ਖੇਲੋ ਇੰਡੀਆ ਯੁਵਾ ਖੇਡਾਂ ਦੀ ਹੋਈ ਰੰਗਾਰੰਗ ਸ਼ੁਰੁਆਤ, 6000 ਤੋਂ ਜ਼ਿਆਦਾ ਖਿਡਾਰੀ ਲੈ ਰਹੇ ਹਨ ਹਿੱਸਾ

ਏਜੰਸੀ

ਖ਼ਬਰਾਂ, ਖੇਡਾਂ

ਖੇਲੋ ਇੰਡੀਆ ਯੁਵਾ ਖੇਡ (ਕੇਆਈਵਾਈਜੀ) 2019 ਦੀ ਬੁੱਧਵਾਰ ਨੂੰ ਰੰਗਾਰੰਗ ਸ਼ੁਰੁਆਤ ਹੋਈ। ਮਹਾਰਾਸ਼ਟਰ ਦੀ ਸੰਸਕਿ੍ਰਤਕ ਅਤੇ ਤਕਨੀਕੀ ਰਾਜਧਾਨੀ ਨੇ 'ਸੁਆਗਤ ਹੈ' ...

Khelo India Yuva

ਨਵੀਂ ਦਿੱਲੀ : ਖੇਲੋ ਇੰਡੀਆ ਯੁਵਾ ਖੇਡ (ਕੇਆਈਵਾਈਜੀ) 2019 ਦੀ ਬੁੱਧਵਾਰ ਨੂੰ ਰੰਗਾਰੰਗ ਸ਼ੁਰੁਆਤ ਹੋਈ। ਮਹਾਰਾਸ਼ਟਰ ਦੀ ਸੰਸਕਿ੍ਰਤਕ ਅਤੇ ਤਕਨੀਕੀ ਰਾਜਧਾਨੀ ਨੇ 'ਸੁਆਗਤ ਹੈ' ਸੁਨੇਹੇ ਦੇ ਨਾਲ ਇਨ੍ਹਾਂ ਖੇਡਾਂ ਵਿਚ ਹਿੱਸਾ ਲੈਣ ਵਾਲੇ ਖਿਡਾਰੀਆਂ ਅਤੇ ਅਧਿਕਾਰੀਆਂ ਦਾ ਸਵਾਗਤ ਕੀਤਾ। ਮਹਾਰਾਸ਼ਟਰ ਦੇ ਮੁੱਖ ਮੰਤਰੀ ਇੰਦਰ ਫੜ੍ਹਨਵੀਸ ਅਤੇ ਕੇਂਦਰੀ ਖੇਡ ਮੰਤਰੀ ਕਰਨਲ ਰਾਜਵਰਧਨ ਸਿੰਘ ਰਾਠੌੜ ਨੇ ਉਦਘਾਟਨ ਤੋਂ ਪਹਿਲਾਂ ਇਨ੍ਹਾਂ ਖੇਡਾਂ ਦੀ ਵਰਚੁਅਲ ਮਸ਼ਾਲ ਕਬੂਲ ਕੀਤੀ।

ਇਸ ਤੋਂ ਬਾਅਦ ਖਿਡਾਰੀਆਂ ਨੂੰ ਖੇਡ ਭਾਵਨਾ  ਦੀ ਸਹੁੰ ਦਵਾਉਣ ਦੇ ਨਾਲ ਸ਼ਿਵ ਛਤਰਪਤੀ ਸਪੋਰਟਸ ਕੰਪਲੈਕਸ ਵਿਚ ਕੇਆਈਵਾਈਜੀ - 2019 ਦੇ ਢੁਕਵੀਂ ਸ਼ੁਰੁਆਤ ਦੀ ਘੋਸ਼ਣਾ ਦਿੱਤੀ ਗਈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਖਿਡਾਰੀਆਂ ਲਈ ਪ੍ਰਰਕ ਸੁਨੇਹਾ ਭੇਜਿਆ, ਜਿਸ ਵਿਚ ਖੇਡ ਦੇ ਥੀਮ 'ਪੰਜ ਮਿੰਟ ਹੋਰ' ਉਤੇ ਜ਼ੋਰ ਦਿਤਾ ਗਿਆ।  

