ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਸਮੇਤ ਕਈ ਹਸਤੀਆਂ ਪਦਮ ਵਿਭੂਸ਼ਣ ਨਾਲ ਸਨਮਾਨਿਤ
ਪਹਿਲੀ ਮਹਿਲਾ ਏਅਰ ਮਾਰਸ਼ਲ ਨੂੰ ਮਿਲਿਆ ਪਦਮ ਸ਼੍ਰੀ ਪੁਰਸਕਾਰ
ਨਵੀਂ ਦਿੱਲੀ : ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੋਮਵਾਰ ਨੂੰ ਵੱਖ-ਵੱਖ ਸੂਬਿਆਂ ਦੇ ਪਦਮ ਪੁਰਸਕਾਰ ਜੇਤੂਆਂ ਨੂੰ ਸਨਮਾਨਿਤ ਕੀਤਾ। ਇਸ ਦੌਰਾਨ ਸਾਬਕਾ ਕੇਂਦਰੀ ਮੰਤਰੀ ਅਰੁਣ ਜੇਤਲੀ ਅਤੇ ਸੁਸ਼ਮਾ ਸਵਰਾਜ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਬੈਡਮਿੰਟਨ ਖਿਡਾਰਨ ਪੀ.ਵੀ.ਸਿੰਧੂ ਨੂੰ ਖੇਡ ਜਗਤ ਵਲੋਂ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ ਅਤੇ ਫਿਲਮ ਜਗਤ ਵਿਚ ਅਦਾਕਾਰਾ ਕੰਗਨਾ ਰਣੌਤ ਅਤੇ ਗਾਇਕ ਅਦਨਾਨ ਸਾਮੀ ਨੂੰ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਸਾਬਕਾ ਕੇਂਦਰੀ ਵਿੱਤ ਮੰਤਰੀ ਅਰੁਣ ਜੇਤਲੀ, ਸਾਬਕਾ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਅਤੇ ਸਾਬਕਾ ਰੱਖਿਆ ਮੰਤਰੀ ਜਾਰਜ ਫਰਨਾਂਡੀਜ਼ ਨੂੰ ਮਰਨ ਉਪਰੰਤ ਪਦਮ ਵਿਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਅਰੁਣ ਜੇਤਲੀ ਦੀ ਪਤਨੀ ਸੰਗੀਤਾ ਜੇਤਲੀ ਅਤੇ ਸੁਸ਼ਮਾ ਸਵਰਾਜ ਦੀ ਧੀ ਬੰਸੁਰੀ ਸਵਰਾਜ ਨੂੰ ਇਹ ਪੁਰਸਕਾਰ ਦਿਤਾ। ਖੇਡ ਜਗਤ ਤੋਂ ਬੈਡਮਿੰਟਨ ਖਿਡਾਰਨ ਪੀਵੀ ਸਿੰਧੂ ਨੂੰ ਪਦਮ ਭੂਸ਼ਣ ਨਾਲ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਹਾਕੀ ਖਿਡਾਰਨ ਰਾਣੀ ਰਾਮਪਾਲ ਨੂੰ ਖੇਡਾਂ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਪਦਮ ਸ਼੍ਰੀ ਪੁਰਸਕਾਰ 2020 ਨਾਲ ਸਨਮਾਨਿਤ ਕੀਤਾ।
ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਅਤੇ ਗਾਇਕ ਅਦਨਾਨ ਸਾਮੀ ਨੂੰ 2020 ਲਈ ਪਦਮ ਸ਼੍ਰੀ ਪੁਰਸਕਾਰ ਨਾਲ ਸਨਮਾਨਿਤ ਕੀਤਾ ਗਿਆ। ਇਨ੍ਹਾਂ ਤੋਂ ਇਲਾਵਾ ਉੱਘੇ ਸ਼ਾਸਤਰੀ ਗਾਇਕ ਪੰਡਿਤ ਚੰਨੁਲਾਲ ਮਿਸ਼ਰਾ ਨੂੰ ਪਦਮ ਵਿਭੂਸ਼ਣ ਪੁਰਸਕਾਰ 2020 ਨਾਲ ਸਨਮਾਨਿਤ ਕੀਤਾ ਗਿਆ।
ਏਅਰ ਮਾਰਸ਼ਲ ਡਾ. ਪਦਮ ਬੰਦੋਪਾਧਿਆਏ (ਸੇਵਾਮੁਕਤ) ਨੇ ਅੱਜ ਮੈਡੀਕਲ ਦੇ ਖੇਤਰ ਵਿਚ ਪਦਮ ਸ਼੍ਰੀ ਪੁਰਸਕਾਰ ਪ੍ਰਾਪਤ ਕੀਤਾ। ਉਹ ਭਾਰਤ ਦੀ ਪਹਿਲੀ ਮਹਿਲਾ ਏਅਰ ਮਾਰਸ਼ਲ ਹੈ। ਉਨ੍ਹਾਂ ਤੋਂ ਇਲਾਵਾ ICMR ਦੇ ਸਾਬਕਾ ਮੁੱਖ ਵਿਗਿਆਨੀ, ਡਾਕਟਰ ਰਮਨ ਗੰਗਾਖੇਡਕਰ ਨੂੰ ਵੀ ਪਦਮ ਸ਼੍ਰੀ ਨਾਲ ਸਨਮਾਨਿਤ ਕੀਤਾ ਗਿਆ।
ਰਾਸ਼ਟਰਪਤੀ ਭਵਨ ਦੇ ਇਤਿਹਾਸਕ ਦਰਬਾਰ ਹਾਲ ਵਿਚ ਆਯੋਜਿਤ ਇੱਕ ਸ਼ਾਨਦਾਰ ਸਮਾਗਮ ਵਿਚ ਵੱਖ-ਵੱਖ ਖੇਤਰਾਂ ਵਿਚ ਸ਼ਾਨਦਾਰ ਕੰਮ ਕਰਨ ਵਾਲੇ 141 ਲੋਕਾਂ ਨੂੰ ਸਾਲ 2020 ਲਈ ਅੱਜ ਸਨਮਾਨਿਤ ਕੀਤਾ ਗਿਆ। ਮੰਗਲਵਾਰ ਯਾਨੀ ਕੱਲ੍ਹ 2021 ਲਈ 119 ਲੋਕਾਂ ਨੂੰ ਪਦਮ ਪੁਰਸਕਾਰਾਂ ਨਾਲ ਸਨਮਾਨਿਤ ਕੀਤਾ ਜਾਵੇਗਾ। ਦੱਸਣਯੋਗ ਹੈ ਕਿ ਹਰ ਸਾਲ ਗਣਤੰਤਰ ਦਿਵਸ ਮੌਕੇ ਪਦਮ ਪੁਰਸਕਾਰਾਂ ਦਾ ਐਲਾਨ ਕੀਤਾ ਜਾਂਦਾ ਹੈ। ਰਾਸ਼ਟਰਪਤੀ ਮਾਰਚ-ਅਪ੍ਰੈਲ ਵਿਚ ਇਹ ਐਵਾਰਡ ਦਿੰਦੇ ਹਨ ਪਰ ਇਸ ਵਾਰ ਕੋਰੋਨਾ ਕਾਰਨ ਇਹ ਐਵਾਰਡ ਨਹੀਂ ਦਿਤੇ ਜਾ ਸਕੇ ਸਨ।