Canada's Cricket Team: ਕਲੇਰ ਸਕੂਲ ਦੀ ਵਿਦਿਆਰਥਣ ਕ੍ਰਿਕਟ ਟੀਮ ਕੈਨੇਡਾ ਦੀ ਕਰੇਗੀ ਕਪਤਾਨੀ
ਅਮਰਪਾਲ ਕੌਰ ਢਿੱਲੋਂ ਨੇ ਕੈਨੇਡਾ ਵਿਚ ਅਪਣੀ ਖੇਡ ਜਾਰੀ ਰੱਖੀ ਤੇ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਦੀ ਕ੍ਰਿਕਟ ਟੀਮ ਵਿਚ ਖੇਡਦੀ ਰਹੀ
Canada's Cricket Team: ਮਾਤਾ ਬਲਜਿੰਦਰ ਕੌਰ ਮੈਮੋਰੀਅਲ ਕਲੇਰ ਇੰਟਰਨੈਸ਼ਨਲ ਸਕੂਲ ਸਮਾਧ ਭਾਈ ਦੀ ਵਿਦਿਆਰਥਣ ਰਹਿ ਚੁੱਕੀ ਅਮਰਪਾਲ ਕੌਰ ਢਿੱਲੋਂ ਅਰਜਨਟੀਨਾ ’ਚ ਹੋਣ ਵਾਲੇ ਕ੍ਰਿਕਟ ਟੂਰਨਾਮੈਂਟ ਆਈ.ਸੀ.ਸੀ. ਵੋਮੈਨ ਟੀ-20 ਵਰਲਡ ਕੱਪ ਵਿਚ ਕੈਨੇਡਾ ਦੀ ਕ੍ਰਿਕਟ ਟੀਮ ਦੀ ਕੈਪਟਨ ਚੁਣੀ ਗਈ ਹੈ।
ਜਾਣਕਾਰੀ ਦਿੰਦਿਆਂ ਸਕੂਲ ਦੇ ਚੇਅਰਮੈਨ ਕੁਲਵੰਤ ਸਿੰਘ ਮਲੂਕਾ ਨੇ ਦਸਿਆ ਕਿ ਅਮਰਪਾਲ ਕੌਰ ਢਿੱਲੋਂ ਨੇ ਮੁਢਲੀ ਸਿਖਿਆ ਕਲੇਰ ਸਕੂਲ ’ਚ ਪ੍ਰਾਪਤ ਕੀਤੀ ਹੈ। ਉਨ੍ਹਾਂ ਕਿਹਾ ਕਿ ਨਿੱਕੇ ਹੁੰਦਿਆਂ ਹੀ ਕ੍ਰਿਕਟ ਵਿਚ ਦਿਲਚਸਪੀ ਰੱਖਣ ਵਾਲੀ ਖਿਡਾਰਨ ਅਮਰਪਾਲ ਕੌਰ ਢਿੱਲੋ ਪਿੰਡ ਸਿਰੀਏ ਵਾਲਾ ਨੇ ਅਪਣੇ ਮੁਢਲੇ ਸਕੂਲ ਤੇ ਮਾਪਿਆਂ ਦਾ ਨਾਂ ਚਮਕਾਇਆ ਹੈ।
ਚੇਅਰਮੈਨ ਮਲੂਕਾ, ਚੇਅਰਪਰਸਨ ਰਣਧੀਰ ਕੌਰ ਕਲੇਰ, ਡਾਇਰੈਕਟਰ ਕੋਹਿਨੂਰ ਸਿੱਧੂ ਤੇ ਪ੍ਰਿੰਸੀਪਲ ਸ਼ਸ਼ੀ ਕਾਂਤ ਨੇ ਸਕੂਲ ਦੀ ਵਿਦਿਆਰਥਣ ਦੀ ਪ੍ਰਾਪਤੀ ਤੇ ਮਾਣ ਕਰਦਿਆਂ ਕਿਹਾ ਕਿ ਕਲੇਰ ਸਕੂਲ ਦੇ ਕ੍ਰਿਕਟ ਮੈਦਾਨ ਵਿਚ ਲੋਹਾ ਮੰਨਵਾਉਣ ਵਾਲੀ ਕ੍ਰਿਕਟਰ ਅਮਰਪਾਲ ਕੌਰ ਨੇ ਅਪਣਾ ਕ੍ਰਿਕਟ ਖੇਡਣ ਦਾ ਸਫ਼ਰ ਕਲੇਰ ਸਕੂਲ ’ਚ ਹੀ ਸ਼ੁਰੂ ਕੀਤਾ ਤੇ ਕ੍ਰਿਕਟ ਦੀਆਂ ਬਾਰੀਕੀਆਂ ਨੂੰ ਅਪਣੇ ਕੋਚ ਲਖਵਿੰਦਰ ਸਿੰਘ ਬਰਾੜ ਤੋਂ ਜਾਣਿਆ ਤੇ ਵੱਡੀਆਂ ਪ੍ਰਾਪਤੀਆਂ ਕੀਤੀਆਂ।
ਉਨ੍ਹਾਂ ਕਿਹਾ ਕਿ ਅਮਰਪਾਲ ਕੌਰ ਢਿੱਲੋਂ ਨੇ ਕੈਨੇਡਾ ਵਿਚ ਅਪਣੀ ਖੇਡ ਜਾਰੀ ਰੱਖੀ ਤੇ ਪਿਛਲੇ ਦੋ ਸਾਲਾਂ ਤੋਂ ਕੈਨੇਡਾ ਦੀ ਕ੍ਰਿਕਟ ਟੀਮ ਵਿਚ ਖੇਡਦੀ ਰਹੀ। ਖੇਡ ’ਚ ਚੰਗਾ ਪ੍ਰਦਰਸ਼ਨ ਕਰਨ ਕਰ ਕੇ ਉਸ ਨੇ ਬਾਕੀ ਖਿਡਾਰਨਾਂ ਨੂੰ ਪਛਾੜ ਦਿਤਾ ਤੇ ਅੱਜ ਉਹ ਅਰਜਨਟੀਨਾ ਵਿਚ ਹੋਣ ਵਾਲੇ ਆਈਸੀਸੀ ਵੁਮੈਨ ਟੀ-20 ਵਰਲਡ ਕੱਪ ’ਚ ਕੈਨੇਡੀਅਨ ਕ੍ਰਿਕਟ ਟੀਮ ਦੀ ਕੈਪਟਨ ਚੁਣੀ ਗਈ ਹੈ।