65ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ - ਅਨੀਸ਼ ਭਾਨਵਾਲਾ ਨੇ ਜਿੱਤੇ 4 ਸੋਨ ਤਮਗੇ

ਏਜੰਸੀ

ਖ਼ਬਰਾਂ, ਖੇਡਾਂ

ਕਈ ਹੋਰ ਖਿਡਾਰੀਆਂ ਨੇ ਵੀ ਕੀਤੇ ਚੰਗੇ ਖੇਡ ਪ੍ਰਦਰਸ਼ਨ 

Image

 

ਭੋਪਾਲ - ਹਰਿਆਣਾ ਦੇ ਅਨੀਸ਼ ਭਾਨਵਾਲਾ ਨੇ ਸ਼ੁੱਕਰਵਾਰ ਨੂੰ ਇੱਥੇ 65ਵੀਂ ਰਾਸ਼ਟਰੀ ਨਿਸ਼ਾਨੇਬਾਜ਼ੀ ਚੈਂਪੀਅਨਸ਼ਿਪ 'ਚ ਪੁਰਸ਼ਾਂ ਦੇ 25 ਮੀਟਰ ਰੈਪਿਡ ਫ਼ਾਇਰ ਪਿਸਟਲ ਮੁਕਾਬਲੇ ਦੇ ਕੁਆਲੀਫ਼ਿਕੇਸ਼ਨ ਦੌਰ 'ਚ ਆਪਣੇ ਹੀ ਰਿਕਾਰਡ ਨੂੰ ਬਿਹਤਰ ਕਰਦੇ ਹੋਏ ਚਾਰ ਸੋਨ ਤਮਗੇ ਜਿੱਤੇ।

ਰੇਲਵੇ ਦੇ ਅਖਿਲ ਸ਼ਿਓਰਾਨ ਅਤੇ ਕਰਨਾਟਕ ਦੇ ਯੁਕਤੀ ਰਾਜੇਂਦਰ ਨੇ ਕ੍ਰਮਵਾਰ ਪੁਰਸ਼ਾਂ ਦੀ 50 ਮੀਟਰ ਰਾਈਫਲ 3 ਪੁਜ਼ੀਸ਼ਨ ਅਤੇ ਔਰਤਾਂ ਦੇ 10 ਮੀਟਰ ਏਅਰ ਰਾਈਫ਼ਲ ਮੁਕਾਬਲਿਆਂ ਵਿੱਚ ਰਾਸ਼ਟਰੀ ਖ਼ਿਤਾਬ ਜਿੱਤੇ। 

ਅਨੀਸ਼ ਨੇ ਪੁਰਸ਼ਾਂ ਅਤੇ ਜੂਨੀਅਰ ਪੁਰਸ਼ਾਂ ਦੇ ਰੈਪਿਡ ਫ਼ਾਇਰ ਖ਼ਿਤਾਬ ਜਿੱਤਣ ਤੋਂ ਇਲਾਵਾ, ਇਨ੍ਹਾਂ ਦੋਵਾਂ ਮੁਕਾਬਲਿਆਂ ਵਿੱਚ ਟੀਮ ਸੋਨ ਤਮਗੇ ਵੀ ਜਿੱਤੇ।

ਕੁਆਲੀਫ਼ਾਇੰਗ ਵਿੱਚ ਉਸ ਨੇ 588 ਦੇ ਆਪਣੇ ਰਾਸ਼ਟਰੀ ਰਿਕਾਰਡ ਸਕੋਰ ਨੂੰ ਸੁਧਾਰਦੇ ਹੋਏ 590 ਅੰਕ ਹਾਸਲ ਕੀਤੇ। ਆਪਣਾ ਪਿਛਲਾ ਰਿਕਾਰਡ ਉਸ ਨੇ ਦਿੱਲੀ ਵਿੱਚ 2019 ਆਈ.ਐੱਸ.ਐੱਸ.ਐਫ਼. ਵਿਸ਼ਵ ਕੱਪ ਵਿੱਚ ਬਣਾਇਆ ਸੀ।

ਪੁਰਸ਼ਾਂ ਦੇ ਸੈਮੀਫ਼ਾਈਨਲ ਵਿੱਚ ਅਨੀਸ਼ ਪੰਜਾਬ ਦੇ ਵਿਜੇਵੀਰ ਸਿੱਧੂ ਤੋਂ ਪਿੱਛੇ ਦੂਜੇ ਸਥਾਨ 'ਤੇ ਸੀ, ਜਿਸ ਦੇ ਕ੍ਰਮਵਾਰ 14 ਅਤੇ 15 ਅੰਕ ਸੀ, ਪਰ ਮੈਡਲ ਮੈਚ ਵਿੱਚ, ਉਹ ਪਾਸਾ ਪਲਟਣ 'ਚ ਸਫ਼ਲ ਰਿਹਾ, ਅਤੇ ਉਸ ਨੇ 28 ਹਿੱਟਾਂ ਨਾਲ ਪਹਿਲਾ ਸਥਾਨ ਹਾਸਲ ਕੀਤਾ। ਵਿਜੇਵੀਰ ਨੇ 27 ਹਿੱਟ ਲਗਾਏ।

ਉੱਤਰਾਖੰਡ ਦੇ ਅੰਕੁਰ ਗੋਇਲ ਨੇ ਕਾਂਸੀ ਦਾ ਤਮਗਾ ਜਿੱਤਿਆ।

ਪੁਰਸ਼ਾਂ ਦੇ ਜੂਨੀਅਰ ਰੈਪਿਡ ਫ਼ਾਇਰ ਈਵੈਂਟ ਵਿੱਚ ਆਦਰਸ਼ ਸਿੰਘ ਨੇ ਚਾਂਦੀ ਅਤੇ ਪੰਜਾਬ ਦੇ ਰਾਜਕੰਵਰ ਸਿੰਘ ਸੰਧੂ ਨੇ ਕਾਂਸੀ ਦਾ ਤਮਗਾ ਜਿੱਤਿਆ।

ਅਨੀਸ਼ ਨੇ ਸਮੀਰ ਅਤੇ ਆਦਰਸ਼ ਦੇ ਨਾਲ ਮਿਲ ਕੇ ਟੀਮ ਈਵੈਂਟ ਵਿੱਚ ਪਹਿਲਾ ਸਥਾਨ ਹਾਸਲ ਕੀਤਾ।

ਰਾਈਫ਼ਲ ਮੁਕਾਬਲਿਆਂ ਵਿੱਚ ਰੇਲਵੇ ਦੇ ਅਖਿਲ ਸ਼ਿਓਰਾਨ ਨੇ ਸਵਪਨਿਲ ਕੁਸਾਲੇ ਨੂੰ 16-6 ਨਾਲ ਹਰਾ ਕੇ ਸੋਨ ਤਮਗਾ ਜਿੱਤਿਆ।