ਵਿਕਰਮ ਵੀਰ ਸਿੰਘ ਬਾਵਾ ਨੇ ਗਰੀਸ 'ਚ ਜਿੱਤਿਆ ਆਇਰਨ ਮੈਨ ਦਾ ਖ਼ਿਤਾਬ
ਵਿਕਰਮ ਵੀਰ ਸਿੰਘ ਨੇ ਅਪਣੇ ਖਾਤੇ ਵਿਚ ਹੁਣ ਤਕ ਤਿੰਨ ਖ਼ਿਤਾਬ ਹਾਸਲ ਕੀਤੇ
ਅੰਮ੍ਰਿਤਸਰ (ਸੁਖਵਿੰਦਰਜੀਤ ਸਿੰਘ ਬਹੋੜੂ, ਰਾਜੇਸ਼ ਚੌਧਰੀ ) : ਗੁਰੂ ਘਰਾਂ ਦੀਆਂ ਸੇਵਾ ਨਾਲ ਜੁੜਿਆ ਬਾਵਾ ਪਰਵਾਰ ਲਗਾਤਾਰ ਸਿੱਖੀ ਦੇ ਪ੍ਰਚਾਰ ਪ੍ਰਸਾਰ ਵਿਚ ਸਮਰਪਿਤ ਭਾਵਨਾ ਨਾਲ ਸੇਵਾ ਨਿਭਾ ਰਿਹਾ ਹੈ। ਬਾਵਾ ਗੁਰਿੰਦਰ ਸਿੰਘ ਦੇ ਬੇਟੇ ਵਿਕਰਮ ਵੀਰ ਸਿੰਘ ਬਾਵਾ ਨੇ ਸਿੱਖੀ ਸਰੂਪ ’ਚ ਰਹਿੰਦਿਆ ਗਰੀਸ ਵਿਚ ਆਇਰਨ ਮੈਨ ਦਾ ਖ਼ਿਤਾਬ ਹਾਸਲ ਕੀਤਾ ਹੈ।
ਗਰੀਸ ਵਿਚ ਹੋਏ ਆਈਰਨ ਮੈਨ ਦਾ ਖ਼ਿਤਾਬ ਹਾਸਲ ਕਰ ਕੇ ਬਾਵਾ ਵਿਕਰਮ ਵੀਰ ਸਿੰਘ ਨੇ ਨੌਜੁਵਾਨਾਂ ਨੂੰ ਸਿੱਖੀ ਸਰੂਪ ਕਾਇਮ ਰੱਖਦਿਆ ਹਰੇਕ ਮੁਕਾਮ ਨੂੰ ਹਾਸਲ ਕਰਨ ਦਾ ਸੁਨੇਹਾ ਦਿਤਾ। ਵਿਕਰਮ ਵੀਰ ਸਿੰਘ ਨੇ ਗਰੀਸ ਵਿਚ ਆਇਰਨ ਮੈਨ ਦਾ ਖਿਤਾਬ ਹਾਸਲ ਕਰਦਿਆਂ ਅਪਣੇ ਖਾਤੇ ਵਿਚ ਹੁਣ ਤਕ ਤਿੰਨ ਖ਼ਿਤਾਬ ਹਾਸਲ ਕਰ ਲਏ ਹਨ।
ਬਾਵਾ ਨੇ 2017 ਨੂੰ ਟਰਕੀ ਅਤੇ 2023 ਨੂੰ ਗੋਆ ਵਿਚ ਹੋਏ ਮੁਕਾਬਲਿਆਂ ਵਿਚ ਵੀ ਆਇਰਨ ਮੈਨ ਦਾ ਖ਼ਿਤਾਬ ਹਾਸਲ ਕੀਤਾ ਸੀ। ਵਿਕਰਮ ਵੀਰ ਸਿੰਘ ਨੇ ਦਸਿਆ ਕਿ ਇਸ ਮੁਕਾਬਲੇ ਨੂੰ ਪੂਰਾ ਕਰਨ ਲਈ 1.9 ਕਿਲੋਮੀਟਰ ਸਵਿਮਿੰਗ, 80 ਕਿਲੋਮੀਟਰ ਸਾਈਕਲਿੰਗ ਅਤੇ 21 ਕਿਲੋਮੀਟਰ ਦੌੜ ਦੇ ਮੁਕਾਬਲਿਆਂ ਨੂੰ ਇਕ ਹੀ ਦਿਨ ਵਿਚ ਬਿਨਾਂ ਰੁਕੇ ਪੂਰਾ ਕਰਨਾ ਪੈਂਦਾ ਹੈ।
ਉਨ੍ਹਾਂ ਕਿਹਾ ਕਿ ਉਹ ਨੌਜੁਵਾਨਾਂ ਨੂੰ ਸੁਨੇਹਾ ਦੇਣਾ ਚਾਹੁੰਦੇ ਹਨ ਕਿ ਸਿੱਖੀ ਸਰੂਪ ਵਿਚ ਰਹਿੰਦਿਆਂ ਜਿੱਥੇ ਆਪਾਂ ਵੱਡੇ ਕਾਰੋਬਾਰ ਕਰ ਸਕਦੇ ਹਾਂ, ਉੱਥੇ ਹੀ ਦੁਨੀਆ ਵਿਚ ਹਰ ਤਰ੍ਹਾਂ ਦੇ ਮੁਕਾਬਲਿਆਂ ਵਿਚ ਵੀ ਭਾਗ ਲੈ ਸਕਦੇ ਹਨ।