ਬ੍ਰਿਸਬੇਨ : ਭਾਰਤ ਨੇ ਆਸਟਰੇਲੀਆ ਨੂੰ ਉਸੇ ਦੇ ਘਰ ’ਚ ਟੀ-20 ਸੀਰੀਜ਼ ’ਚ 2-1 ਨਾਲ ਹਰਾ ਦਿੱਤਾ ਹੈ। 5 ਮੈਚਾਂ ਦੀ ਟੀ-20 ਸੀਰੀਜ਼ ਦਾ 5ਵਾਂ ਅਤੇ ਆਖਰੀ ਮੁਕਾਬਲਾ ਮੀਂਹ ਕਾਰਨ ਬੇਨਤੀਜਾ ਰਿਹਾ ਜਦਕਿ ਪਹਿਲਾ ਟੀ-20 ਮੈਚ ਵੀ ਮੀਂਹ ਕਾਰਨ ਬੇਨਤੀਜਾ ਰਿਹਾ ਸੀ।
ਬ੍ਰਿਸਬੇਨ ਦੇ ਗਾਬਾ ਮੈਦਾਨ ’ਤੇ ਆਸਟਰੇਲੀਆ ਦੇ ਕਪਤਾਨ ਮਿਚੇਲ ਮਾਰਸ਼ ਨੇ ਟੌਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫ਼ੈਸਲਾ ਕੀਤਾ। ਭਾਰਤ ਨੇ 4.5 ਓਵਰਾਂ ’ਚ ਬਿਨਾ ਕੋਈ ਵਿਕਟ ਗੁਆਏ 52 ਦੌੜਾਂ ਹੀ ਬਣਾਈਆਂ ਸਨ ਕਿ ਮੌਸਮ ਖਰਾਬ ਹੋ ਗਿਆ ਅਤੇ ਖੇਡ ਨੂੰ ਰੋਕ ਦਿੱਤਾ ਗਿਆ। ਓਪਨਰ ਅਭਿਸ਼ੇਕ ਸ਼ਰਮਾ 23 ਅਤੇ ਸ਼ੁਭਮਨ ਗਿੱਲ 29 ਦੌੜਾਂ ’ਤੇ ਨਾਬਾਦ ਖੇਡ ਰਹੇ ਸਨ। ਬਿਜਲੀ ਕੜਕਣ ਦੇ ਕਾਰਨ ਅੱਗੇ ਦੀਆਂ ਸੀਟਾਂ ਵੀ ਖਾਲੀ ਕਰਵਾਉਣੀਆਂ ਪਈਆਂ ਅਤੇ ਇਸ ਤੋਂ ਥੋੜ੍ਹੀ ਦੇਰ ਬਾਅਦ ਹੀ ਭਾਰੀ ਮੀਂਹ ਸ਼ੁਰੂ ਹੋ ਗਿਆ। ਲਗਭਗ ਦੋ ਘੰਟੇ ਦੇ ਮੀਂਹ ਮਗਰੋਂ ਮੈਚ ਨੂੰ ਬੇਨਤੀਜਾ ਐਲਾਨ ਦਿੱਤਾ। ਇਸ ਤੋਂ ਪਹਿਲਾਂ ਸੀਰੀਜ਼ ਦਾ ਤੀਜਾ ਅਤੇ ਚੌਥਾ ਮੈਚ ਭਾਰਤ ਨੇ ਜਿੱਤਿਆ ਸੀ ਜਦਕਿ ਦੂਜਾ ਮੈਚ ਆਸਟਰੇਲੀਆ ਨੇ ਜਿੱਤਿਆ ਸੀ। ਇਹ ਟੀ-20 ਸੀਰੀਜ਼ ਜਿੱਤਣ ਤੋਂ ਬਾਅਦ ਭਾਰਤ ਨੇ ਆਸਟਰੇਲੀਆ ਵਿਚ ਟੀ-20 ਸੀਰੀਜ਼ ਨੂੰ ਕਦੇ ਵੀ ਨਾ ਹਾਰਨ ਵਾਲੇ ਰਿਕਾਰਡ ਨੂੰ ਬਰਕਰਾਰ ਰੱਖਿਆ ਹੈ।