ਅੱਜ ਤੋਂ ਸ਼ੁਰੂ ਹੋਣ ਵਾਲੇ ਆਈ.ਪੀ.ਐਲ ਲਈ ਸੱਟਾ ਕਾਰੋਬਾਰੀਆਂ ਦੀਆਂ ਖਿੜੀਆਂ ਵਾਛਾਂ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਪ੍ਰਸ਼ਾਸਨ ਦੀ ਸਖ਼ਤੀ ਕਰ ਕੇ ਅੜਿੱਕੇ ਨਾ ਆਉਣ ਲਈ ਸੱਟਾ ਕਾਰੋਬਾਰੀਆਂ ਦੀ ਨੀਤੀ ‘ਤੂੰ ਡਾਲ-ਡਾਲ, ਮੈਂ ਪਾਤ-ਪਾਤ’ ਵਾਲੀ

Betting for the IPL starting today

ਲੁਧਿਆਣਾ (ਪ੍ਰਮੋਦ ਕੌਸ਼ਲ) -  ਸ਼ੁਕਰਵਾਰ ਭਾਵ ਅੱਜ ਤੋਂ ਆਈ.ਪੀ.ਐਲ ਮੈਚਾਂ ਦਾ ਦੌਰ ਸ਼ੁਰੂ ਹੋਣ ਜਾ ਰਿਹਾ ਹੈ। ਕੋਰੋਨਾ ਕਾਲ ਤੋਂ ਬਾਅਦ ਮੁੜ ਤੋਂ ਸ਼ੁਰੂ ਹੋਣ ਜਾ ਰਹੇ ਆਈ.ਪੀ.ਐਲ ਨੂੰ ਲੈ ਕੇ ਕਥਿਤ ਸੱਟਾ ਕਾਰੋਬਾਰੀਆਂ ਦੀਆਂ ਵਾਛਾਂ ਖਿੜੀਆਂ ਹੋਈਆਂ ਹਨ। ਹਾਲਾਂਕਿ ਭਾਰਤੀ ਕਿ੍ਰਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਵੀ ਸੱਟੇਬਾਜ਼ੀ ਨੂੰ ਰੋਕਣ ਲਈ ਸ਼ਾਬਿਰ ਹੁਸੈਨ ਸ਼ੇਖਦਮ ਖਾਂਡਵਾਵਾਲਾ ਨੂੰ ਐਂਟੀ ਕਰੱਪਸ਼ਨ ਯੂਨਿਟ (ਏਸੀਯੂ) ਦਾ ਨਵਾਂ ਚੀਫ਼ ਨਿਯੁਕਤ ਕੀਤਾ ਹੈ ਪਰ ਕਥਿਤ ਸੱਟਾ ਕਾਰੋਬਾਰੀਆਂ ਦੀ ਗੱਲ ਕਰੀਏ ਤਾਂ ਉਹ ਵੀ ਸ਼ਾਇਦ ਇਹੋ ਗਾਣਾ ਹੀ ਜਾਣਦੇ ਹਨ ਕਿ ‘ਤੂ ਡਾਲ-ਡਾਲ, ਮੈਂ ਪਾਤ-ਪਾਤ’।

ਜੀ ਹਾਂ ਪਤਾ ਲਗਿਆ ਹੈ ਕਿ ਕਥਿਤ ਸੱਟੇਬਾਜ਼ਾਂ ਨੇ ਖ਼ੁਦ ਨੂੰ ਹਾਈਟੈਕ ਕਰ ਲਿਆ ਹੈ ਅਤੇ ਉਹ ਪੁਲਿਸ ਦੇ ਸ਼ਿਕੰਜੇ ਵਿਚ ਨਾ ਫਸਣ, ਇਸ ਲਈ ਉਨ੍ਹਾਂ ਨੇ ਅਪਣੀ ਵਿਉਂਤਬੰਦੀ ਖੂਬ ਕੀਤੀ ਹੋਈ ਹੈ। ਸੂਤਰ ਦਸਦੇ ਹਨ ਕਿ ਧੰਦਾ ਦੇਸ਼ ਭਰ ਵਿਚ ਕਿੰਨਾਂ ਵੱਡਾ ਹੋਵੇਗਾ ਇਸ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਪੰਜਾਬ ਵਿਚ ਹੀ ਆਈਪੀਐਲ ’ਤੇ ਕਰੋੜਾਂ ਰੁਪਏ ਦਾ ਸੱਟਾ ਲਗਦਾ ਹੈ। ਦਸਿਆ ਜਾ ਰਿਹਾ ਹੈ ਕਿ ਸੂਬੇ ਦੇ ਵੱਡੇ ਸ਼ਹਿਰਾਂ ਵਿਚ ਕੁੱਝ ਵੱਡੇ ਕਥਿਤ ਸੱਟਾ ਕਾਰੋਬਾਰੀ ਇਸ ਸਾਰੇ ਧੰਦੇ ਨੂੰ ਚਲਾਉਂਦੇ ਕਰਦੇ ਹਨ।  

