ਨਿਊਜ਼ੀਲੈਂਡ 'ਚ ਇਤਿਹਾਸ ਰਚਣ ਉਤਰੇਗਾ ਭਾਰਤ

ਸਪੋਕਸਮੈਨ ਸਮਾਚਾਰ ਸੇਵਾ

ਖ਼ਬਰਾਂ, ਖੇਡਾਂ

ਮੌਜੂਦਾ ਸੈਸ਼ਨ 'ਚ ਸਫ਼ਲਤਾ ਦੇ ਕਈ ਝੰਡੇ ਗੱਡਣ ਵਾਲੀ ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਦੇ ਖਿਲਾਫ਼ ਐਤਵਾਰ ਨੂੰ ਲੜੀ ਦੇ ਤੀਜੇ ਅਤੇ ਅੰਤਿਮ ਟੀ-20.....

Virat Kholi & Kane Williamson with T20 trophy

ਹੈਮਿਲਟਨ : ਮੌਜੂਦਾ ਸੈਸ਼ਨ 'ਚ ਸਫ਼ਲਤਾ ਦੇ ਕਈ ਝੰਡੇ ਗੱਡਣ ਵਾਲੀ ਭਾਰਤੀ ਕ੍ਰਿਕਟ ਟੀਮ ਨਿਊਜ਼ੀਲੈਂਡ ਦੇ ਖਿਲਾਫ਼ ਐਤਵਾਰ ਨੂੰ ਲੜੀ ਦੇ ਤੀਜੇ ਅਤੇ ਅੰਤਿਮ ਟੀ-20 ਕੌਮਾਂਤਰੀ ਮੈਚ ਨੂੰ ਜਿੱਤ ਕੇ ਵਿਦੇਸ਼ੀ ਜ਼ਮੀਨ 'ਤੇ ਇਕ ਹੋਰ ਨਵੀਂ ਇਬਾਰਤ ਲਿਖਣਾ ਚਾਹੇਗੀ। ਪਿਛਲੇ ਤਿੰਨ ਮਹੀਨੇ ਭਾਰਤੀ ਟੀਮ ਲਈ ਸ਼ਾਨਦਾਰ ਰਹੇ ਹਨ। ਇਸ ਦੌਰਾਨ ਭਾਰਤ ਨੇ ਆਸਟਰੇਲੀਆ 'ਚ ਟੈਸਟ ਲੜੀ ਅਪਣੇ ਨਾਂ ਕੀਤੀ। ਇਸ ਤੋਂ ਬਾਅਦ ਟੀਮ ਨੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਨੂੰ ਉਨ੍ਹਾਂ ਦੇ ਘਰ 'ਚ ਹਰਾ ਕੇ ਦੋ ਪੱਖੀ ਇਕ ਰੋਜ਼ਾ ਸੀਰੀਜ਼ 'ਚ ਜਿੱਤ ਹਾਸਲ ਕੀਤੀ।

ਭਾਰਤੀ ਟੀਮ ਵਿਦੇਸ਼ੀ ਧਰਤੀ 'ਤੇ ਮੌਜੂਦਾ ਸੈਸ਼ਨ ਦਾ ਅੰਤ ਪਹਿਲੀ ਵਾਰ ਨਿਊਜ਼ੀਲੈਂਡ 'ਚ ਦੋ ਪੱਖੀ ਟੀ-20 ਕੌਮਾਂਤਰੀ ਲੜੀ 'ਚ ਜਿੱਤ ਦੇ ਨਾਲ ਕਰਨਾ ਚਾਹੇਗੀ। ਲੜੀ 1-1 ਦੀ ਬਰਾਬਰੀ 'ਤੇ ਹੈ ਅਤੇ ਅਜਿਹੇ 'ਚ ਐਤਵਾਰ ਦਾ ਦਿਨ ਪ੍ਰਸ਼ੰਸਕਾਂ ਲਈ ਸੁਪਰ ਸੰਡੇ ਹੋਵੇਗਾ। ਹੈਮਿਲਟਨ ਮੈਦਾਨ ਦੀ ਪਿੱਚ ਤੋਂ ਹਾਲਾਂਕਿ ਭਾਰਤ ਨੂੰ ਸਾਵਧਾਨ ਰਹਿਣਾ ਹੋਵੇਗਾ। ਇਸ ਮੈਦਾਨ 'ਤੇ ਚੌਥੇ ਇਕ ਰੋਜ਼ਾ ਮੈਚ 'ਚ ਟ੍ਰੇਂਟ ਬੋਲਟ ਦੀ ਅਗਵਾਈ 'ਚ ਸਵਿੰਗ ਗੇਂਦਬਾਜ਼ਾਂ ਦੇ ਦਮਦਾਰ ਪ੍ਰਦਰਸ਼ਨ ਨਾਲ ਨਿਊਜ਼ੀਲੈਂਡ ਨੇ ਭਾਰਤੀ ਪਾਰੀ ਨੂੰ ਸਿਰਫ 92 ਦੌੜਾਂ ਦੇ ਸਮੇਟ ਦਿਤਾ ਸੀ। 

