76 ਸਾਲਾ ਅਮਰ ਸਿੰਘ ਬਣਿਆ ਨੌਜਵਾਨਾਂ ਲਈ ਮਿਸਾਲ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਜੇ ਦਿਲ 'ਚ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਇਨਸਾਨ ਲਈ ਕੋਈ ਵੀ ਮੁਕਾਮ ਹਾਸਲ ਕਰਨਾ ਔਖਾ ਨਹੀਂ ਹੁੰਦਾ.....

Marathon runner Amar Singh

ਚੰਡੀਗੜ੍ਹ (ਸਪੋਕਸਮੈਨ ਖੇਡ ਡੈਸਕ) : ਜੇ ਦਿਲ 'ਚ ਜਜ਼ਬਾ ਅਤੇ ਜਨੂੰਨ ਹੋਵੇ ਤਾਂ ਇਨਸਾਨ ਲਈ ਕੋਈ ਵੀ ਮੁਕਾਮ ਹਾਸਲ ਕਰਨਾ ਔਖਾ ਨਹੀਂ ਹੁੰਦਾ, ਚਾਹੇ ਜਿੰਨੀ ਮਰਜ਼ੀ ਹੋਵੇ। ਅਜਿਹੇ ਹੀ ਇਕ ਵਿਅਕਤੀ ਅਮਰ ਸਿੰਘ ਚੌਹਾਨ ਅੱਜ ਦੀ ਨੌਜਵਾਨ ਪੀੜ੍ਹੀ ਲਈ ਪ੍ਰੇਰਨਾ ਸਰੋਤ ਹਨ ਜਿੰਨ੍ਹਾਂ ਨੇ 70 ਸਾਲ ਦੀ ਉਮਰ ਤੋਂ ਬਾਅਦ ਨਾ ਸਿਰਫ਼ 64 ਮੈਰਥਨ ਦੌੜਾਂ 'ਚ ਹਿੱਸਾ ਲਿਆ ਸਗੋਂ 57 ਸੋਨ ਤਮਗ਼ੇ ਵੀ ਆਪਣੇ ਨਾ ਕੀਤੇ। ਸਪੋਕਸਮੈਨ ਟੀਵੀ 'ਤੇ ਇੰਟਰਵਿਊ ਦੌਰਾਨ ਉਨ੍ਹਾਂ ਨੇ ਅਪਣੇ ਇਸ ਸਫ਼ਰ ਬਾਰੇ ਦਸਿਆ ਕਿ ਉਹ ਸਿਵਲ ਸੈਕਟ੍ਰੀਏਟ ਦੀ ਨੌਕਰੀ ਤੋਂ ਸੇਵਾ-ਮੁਕਤ ਹਨ। ਨੌਕਰੀ ਵੇਲੇ ਇੰਨਾ ਸਮਾਂ ਨਹੀਂ ਹੁੰਦਾ ਸੀ ਕਿ ਮੈਂ ਅਪਣੀ

ਸਿਹਤ ਵੱਲ ਪੂਰਾ ਧਿਆਨ ਦੇ ਸਕਾ। 2001 'ਚ ਰਿਟਾਇਰ ਹੋਣ ਤੋਂ ਬਾਅਦ ਉਮਰ ਦੇ ਨਾਲ-ਨਾਲ ਮੈਨੂੰ ਕੁਝ ਆਮ ਬਿਮਾਰੀਆਂ ਨੇ ਘੇਰਨਾ ਸ਼ੁਰੂ ਕਰ ਦਿਤਾ ਜਿਵੇਂ ਕਿ ਬਲੱਡ ਪ੍ਰੈਸ਼ਰ ਅਤੇ ਸ਼ੂਗਰ। ਉਨ੍ਹਾਂ ਦਸਿਆ ਕਿ 2001 ਵਿਚ ਰਿਟਾਇਰਮੈਂਟ ਤੋਂ ਬਾਅਦ ਮੇਰੇ ਕੋਲ ਸਮਾਂ ਵੀ ਸੀ ਅਤੇ ਦਿਲ ਵਿਚ ਕੁਝ ਕਰਨ ਦਾ ਜਜ਼ਬਾ ਵੀ ਸੀ। ਬੱਚੇ ਵੀ ਵਿਦੇਸ਼ ਵਿਚ ਸੈਟਲ ਹੋ ਚੁੱਕੇ ਸੀ ਅਤੇ ਮੈਂ ਇੱਥੇ ਇਕੱਲਾ ਰਹਿੰਦਾ ਸੀ। ਮੈਂ ਬਿਮਾਰ ਨਹੀਂ ਹੋਣਾ ਚਾਹੁੰਦਾ ਸੀ ਇਸ ਲਈ ਮੈਂ ਰੋਜ਼ਾਨਾ ਸ਼ਾਮ ਦੇ ਸਮੇਂ ਸੈਰ-ਸਪਾਟਾ ਸ਼ੁਰੂ ਕੀਤਾ। ਇਸ ਤਰ੍ਹਾਂ ਹੀ 10 ਸਾਲ ਮੇਰਾ ਸਫ਼ਰ ਚੱਲਦਾ ਰਿਹਾ। 2010 ਵਿਚ ਜਦੋਂ ਮੈਂ ਅਪਣੇ ਬੇਟੇ ਕੋਲ ਵਿਦੇਸ਼ ਗਿਆ