ਪ੍ਰਧਾਨ ਮੰਤਰੀ ਨੇ ਅਪਣੇ ਸੁਨੇਹੇ ਵਿਚ ਕਿਹਾ ਕਿ ਅਜੋਕੇ ਦੌਰ ਵਿਚ ਸਾਰਿਆਂ ਨੂੰ ਖੇਡਾਂ ਨੂੰ ਦਿਲੋਂ ਅਪਣਾਉਣਾ ਹੋਵੇਗਾ ਅਤੇ ਤੰਦਰੁਸਤ ਜੀਵਨਸ਼ੈਲੀ ਉਤੇ ਜ਼ੋਰ ਦੇਣਾ ਹੋਵੇਗਾ। ਉਦਘਾਟਨ ਸਮਾਗਮ ਵਿਚ ਮਹਾਰਾਸ਼ਟਰ ਦੀ ਸੰਸਕ੍ਰਿਤੀ ਦੀ ਝਲਕ ਦੇਖਣ ਨੂੰ ਮਿਲੀ। ਇਸ ਵਿਚ ਰਾਜ ਦੇ ਵੀਰ ਸਪੁੱਤਰ ਸ਼ਿਵਾਜੀ ਮਹਾਰਾਜ ਦੇ ਬਾਰੇ ਵਿਚ ਦੱਸਿਆ ਗਿਆ, ਜਿਨ੍ਹਾਂ ਦੀ ਵਿਸ਼ਾਲ ਮੂਰਤੀ ਬਾਲੇਵਾੜੀ ਕੰਪਲੈਕਸ ਦੇ ਵਿਚਕਾਰ ਸਥਿਤ ਹੈ।

ਭਾਰਤੀ ਖੇਡ ਅਥਾਰਟੀ ਦੇ ਡਾਇਰੈਕਟਰ ਨੀਲਮ ਕਪੂਰ  ਅਤੇ ਨਾਡਾ ਦੇ ਡਾਇਰੈਕਟਰ ਜਨਰਲ ਨਵੀਨ ਅਗਰਵਾਲ ਉਦਘਾਟਨ ਸਮਾਗਮ ਵਿਚ ਮੌਜੂਦ ਸਨ। ਉਦਘਾਟਨ ਸਮਾਗਮ ਵਿਚ ਕਈ ਖੇਡ ਹਸਤੀਆਂ ਅਤੇ ਕੋਚ ਨੇ ਹਿੱਸਾ ਲਿਆ। ਇਹਨਾਂ ਵਿਚ ਦੋ ਵਾਰ ਓਲੰਪਿਕ ਮੈਡਲ ਜੇਤੂ ਪਹਿਲਵਾਨ ਸੁਸ਼ੀਲ ਕੁਮਾਰ,  ਓਲੰਪਿਕ ਹਾਕੀ ਖਿਡਾਰੀ ਗੁਰਬਖਸ਼ ਸਿੰਘ ਅਤੇ ਅਜੀਤ ਪਾਲ ਸਿੰਘ ਪ੍ਰਮੁੱਖ ਹਨ।

ਇਸ ਤੋਂ ਇਲਾਵਾ ਬੈਡਮਿੰਟਨ ਦਿੱਗਜ ਪੁਲੇਲਾ ਗੋਪੀਚੰਦ, ਨਿਸ਼ਾਨੇਬਾਜ ਗਗਨ ਨਾਰੰਗ, ਅਥਲੀਟ ਸ਼੍ਰੀਰਾਮ ਸਿੰਘ ਅਤੇ ਸ਼ਾਇਨੀ ਵਿਲਸਨ, ਜਿਮਨਾਸਟ ਦੀਪਾ ਕਰਮਾਕਰ ਅਤੇ ਆਸ਼ੀਸ਼ ਕੁਮਾਰ ਅਤੇ ਮਹਿਲਾ ਫੁਟਬਾਲ ਖਿਡਾਰੀ ਬੇਮ ਬੇਮ ਦੇਵੀ ਨੇ ਵੀ ਇਸ ਸਮਾਗਮ ਦੀ ਸ਼ਾਨ ਵਧਾਈ। ਇਸ 12 ਦਿਨਾਂ ਦੇ ਖੇਡ ਮੇਲੇ ਵਿਚ 6000 ਖਿਡਾਰੀ ਹਿੱਸਾ ਲੈ ਰਹੇ ਹਨ। ਇਸ ਵਿਚ ਅੰਡਰ - 17 ਅਤੇ ਅੰਡਰ - 21 ਵਰਗ ਵਿਚ ਕੁੱਲ 18 ਖੇਡਾਂ ਵਿਚ ਖਿਡਾਰੀ ਅਪਣੀ ਕਿਸਮਤ ਅਜ਼ਮਾਉਣਗੇ। ਇਨ੍ਹਾਂ ਖੇਡਾਂ ਵਿਚ ਅਥਲੈਟਿਕਸ, ਬੈਡਮਿੰਟਨ, ਮੁੱਕੇਬਾਜੀ, ਹਾਕੀ, ਫੁਟਬਾਲ, ਕੁਸ਼ਤੀ ਆਦਿ ਸ਼ਾਮਿਲ ਹਨ।