ਪੁਲਿਸ ਤੋਂ ਅੱਖ ਬਚਾਉਂਦੇ ਹੋਏ ਲੁਧਿਆਣਾ, ਜਲੰਧਰ ਸਮੇਤ ਸੂਬੇ ਦੇ ਕਈ ਸ਼ਹਿਰਾਂ ਵਿਚ ਵੀ ਸੱਟੇਬਾਜ਼ੀ ਦਾ ਬਾਜ਼ਾਰ ਗਰਮ ਹੈ। ਸੂਤਰ ਦਸਦੇ ਹਨ ਕਿ ਕੁੱਝ ਵੱਡੇ ਕਥਿਤ ਸੱਟਾ ਕਾਰੋਬਾਰੀ ਤਾਂ ਅਪਣੇ ਫ਼ੋਨ ਦੇ ਸਟੇਟਸ ’ਤੇ ਆਈਪੀਐਲ ਦਾ ਕਾਊਂਟਡਾਊਨ ਲਾਈ ਬੈਠੇ ਹਨ। ਹਾਲਾਂਕਿ ਇਸ ਗੱਲ ਦੀ ਪੁਸ਼ਟੀ ਵਾਸਤੇ ਕੋਈ ਅਜਿਹਾ ਸਬੂਤ ਨਹੀਂ ਪੇਸ਼ ਕੀਤਾ ਗਿਆ ਜਿਸ ਨੂੰ ਨਸ਼ਰ ਜਾਂ ਜਨਤਕ ਕੀਤਾ ਜਾ ਸਕਦਾ ਹੋਵੇ।

ਸੱਟੇਬਾਜ਼ੀ ਦੇ ਇਸ ਧੰਦੇ ਵਿਚ ਸ਼ਹਿਰ ਦੇ ਕੁੱਝ ਵੱਡੇ ਲੋਕ ਕਥਿਤ ਤੌਰ ’ਤੇ ਇਸ ਢੰਗ ਨਾਲ ਸ਼ਾਮਲ ਹਨ ਕਿ ਉਹ ਚਾਹ ਕੇ ਵੀ ਇਸ ‘ਦਲਦਲ’ ਵਿਚੋਂ ਬਾਹਰ ਨਹੀਂ ਨਿਕਲ ਪਾ ਰਹੇ ਕਿਉਂਕਿ ਦਸਿਆ ਜਾ ਰਿਹਾ ਹੈ ਕਿ ਸੱਟੇਬਾਜ਼ੀ ਦਾ ਭੁਸ ਬਾਹਲਾ ਹੀ ਮਾੜਾ ਹੈ। ਸੂਤਰਾਂ ਮੁਤਾਬਕ ਇਸ ਧੰਦੇ ਵਿਚ ਪਲਟਰਾਂ ਦੀ ਗਿਣਤੀ ਬਹੁਤ ਵੱਡੀ ਹੈ। ਪਲਟਰ ਨੂੰ ਸੌਖੀ ਭਾਸ਼ਾ ਵਿਚ ਵਿਚੋਲੀਆ ਜਾ ਵਿਚੋਲਾ ਕਿਹਾ ਜਾ ਸਕਦਾ ਹੈ ਜਿਹੜਾ ਇਧਰ ਦਾ ਪੈਸਾ ਉਧਰ, ਉਧਰ ਦਾ ਭਾਅ ਇਧਰ ਪਹੁੰਚਾਉਂਦਾ ਹੈ।

ਸਾਡੇ ਸੂਤਰਾਂ ਦੀ ਮੰਨੀਏ ਤਾਂ ਇਸ ਧੰਦੇ ਵਿਚ ਈਮਾਨਦਾਰੀ ਪੂਰੀ ਹੁੰਦੀ ਹੈ ਭਾਵ ਪੈਸੇ ਹਾਰਨ ਤੇ ਜਿੱਤਣ ਵਾਲੇ ਬਹੁਤ ਘੱਟ ਲੋਕ ਨੇ ਜੋ ਮੁੱਕਰਦੇ ਹਨ ਤੇ ਪੈਸਾ ਵੀ ਨਾਲ ਦੀ ਨਾਲ ਦੇ ਦਿਤਾ ਜਾਂਦਾ ਹੈ, ਉਧਾਰ ਵਾਲਾ ਕੰਮ ਨਹੀਂ। ਸਰਕਾਰ ਨੂੰ ਇਸ ਵਿਚ ਕੁੱਝ ਨਹੀਂ ਮਿਲਣਾ ਪਰ ‘ਸਰਕਾਰੀ ਤੰਤਰ’ ਦੀ ਗੱਲ ਕਰੀਏ ਤਾਂ ਇਸ ਗੱਲ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਕਥਿਤ ਤੌਰ ’ਤੇ ਕੁੱਝ ਕੁ ਅਜਿਹੇ ਅਫ਼ਸਰਾਂ ਦੀ ਇਨੀਂ ਦਿਨੀਂ ਪੂਰੀ ਚਾਂਦੀ ਹੁੰਦੀ ਹੈ ਜਿਨ੍ਹਾਂ ਦੀ ਛਤਰ ਛਾਇਆ ਹੇਠ ਇਹ ਸਾਰੀ ਖੇਡ ਖੇਡੀ ਜਾਂਦੀ ਹੈ।