮੌਕਾ ਹੋ ਸਕਦਾ ਸੀ। ਪਰ ਹੁਣ ਇਸ ਵਿਸ਼ਵ ਕੱਪ ਵਿਚ ਭਾਰਤੀ ਟੀਮ ਦਾ ਸਫ਼ਰ ਖ਼ਤਮ ਹੋ ਗਿਆ ਹੈ ਅਤੇ ਸੋਮਵਾਰ ਨੂੰ ਹੋਣ ਵਾਲਾ ਨਾਮੀਬੀਆ ਖ਼ਿਲਾਫ਼ ਮੈਚ ਹੁਣ ਸਿਰਫ਼ ਇੱਕ ਰਸਮ ਰਹਿ ਗਿਆ ਹੈ। ਟੀ-20 ਵਿਸ਼ਵ ਕੱਪ ਦੇ ਸੈਮੀਫ਼ਾਈਨਲ 'ਚ ਹੁਣ ਆਸਟ੍ਰੇਲੀਆ-ਪਾਕਿਸਤਾਨ, ਨਿਊਜ਼ੀਲੈਂਡ-ਇੰਗਲੈਂਡ ਵਿਚਾਲੇ ਜੰਗ ਹੋਵੇਗੀ।
ਸਾਲ 2007 'ਚ ਜਦੋਂ ਟੀ-20 ਵਿਸ਼ਵ ਕੱਪ ਸ਼ੁਰੂ ਹੋਇਆ ਸੀ ਤਾਂ ਟੀਮ ਇੰਡੀਆ ਪਹਿਲੀ ਵਾਰ ਚੈਂਪੀਅਨ ਬਣੀ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਜਦੋਂ IPL ਸ਼ੁਰੂ ਹੋਇਆ ਤਾਂ ਅਜਿਹਾ ਲੱਗ ਰਿਹਾ ਸੀ ਕਿ ਭਾਰਤੀ ਟੀਮ ਇਸ ਫਾਰਮੈਟ 'ਤੇ ਹਾਵੀ ਹੋ ਜਾਵੇਗੀ। ਪਰ 2007 ਤੋਂ ਬਾਅਦ ਟੀਮ ਇੰਡੀਆ ਅਜੇ ਤੱਕ ਦੁਬਾਰਾ ਟੀ-20 ਵਿਸ਼ਵ ਕੱਪ ਨਹੀਂ ਜਿੱਤ ਸਕੀ ਹੈ ਅਤੇ ਇਸ ਵਾਰ ਵੀ ਇਹ ਮੌਕਾ ਖੁੰਝ ਗਿਆ ਹੈ।
ਟੀਮ ਇੰਡੀਆ 2007 ਵਿਚ ਚੈਂਪੀਅਨ ਬਣੀ, 2014 ਵਿਚ ਉਪ ਜੇਤੂ ਅਤੇ 2016 ਵਿਚ ਸੈਮੀਫ਼ਾਈਨਲ ਵਿਚ ਪਹੁੰਚੀ। ਇਸ ਵਾਰ ਟੀਮ ਇੰਡੀਆ ਸੈਮੀਫ਼ਾਈਨਲ 'ਚ ਵੀ ਨਹੀਂ ਪਹੁੰਚ ਸਕੀ ਹੈ। ਮਹਿੰਦਰ ਸਿੰਘ ਧੋਨੀ ਦੀ ਕਪਤਾਨੀ ਵਿਚ ਟੀਮ ਇੰਡੀਆ ਨੇ 2007 ਦਾ ਵਿਸ਼ਵ ਕੱਪ ਜਿੱਤਿਆ ਸੀ, ਐੱਮ.ਐੱਸ. ਧੋਨੀ 2021 ਦੇ ਟੀ-20 ਵਿਸ਼ਵ ਕੱਪ ਵਿਚ ਟੀਮ ਇੰਡੀਆ ਨਾਲ ਇੱਕ ਸਲਾਹਕਾਰ ਵਜੋਂ ਜੁੜੇ ਹੋਏ ਸਨ।
ਟੀ-20 ਫਾਰਮੈਟ 'ਚ ਕਪਤਾਨ ਦੇ ਤੌਰ 'ਤੇ ਵਿਰਾਟ ਕੋਹਲੀ ਦਾ ਇਹ ਆਖਰੀ ਟੂਰਨਾਮੈਂਟ ਸੀ। ਇਸ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਪਹਿਲਾਂ ਹੀ ਵਿਰਾਟ ਕੋਹਲੀ ਨੇ ਟੀ-20 ਫਾਰਮੈਟ 'ਚ ਭਾਰਤੀ ਟੀਮ ਦੀ ਕਪਤਾਨੀ ਛੱਡਣ ਦਾ ਐਲਾਨ ਕਰ ਦਿੱਤਾ ਸੀ। ਹੁਣ ਜਦੋਂ ਇਹ ਤੈਅ ਹੋ ਗਿਆ ਹੈ ਕਿ ਭਾਰਤ ਸੈਮੀਫ਼ਾਈਨਲ 'ਚ ਨਹੀਂ ਪਹੁੰਚ ਰਿਹਾ ਹੈ ਤਾਂ ਵਿਰਾਟ ਕੋਹਲੀ ਨਾਮੀਬੀਆ ਖ਼ਿਲਾਫ਼ ਟੀ-20 ਫਾਰਮੈਟ 'ਚ ਆਖਰੀ ਵਾਰ ਭਾਰਤੀ ਟੀਮ ਦੀ ਕਪਤਾਨੀ ਕਰਦੇ ਨਜ਼ਰ ਆਉਣਗੇ।