ਰਵੀ ਸ਼ਾਸਤਰੀ ਨੇ ICC ਤੇ ਕ੍ਰਿਕਟ ਬੋਰਡ ਨੂੰ ਦਿਤੀ ਚਿਤਾਵਨੀ

ਏਜੰਸੀ

ਖ਼ਬਰਾਂ, ਖੇਡਾਂ

ਜੋ ਖੇਡ ਰਹੇ ਹਨ ਉਹ ਇਨਸਾਨ ਹਨ, ਪੈਟਰੋਲ 'ਤੇ ਨਹੀਂ ਚੱਲਦੇ

Ravi Shastri

ਨਵੀਂ ਦਿੱਲੀ : ਟੀਮ ਇੰਡੀਆ ਦੇ ਮੁੱਖ ਕੋਚ ਰਵੀ ਸ਼ਾਸਤਰੀ ਨੇ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ 'ਚ ਅੰਤਰਰਾਸ਼ਟਰੀ ਕ੍ਰਿਕਟ ਪ੍ਰੀਸ਼ਦ (ਆਈ. ਸੀ. ਸੀ.) ਅਤੇ ਦੁਨੀਆ ਭਰ ਦੇ ਕ੍ਰਿਕਟ ਬੋਰਡਾਂ ਨੇ ਮਾਨਸਿਕ ਥਕਾਵਟ ਬਾਰੇ ਕੁਝ ਨਹੀਂ ਕੀਤਾ ਤਾਂ ਇਸ ਦਾ ਕ੍ਰਿਕਟ 'ਤੇ ਬਹੁਤ ਬੁਰਾ ਪ੍ਰਭਾਵ ਪੈ ਸਕਦਾ ਹੈ। ਸ਼ਾਸਤਰੀ ਨੇ ਕਿਹਾ ਕਿ ਅਜਿਹੀ ਸਥਿਤੀ 'ਚ ਖਿਡਾਰੀ ਅੰਤਰਰਾਸ਼ਟਰੀ ਪ੍ਰਤੀਬੱਧਤਾ ਤੋਂ ਪਿੱਛੇ ਹਟ ਸਕਦੇ ਹਨ। ਮੁੱਖ ਕੋਚ ਵਜੋਂ ਟੀਮ ਇੰਡੀਆ ਨਾਲ ਆਪਣੇ ਆਖ਼ਰੀ ਮੈਚ ਤੋਂ ਪਹਿਲਾਂ ਸ਼ਾਸਤਰੀ ਨੇ ਮਾਨਸਿਕ ਅਤੇ ਸਰੀਰਕ ਥਕਾਵਟ ਬਾਰੇ ਖੁੱਲ੍ਹ ਕੇ ਗੱਲ ਕੀਤੀ ਸੀ।

ਸ਼ਾਸਤਰੀ ਨੇ ਕਿਹਾ, 'ਮੈਂ ਕੋਈ ਬਹਾਨਾ ਨਹੀਂ ਬਣਾ ਰਿਹਾ, ਪਰ ਅਸੀਂ ਲਗਭਗ ਛੇ ਮਹੀਨਿਆਂ ਤੋਂ ਬਾਇਓ ਬੁਲਬੁਲੇ 'ਚ ਰਹਿ ਰਹੇ ਹਾਂ। ਜੇਕਰ ਅਸੀਂ ਆਈ.ਪੀ.ਐੱਲ. ਅਤੇ ਟੀ-20 ਵਿਸ਼ਵ ਕੱਪ ਦੇ ਵਿਚਕਾਰ ਕੋਈ ਅੰਤਰ ਲੱਭ ਲਿਆ ਹੁੰਦਾ ਤਾਂ ਇਹ ਠੀਕ ਹੁੰਦਾ। ਜਿਹੜੇ ਲੋਕ ਖੇਡ ਰਹੇ ਹਨ ਉਹ ਸਾਰੇ ਇਨਸਾਨ ਹਨ, ਇਹ ਲੋਕ ਪੈਟਰੋਲ 'ਤੇ ਨਹੀਂ ਚੱਲਦੇ। ਸਭ ਤੋਂ ਪਹਿਲੀ ਚੀਜ਼ ਜੋ ਮੇਰੇ ਮਨ ਵਿਚ ਆਉਂਦੀ ਹੈ ਉਹ ਹੈ ਆਰਾਮ।