ਐਤਵਾਰ ਨੂੰ ਹਾਲਾਤ ਅਲਗ ਤਰ੍ਹਾਂ ਦੇ ਹੋਣਗੇ ਅਤੇ ਟੀਮ ਲਈ ਵਿਦੇਸ਼ੀ ਧਰਤੀ 'ਤੇ ਚੁਣੌਤੀਪੂਰਨ ਹਾਲਾਤ 'ਚ ਇਕ ਹੋਰ ਲੜੀ ਜਿੱਤਣ ਨਾਲੋਂ ਵੱਡੀ ਪ੍ਰੇਰਣਾ ਸ਼ਾਇਦ ਹੀ ਕੁਝ ਹੋਵੇ। ਭਾਰਤੀ ਤੇਜ਼ ਗੇਂਦਬਾਜ਼ ਖਲੀਲ ਅਹਿਮਦ ਨੇ ਐਤਵਾਰ ਨੂੰ ਚੰਗੇ ਪ੍ਰਦਰਸ਼ਨ ਦਾ ਭਰੋਸਾ ਜਤਾਉਂਦੇ ਹੋਏ ਕਿਹਾ, ''ਅਸੀਂ ਹੈਮਿਲਟਨ 'ਚ ਖੇਡਿਆ ਹੈ ਅਤੇ ਜਿਥੇ ਤੱਕ ਪਿੱਚ ਦੀ ਗੱਲ ਹੈ ਤਾਂ ਇਸ 'ਚ ਕੋਈ ਹੈਰਾਨ ਕਰਨ ਵਾਲੀ ਚੀਜ਼ ਨਹੀਂ ਹੋਵੇਗੀ। ਇਸ ਤੋਂ ਇਲਾਵਾ ਦੂਜੇ ਟੀ-20 ਨੂੰ ਜਿੱਤਣ ਦੇ ਬਾਅਦ ਅੰਤਿਮ ਮੈਚ ਲਈ ਸਾਡਾ ਆਤਮਵਿਸ਼ਵਾਸ ਜ਼ਿਆਦਾ ਹੋਵੇਗਾ। ਅਸੀਂ ਪਹਿਲੇ ਮੈਚ 'ਚ ਕੀਤੀਆਂ ਗਈਆਂ ਗ਼ਲਤੀਆਂ 'ਚ ਸੁਧਾਰ ਕੀਤਾ ਹੈ।

ਟੀਮ ਦੇ ਕਾਰਜਵਾਹਕ ਕਪਤਾਨ ਰੋਹਿਤ ਸ਼ਰਮਾ ਟੀ-20 ਕੌਮਾਂਤਰੀ ਮੁਕਾਬਲਿਆਂ 'ਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਖਿਡਾਰੀ ਬਣ ਗਏ ਹਨ। ਉਹ ਤੀਜੇ ਮੈਚ 'ਚ ਅਪਣੀ ਪਾਰੀ ਨੂੰ ਉੱਥੋਂ ਹੀ ਸ਼ੁਰੂ ਕਰਨਾ ਚਾਹੁਣਗੇ ਜਿਥੇ 29 ਗੇਂਦਾਂ 'ਚ 50 ਦੌੜਾਂ ਦੀ ਉਨ੍ਹਾਂ ਦੀ ਪਾਰੀ ਖ਼ਤਮ ਹੋਈ ਸੀ। ਸਲਾਮੀ ਬੱਲੇਬਾਜ਼ਾਂ 'ਚ ਉਨ੍ਹਾਂ ਦੇ ਜੋੜੀਦਾਰ ਸ਼ਿਖਰ ਧਵਨ ਨੇ ਵੀ ਆਕਲੈਂਡ 'ਚ ਫਾਰਮ 'ਚ ਆਉਣ ਦੇ ਸੰਕੇਤ ਦਿਤੇ ਹਨ। ਮੱਧਕ੍ਰਮ ਦੀ ਜ਼ਿੰਮੇਵਾਰੀ ਅਨੁਭਵੀ ਮਹਿੰਦਰ ਸਿੰਘ ਧੋਨੀ ਦੇ ਮੋਢਿਆਂ 'ਤੇ ਹੋਵੇਗੀ ਅਤੇ ਟੀਮ ਰਿਸ਼ਭ ਪੰਤ ਤੋਂ ਇਕ ਹੋਰ ਵੱਡੀ ਪਾਰੀ ਦੀ ਉਮੀਦ ਕਰੇਗੀ।