ਹਾਰਦਿਕ ਪਾਂਡਿਆ ਅਤੇ ਕੇਐਲ ਰਾਹੁਲ 'ਤੇ ਦੋ ਵਨਡੇ ਮੈਚਾਂ ਦੇ ਬੈਨ ਦੀ ਸਿਫਾਰਿਸ਼

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਹਾਲ ਹੀ 'ਚ ਇਕ ਟੀਵੀ ਸ਼ੋਅ 'ਚ ਲਡ਼ਕੀਆਂ ਖਿਲਾਫ਼ ਕੀਤੀ ਗਈਆਂ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਟੀਮ ਇੰਡੀਆ ਦੇ ਆਲਰਾਉਂਡਰ ਖਿਡਾਰੀ ਹਾਰਦਿਕ ...

Hardik Pandya, KL Rahul

ਨਵੀਂ ਦਿੱਲੀ : ਹਾਲ ਹੀ 'ਚ ਇਕ ਟੀਵੀ ਸ਼ੋਅ 'ਚ ਲਡ਼ਕੀਆਂ ਖਿਲਾਫ਼ ਕੀਤੀ ਗਈਆਂ ਅਪਮਾਨਜਨਕ ਟਿੱਪਣੀਆਂ ਨੂੰ ਲੈ ਕੇ ਵਿਵਾਦਾਂ ਵਿਚ ਘਿਰੇ ਟੀਮ ਇੰਡੀਆ ਦੇ ਆਲਰਾਉਂਡਰ ਖਿਡਾਰੀ ਹਾਰਦਿਕ ਪਾਂਡਿਆ ਅਤੇ ਓਪਨਿੰਗ ਬੱਲੇਬਾਜ਼ ਕੇਐਲ ਰਾਹੁਲ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਬੀਸੀਸੀਆਈ ਵਿਚ ਨਿਯੁਕਤ ਪ੍ਰਬੰਧਕੀ ਕਮੇਟੀ ਦੇ ਮੁਖੀ ਵਿਨੋਦ ਰਾਏ ਨੇ ਦੋਵਾਂ ਖਿਡਾਰੀਆਂ ਉਤੇ ਦੋ - ਦੋ ਵਨਡੇ ਮੈਚਾਂ ਦੇ ਬੈਨ ਦੀ ਸਿਫਾਰਿਸ਼ ਕੀਤੀ ਹੈ। ਪ੍ਰਬੰਧਕੀ ਕਮੇਟੀ ਦੀ ਦੂਜੀ ਮੈਂਬਰ ਡਾਇਨਾ ਇਡੁਲਜੀ ਨੇ ਇਸ ਮਾਮਲੇ ਨੂੰ ਬੀਸੀਸੀਆਈ ਦੀ ਲੀਗਲ ਸੈਲ ਕੋਲ ਭੇਜ ਦਿਤਾ ਹੈ।  

ਪਾਂਡਿਆ ਦੇ ਕਾਮੈਂਟ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਖੂਬ ਆਲੋਚਨਾ ਹੋਈ ਸੀ ਅਤੇ ਇਸ ਤੋਂ ਬਾਅਦ ਉਨ੍ਹਾਂ ਨੇ ਬੁੱਧਵਾਰ ਨੂੰ ਟਵਿਟਰ 'ਤੇ ਮੁਆਫ਼ੀ ਵੀ ਮੰਗੀ ਸੀ। ਬੀਸੀਸੀਆਈ ਨੇ ਵੀ ਦੋਵਾਂ ਖਿਡਾਰੀਆਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ ਸੀ। ਦੋਵਾਂ ਖਿਡਾਰੀਆਂ ਨੂੰ ਜਵਾਬ ਦੇਣ ਲਈ 24 ਘੰਟੇ ਦਾ ਸਮਾਂ ਦਿਤਾ ਗਿਆ ਸੀ। ਕਾਫ਼ੀ ਵਿਦ ਕਰਣ ਟੀਵੀ ਸ਼ੋਅ 'ਤੇ ਪਾਂਡਿਆ ਦੀਆਂ ਟਿੱਪਣੀਆਂ ਦੀ ਬਹੁਤ ਆਲੋਚਨਾਵਾਂ ਹੋਈਆਂ ਜਿਨ੍ਹਾਂ ਨੂੰ ਲਿੰਗਵਾਦੀ ਕਰਾਰ ਦਿਤਾ ਗਿਆ।  

ਦੋਵਾਂ ਖਿਡਾਰੀਆਂ ਨੇ ਅਪਣੇ ਜਵਾਬ ਵਿਚ ਬੋਰਡ ਅਤੇ ਪ੍ਰਬੰਧਕੀ ਕਮੇਟੀ ਤੋਂ ਮੁਆਫ਼ੀ ਮੰਗੀ ਸੀ। ਖਿਡਾਰੀਆਂ ਦੇ ਜਵਾਬ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਵਿਨੋਦ ਰਾਏ ਨੇ ਕਿਹਾ ਕਿ ਮੈਂ ਹਾਰਦਿਕ ਦੇ ਸਪਸ਼ਟੀਕਰਨ ਤੋਂ ਸਹਿਮਤ ਨਹੀਂ ਹਾਂ ਅਤੇ ਮੈਂ ਦੋਵਾਂ ਖਿਡਾਰੀਆਂ ਉਤੇ ਦੋ ਮੈਚਾਂ ਦੇ ਰੋਕ ਦੀ ਸਿਫਾਰਿਸ਼ ਕੀਤੀ ਹੈ। ਹਾਲਾਂਕਿ ਜਦੋਂ ਡਾਇਨਾ ਇਸ ਮਾਮਲੇ 'ਤੇ ਅਪਣੀ ਹਰੀ ਝੰਡੀ ਦੇਵੇਗੀ, ਉਦੋਂ ਇਸ ਉਤੇ ਅੰਤਮ ਫ਼ੈਸਲਾ ਹੋ ਸਕੇਗਾ। ਭਾਰਤੀ ਟੀਮ ਨੇ ਸ਼ਨਿਚਰਵਾਰ ਨੂੰ ਆਸਟਰੇਲੀਆ ਖਿਲਾਫ਼ 3 ਵਨਡੇ ਮੈਚਾਂ ਦੀ ਸੀਰੀਜ਼ ਖੇਡਣੀਆਂ ਹਨ। ਦੋਵੇਂ ਖਿਡਾਰੀ ਇਸ ਸੀਰੀਜ਼ ਲਈ ਟੀਮ ਦੇ ਨਾਲ ਆਸਟਰੇਲੀਆ ਵਿਚ ਮੌਜੂਦ ਹਨ।