ਮੈਂ ਮਾਨਸਿਕ ਤੌਰ 'ਤੇ ਥੱਕਿਆ ਹੋਇਆ ਹਾਂ ਪਰ ਮੇਰੀ ਉਮਰ ਵਿਚ ਮੈਂ ਅਜਿਹਾ ਹੋਣ ਦੀ ਉਮੀਦ ਕਰਦਾ ਹਾਂ। ਪਰ ਇਹ ਖਿਡਾਰੀ ਮਾਨਸਿਕ ਅਤੇ ਸਰੀਰਕ ਤੌਰ 'ਤੇ ਥੱਕ ਚੁੱਕੇ ਹਨ। ਉਨ੍ਹਾਂ ਕਿਹਾ ਕਿ ਅਸੀਂ ਹਾਰ ਸਵੀਕਾਰ ਕਰਦੇ ਹਾਂ ਅਤੇ ਹਾਰਨ ਤੋਂ ਨਹੀਂ ਡਰਦੇ। ਜਿੱਤਣ ਦੀ ਕੋਸ਼ਿਸ਼ ਕਰਨ ਨਾਲ ਤੁਸੀਂ ਮੈਚ ਹਾਰ ਸਕਦੇ ਹੋ ਪਰ ਇੱਥੇ ਅਸੀਂ ਜਿੱਤਣ ਦੀ ਕੋਸ਼ਿਸ਼ ਨਹੀਂ ਕੀਤੀ ਕਿਉਂਕਿ ਸਾਨੂੰ ਐਕਸ ਫੈਕਟਰ ਦੀ ਕਮੀ ਮਹਿਸੂਸ ਹੋ ਰਹੀ ਸੀ।

ਸ਼ਾਸਤਰੀ ਦਾ ਮੰਨਣਾ ਹੈ ਕਿ ਰਾਹੁਲ ਦ੍ਰਾਵਿੜ ਬਾਰੇ ਸਭ ਤੋਂ ਵਧੀਆ ਗੱਲ ਇਹ ਹੋਵੇਗੀ ਕਿ ਵਿਸ਼ਵ ਪੱਧਰੀ ਟੀਮ ਹੋਵੇ ਜੋ ਤਬਦੀਲੀ ਦੇ ਦੌਰ ਵਿਚੋਂ ਲੰਘਣ ਤੋਂ ਘੱਟੋ-ਘੱਟ ਚਾਰ ਸਾਲ ਦੂਰ ਹੋਵੇ। ਦ੍ਰਾਵਿੜ ਦਾ ਕਾਰਜਕਾਲ ਘਰੇਲੂ ਮੈਦਾਨ 'ਤੇ ਨਿਊਜ਼ੀਲੈਂਡ ਖ਼ਿਲਾਫ਼ ਟੀ-20 ਅਤੇ ਟੈਸਟ ਸੀਰੀਜ਼ ਨਾਲ ਸ਼ੁਰੂ ਹੋਵੇਗਾ। ਸ਼ਾਸਤਰੀ ਨੇ ਕਿਹਾ, ''ਬੇਸ਼ੱਕ ਸਾਡੇ ਕੋਲ ਰਾਹੁਲ ਦ੍ਰਾਵਿੜ ਦੇ ਰੂਪ 'ਚ ਕੋਈ ਅਜਿਹਾ ਵਿਅਕਤੀ ਹੈ ਜਿਸ ਨੂੰ ਵਿਰਾਸਤ ਵਿਚ ਸ਼ਾਨਦਾਰ ਟੀਮ ਮਿਲੇਗੀ ਅਤੇ ਆਪਣੇ ਪੱਧਰ 'ਤੇ ਆਪਣੇ ਤਜ਼ਰਬੇ ਨਾਲ ਉਹ ਆਉਣ ਵਾਲੇ ਸਮੇਂ 'ਚ ਪੱਧਰ ਨੂੰ ਹੋਰ ਉੱਚਾ ਕਰੇਗਾ। ਦੱਸ ਦੇਈਏ ਕਿ ਰਾਹੁਲ ਦ੍ਰਾਵਿੜ ਟੀਮ ਇੰਡੀਆ ਦੇ ਅਗਲੇ ਮੁੱਖ ਕੋਚ ਹੋਣਗੇ।