ਤਾਂ ਉੱਥੇ ਘਰ ਦੇ ਪਿਛੇ ਇਕ ਬਹੁਤ ਵਧੀਆ ਸਟੇਡੀਅਮ ਸੀ। ਉੱਥੇ ਦਾ ਮਾਹੌਲ ਵੇਖ ਕੇ ਮੈਂ ਦੌੜਨਾ ਸ਼ੁਰੂ ਕੀਤਾ ਅਤੇ ਮੈਨੂੰ ਮਹਿਸੂਸ ਹੋਇਆ ਕਿ ਮੈਂ ਦੌੜ ਵੀ ਸਕਦਾ ਹਾਂ। ਇਸ ਤੋਂ ਬਾਅਦ 2012 ਵਿਚ ਪਹਿਲੀ ਮੈਰਥਨ ਖੇਡ ਵਿਚ ਹਿੱਸਾ ਲੈਂਦੇ ਹੋਏ 21 ਕਿਲੋਮੀਟਰ 1 ਘੰਟਾ 57 ਮਿੰਟ ਵਿਚ ਤੈਅ ਕਰਕੇ ਬਹੁਤ ਵਧੀਆ ਪੁਜ਼ੀਸ਼ਨ ਹਾਸਲ ਕੀਤੀ। ਇਸ ਦੌੜ ਨੇ ਮੈਨੂੰ ਇਕ ਤਰ੍ਹਾਂ ਨਾਲ ਰਨਰ ਬਣਾ ਦਿਤਾ ਸੀ। ਉਨ੍ਹਾਂ ਦਸਿਆ ਕਿ ਇਸ ਤੋਂ ਬਾਅਦ ਫਿਰ ਮੈਂ 4 ਵਾਰ ਅਮਰੀਕਾ, 22 ਵਾਰ ਕੈਨੇਡਾ ਅਤੇ 38 ਵਾਰ ਭਾਰਤ ਵਿਚ ਦੌੜਾਂ ਵਿਚ ਹਿੱਸਾ ਲੈ ਚੁੱਕਾ ਹਾਂ।

