Asian Archery Championships: ਤੀਰਅੰਦਾਜ਼ ਪ੍ਰਨੀਤ ਕੌਰ ਨੇ ਜਿੱਤਿਆ ਪਹਿਲਾ ਵਿਅਕਤੀਗਤ ਸੋਨ ਤਮਗ਼ਾ
ਭਾਰਤੀ ਤੀਰਅੰਦਾਜ਼ਾਂ ਨੇ ਜਿੱਤੇ ਕੁੱਲ 7 ਤਮਗ਼ੇ
Asian Archery Championships: : ਭਾਰਤੀ ਤੀਰਅੰਦਾਜ਼ ਪ੍ਰਨੀਤ ਕੌਰ ਨੇ ਵੀਰਵਾਰ ਨੂੰ ਏਸ਼ੀਆਈ ਚੈਂਪੀਅਨਸ਼ਿਪ ਵਿਚ ਚੋਟੀ ਦੀ ਭਾਰਤੀ ਕੰਪਾਊਂਡ ਤੀਰਅੰਦਾਜ਼ ਜੋਤੀ ਸੁਰੇਖਾ ਵੇਨਮ ਨੂੰ ਹਰਾ ਕੇ ਵਿਅਕਤੀਗਤ ਖਿਤਾਬ ਜਿੱਤ ਕੇ ਅਪਣੇ ਕਰੀਅਰ ਦੀ ਸੱਭ ਤੋਂ ਵੱਡੀ ਜਿੱਤ ਹਾਸਲ ਕੀਤੀ। ਕੰਪਾਊਂਡ ਤੀਰਅੰਦਾਜ਼ ਨੇ ਇਕ ਵਾਰ ਫਿਰ ਅਪਣੀ ਰਿਕਰਵ ਟੀਮ ਨੂੰ ਪਛਾੜ ਦਿਤਾ।
ਭਾਰਤ ਨੇ ਤਿੰਨ ਸੋਨ, ਇਕ ਚਾਂਦੀ ਅਤੇ ਤਿੰਨ ਕਾਂਸੀ ਦੇ ਤਮਗ਼ੇ ਜਿੱਤੇ। ਇਨ੍ਹਾਂ ਸੱਤ ਤਗ਼ਮਿਆਂ ਵਿਚੋਂ ਸਿਰਫ਼ ਇਕ ਕਾਂਸੀ ਰਿਕਰਵ ਵਰਗ (ਮਹਿਲਾ ਟੀਮ) ਵਿਚ ਆਇਆ। ਕੰਪਾਊਂਡ ਮਹਿਲਾ ਵਰਗ ਦਾ ਖ਼ਿਤਾਬੀ ਮੁਕਾਬਲਾ ਭਾਰਤ ਦੀਆਂ ਦੋ ਤੀਰਅੰਦਾਜ਼ਾਂ ਵਿਚਾਲੇ ਹੋਇਆ। ਮੈਚ ਦੇ ਅੱਧ ਤਕ ਪ੍ਰਨੀਤ ਕੌਰ ਦੋ ਅੰਕਾਂ ਨਾਲ ਪਿੱਛੇ ਚੱਲ ਰਹੀ ਸੀ ਪਰ 18 ਸਾਲਾ ਖਿਡਾਰਨ ਨੇ ਸ਼ਾਨਦਾਰ ਵਾਪਸੀ ਕੀਤੀ ਅਤੇ ਸਕੋਰ 145-145 ਕਰ ਦਿਤਾ।
ਹਾਲ ਹੀ ਵਿਚ ਏਸ਼ੀਆਈ ਖੇਡਾਂ ਵਿਚ ਸੋਨ ਤਮਗ਼ੇ ਦੀ ਹੈਟ੍ਰਿਕ ਜਿੱਤਣ ਵਾਲੀ ਜੋਤੀ ਟਾਈ-ਬ੍ਰੇਕਰ ਵਿਚ ਅਪਣਾ ਸਰਬੋਤਮ ਪ੍ਰਦਰਸ਼ਨ ਨਹੀਂ ਕਰ ਸਕੀ। ਉਹ ਸ਼ੂਟ ਆਫ ਵਿਚ ਪ੍ਰਨੀਤ ਤੋਂ 8-9 ਨਾਲ ਹਾਰ ਗਈ। ਅਦਿਤੀ ਸਵਾਮੀ ਅਤੇ ਪ੍ਰਿਯਾਂਸ਼ ਦੀ ਮਿਸ਼ਰਤ ਜੋੜੀ ਨੇ ਭਾਰਤ ਲਈ ਦਿਨ ਦਾ ਦੂਜਾ ਸੋਨ ਤਮਗ਼ਾ ਜਿੱਤਿਆ। ਇਸ ਜੋੜੀ ਨੇ ਇਕ ਤਰਫਾ ਫਾਈਨਲ ਵਿਚ ਥਾਈਲੈਂਡ ਨੂੰ 156-151 ਨਾਲ ਹਰਾਇਆ।
ਜੋਤੀ, ਪ੍ਰਨੀਤ ਅਤੇ ਅਦਿਤੀ ਦੀ ਮਹਿਲਾ ਟੀਮ ਨੇ ਕੰਪਾਊਂਡ ਫਾਈਨਲ ਵਿਚ ਚੀਨੀ ਤਾਈਪੇ ਨੂੰ 234-233 ਨਾਲ ਹਰਾ ਕੇ ਏਸ਼ਿਆਈ ਖੇਡਾਂ ਦੀ ਅਪਣੀ ਸਫ਼ਲਤਾ ਨੂੰ ਦੁਹਰਾਇਆ। ਭਾਰਤ ਨੇ ਪੁਰਸ਼ਾਂ ਦੇ ਵਿਅਕਤੀਗਤ ਕੰਪਾਊਂਡ ਵਰਗ ਵਿਚ ਤੀਜਾ ਕਾਂਸੀ ਦਾ ਤਮਗ਼ਾ ਜਿੱਤਿਆ। ਅਭਿਸ਼ੇਕ ਵਰਮਾ ਨੇ ਦੱਖਣੀ ਕੋਰੀਆ ਦੇ ਜੋ ਜਾਹੂਨ ਨੂੰ 147-146 ਨਾਲ ਹਰਾਇਆ।