ਕੁੱਲ 64 ਦੌੜਾਂ ਵਿਚ 57 ਵਿਚ ਪਹਿਲੇ ਦਰਜੇ 'ਤੇ ਰਿਹਾ ਅਤੇ ਬਾਕੀ ਦੀਆਂ ਦੌੜਾਂ ਵਿਚ ਦੂਜੇ ਜਾਂ ਤੀਜੇ ਨੰਬਰ 'ਤੇ ਰਿਹਾ। ਮੇਰੇ ਇਸ ਜਜ਼ਬੇ ਤੋਂ ਕਈ ਨੌਜਵਾਨ ਮੇਰੇ ਤੋਂ ਪ੍ਰਭਾਵਿਤ ਹੁੰਦੇ ਹਨ ਅਤੇ ਮੈਨੂੰ ਮਾਣ ਦਿੰਦੇ ਹਨ ਜੋ ਮੇਰੇ ਲਈ ਬਹੁਤ ਵੱਡੀ ਗੱਲ ਹੈ। ਉਨ੍ਹਾਂ ਨੇ ਅਪਣੀ ਰੋਜ਼ਾਨਾ ਦੇ ਕਾਰਜ਼-ਕ੍ਰਮ ਬਾਰੇ ਦਸਦੇ ਹੋਏ ਕਿਹਾ ਕਿ ਮੈਂ ਰੋਜ਼ਾਨਾ ਸਵੇਰੇ 7 ਵਜੇ ਘਰ ਤੋਂ ਦੌੜਨ ਲਈ ਨਿਕਲਦਾ ਹਾਂ। ਇਕ ਦਿਨ ਦੌੜਨਾ ਅਤੇ ਦੂਜੇ ਦਿਨ ਆਮ ਸੈਰ ਅਤੇ ਤੀਜੇ ਦਿਨ ਸਪੀਡ ਵਾਕ ਅਤੇ ਇਕ ਦਿਨ ਲੰਮੀ ਛਾਲ ਹੁੰਦੀ ਹੈ। ਰੋਜ਼ਾਨਾ 1 ਘੰਟਾ ਮੈਂ ਕਸਰਤ ਕਰਦਾ ਹਾਂ। ਖ਼ੁਰਾਕ ਵਿਚ ਮੈਂ ਕਿਸੇ ਤਰ੍ਹਾਂ ਦੇ ਸਪਲੀਮੈਂਟ ਜਾਂ ਪ੍ਰੋਟੀਨ ਦੀ ਵਰਤੋਂ ਨਹੀਂ ਕਰਦਾ। ਮੈਂ ਅਪਣੀ ਖ਼ੁਰਾਕ

ਖ਼ੁਦ ਤਿਆਰ ਕਰਦਾ ਹਾਂ ਜਿਸ ਵਿਚ ਫ਼ਲ, ਖਜੂਰਾਂ, ਡ੍ਰਾਈ ਫਰੂਟ, 2 ਅੰਡੇ ਅਤੇ ਦੁੱਧ ਰੋਜ਼ਾਨਾ ਖ਼ੁਰਾਕ ਦੇ ਤੌਰ 'ਤੇ ਲੈਂਦਾ ਹਾਂ। ਉਨ੍ਹਾਂ ਨੇ ਦੱਸਿਆ ਕਿ ਮੈਂ ਮਾਸਾਹਾਰੀ ਹਾਂ ਪਰ ਬਹੁਤ ਘੱਟ ਮਾਸਾਹਾਰੀ ਭੋਜਨ ਖਾਂਦਾ ਹਾਂ। ਆਖ਼ੀਰ 'ਤੇ ਉਨ੍ਹਾਂ ਨੇ ਇਕ ਸੁਨੇਹਾ ਪੰਜਾਬ ਦੇ ਨੌਜਵਾਨਾਂ ਨੂੰ ਦਿੰਦੇ ਹੋਏ ਕਿਹਾ ਕਿ ਨਸ਼ੇ ਛੱਡ ਕੇ ਖੇਡਾਂ ਨਾਲ ਜੁੜਨ ਅਤੇ ਅਪਣੇ ਮਾਤਾ-ਪਿਤਾ ਨਾਲ ਘਰ ਦੇ ਕੰਮਾਂ 'ਚ ਹੱਥ ਵਟਾਉਣ। ਨਾਲ ਹੀ ਉਨ੍ਹਾਂ ਨੇ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਖੇਡਾਂ ਵੱਲ ਧਿਆਨ ਦਿਤਾ ਜਾਵੇ ਅਤੇ ਮਹਿਕਮਿਆਂ ਵਿਚ ਵੀ ਖੇਡਾਂ ਕਰਵਾਈਆਂ ਜਾਣ, ਜਿਸ ਨਾਲ ਮੁਲਾਜ਼ਮ ਤੰਦਰੁਸਤ ਰਹਿ ਸਕਣ ਅਤੇ ਪੰਜਾਬ ਨਸ਼ਿਆਂ ਤੋ ਦੂਰ ਹੱਟ ਕੇ ਵੱਧ ਤੋਂ ਵੱਧ ਤਰੱਕੀ ਕਰੇ।